ਸਿਆਸੀ ਕਤਲ: ਐੱਸਐੱਸਪੀ ਦਾ ਦਫ਼ਤਰ ਘੇਰੇਗਾ ਅਕਾਲੀ ਦਲ

ਮਜੀਠਾ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਵੱਲੋਂ ਕਿਸੇ ਨਾ ਕਿਸੇ ਬਹਾਨੇ ਅਕਾਲੀ ਵਰਕਰਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੈਗਸਟਰਾਂ ਦਾ ਮੁਖੀ ਗਰਦਾਨਿਆ ਹੈ। ਸ੍ਰੀ ਬਾਦਲ ਅੱਜ ਇੱਥੋਂ ਨੇੜਲੇ ਪਿੰਡ ਵਡਾਲਾ ਦੀ ਦਾਣਾ ਮੰਡੀ ਵਿਚ ਗੈਗਸਟਰਾਂ ਵੱਲੋਂ ਕਤਲ ਕੀਤੇ ਗਏ ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਉਮਰਪੁਰਾ ਨਮਿਤ ਅੰਤਿਮ ਅਰਦਾਸ ’ਚ ਸ਼ਾਮਿਲ ਹੋਣ ਆਏ ਸਨ। ਉਨ੍ਹਾਂ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕਿਹਾ ਕਿ ਬਾਬਾ ਗੁਰਦੀਪ ਸਿੰਘ ਦਾ ਸਿਆਸੀ ਕਤਲ ਕੀਤਾ ਗਿਆ ਹੈ। ਉਨ੍ਹਾਂ ਤਾੜਨਾ ਕਰਦਿਆਂ ਅਤੇ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਦਸ ਦਿਨ ਦਾ ਸਮਾਂ ਦਿੰਦਿਆਂ ਕਿਹਾ ਕਿ ਜੇ ਕਾਤਲ ਫੜੇ ਨਹੀਂ ਜਾਂਦੇ ਤਾਂ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਰਾਜ ਵਿਚ ਨਸ਼ਿਆਂ ਦੇ ਵਾਧੇ ਅਤੇ ਅਮਨ ਕਾਨੂੰਨ ਦੀ ਪੇਤਲੀ ਹਾਲਤ ਲਈ ਵੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਰਫ਼ ਨਾਮ ਦਾ ਹੈ, ਅਮਨ ਕਾਨੂੰਨ ਦੀ ਮਾੜੀ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਨੇ ਕਦੀ ਡੀਜੀਪੀ ਜਾਂ ਹੋਰ ਸਬੰਧਿਤ ਅਧਿਕਾਰੀਆਂ ਦੀ ਕਦੀ ਕੋਈ ਮੀਟਿੰਗ ਨਹੀਂ ਲਈ। ਉਨ੍ਹਾਂ ਕਿਹਾ ਕਿ ਥਾਣਿਆਂ ਵਿਚੋਂ ਇਮਾਨਦਾਰ ਅਫ਼ਸਰਾਂ ਨੂੰ ਹਟਾ ਕੇ ਆਪਣੇ ਚਹੇਤਿਆਂ ਨੂੰ ਲਗਾਇਆ ਜਾ ਰਿਹਾ ਹੈ ਪਰ ਅਕਾਲੀ ਸਰਕਾਰ ਆਉਣ ’ਤੇ ਜ਼ੁਲਮ ਕਰਨ ਵਾਲੇ ਅਫ਼ਸਰਾਂ ਨੂੰ ਟੰਗਿਆ ਜਾਵੇਗਾ।

Previous articleਦੋ ਨੌਜਵਾਨਾਂ ਦੀ ਮੌਤ: ਕੋਟੜਾ ਕੌੜਾ ਦੇ ਵਾਸੀ ਨਹੀਂ ਭਰਨਗੇ ਕੌੜਾ ਘੁੱਟ
Next articleNo fear, jail will be a new experience: Aishe Ghosh