ਰਾਮਪੁਰਾ ਫੂਲ- ਇਥੋਂ ਨਜ਼ਦੀਕ ਪਿੰਡ ਲਹਿਰਾ ਧੂਰਕੋਟ ਦੇ ਬੱਸ ਸਟੈਂਡ ਕੋਲ ਬੀਤੇ ਦਿਨ ਸੜਕ ਹਾਦਸੇ ਵਿੱਚ ਕੋਟੜਾ ਕੌੜਾ ਦੇ ਦੋ ਨੌਜਵਾਨਾਂ ਦੀ ਮੌਤ ਤੋਂ ਬਾਅਦ ਨਾਰਾਜ਼ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਧਰਨਾਕਾਰੀਆਂ ਨੇ ਸੜਕ ’ਤੇ ਲੰਗਰ ਦਾ ਬੰਦੋਬਸਤ ਕਰ ਲਿਆ ਹੈ। ਉਨ੍ਹਾਂ ਕਿਹਾ ਹੈ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ। ਸੁਖਵਿੰਦਰ ਸਿੰਘ ਫੌਜੀ (26) ਪੁੱਤਰ ਜੱਗਾ ਸਿੰਘ ਅਤੇ ਸੁਰਿੰਦਰ ਸਿੰਘ (20) ਪੁੱਤਰ ਸ਼ੇਰ ਸਿੰਘ ਆਪਣੇ ਪਿੰਡ ਕੋਟੜਾ ਕੌੜਾ ਆ ਰਹੇ ਸਨ ਕਿ ਰਸਤੇ ਵਿੱਚ ਨੈਸ਼ਨਲ ਹਾਈਵੇਅ ਉੱਪਰ ਪਿੰਡ ਲਹਿਰਾ ਧੂਰਕੋਟ ਦੇ ਬੱਸ ਸਟੈਂਡ ਕੋਲ ਗਲਤ ਪਾਸੇ ਤੋਂ ਆ ਰਹੇ ਟਰੈਕਟਰ-ਟਰਾਲੀ ਦੀ ਫੇਟ ਵੱਜਣ ਕਾਰਨ ਇੱਕ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਸੀ ਤੇ ਟਰੈਕਟਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ ਸਨ। ਦੂਜਾ ਨੌਜਵਾਨ ਸੜਕ ’ਤੇ ਦੂਰ ਜਾ ਡਿੱਗਿਆ ਤੇ ਪਿੱਛੋਂ ਆ ਰਹੀ ਬੱਸ ਨੇ ਨੌਜਵਾਨ ਨੂੰ ਆਪਣੇ ਹੇਠ ਦੇ ਦਿੱਤਾ। ਪਿੰਡ ਵਾਸੀਆਂ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਾਅਦ ਦੁਪਹਿਰ 1 ਵਜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾ ਦਿੱਤਾ। ਯੂਨੀਅਨ ਆਗੂ ਕਾਕਾ ਸਿੰਘ ਕੌਟੜਾ ਕੋੜਾ ਨੇ ਦੱਸਿਆ ਕਿ ਜਿੰਨਾ ਸਮਾਂ ਬੱਸ ਅਤੇ ਟਰੈਕਟਰ ਚਾਲਕਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਨੌਜਵਾਨਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਥਾਣਾ ਸਿਟੀ ਦੇ ਐੱਸਐੱਚਓ ਦੀ ਬਦਲੀ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਸੁਖਦੇਵ ਸਿੰਘ ਜਵੰਧਾ, ਮੋਠੂ ਸਿੰਘ ਸੀਨੀਅਰ ਮੀਤ ਪ੍ਰਧਾਨ ਉਗਰਾਹਾਂ, ਬਲਦੇਵ ਸਿੰਘ, ਜਗਸੀਰ ਸਿੰਘ ਤੇ ਸਰਪੰਚ ਸੁਖਪ੍ਰੀਤ ਸਿੰਘ ਧਰਨੇ ਵਿਚ ਸ਼ਾਮਲ ਸਨ।
INDIA ਦੋ ਨੌਜਵਾਨਾਂ ਦੀ ਮੌਤ: ਕੋਟੜਾ ਕੌੜਾ ਦੇ ਵਾਸੀ ਨਹੀਂ ਭਰਨਗੇ ਕੌੜਾ ਘੁੱਟ