ਦੋਹੇ (ਆਖਾਂ ਵਾਰਿਸ ਸ਼ਾਹ ਨੂੰ)

ਰਜਿੰਦਰ ਸਿੰਘ ਰਾਜਨ

ਸਮਾਜ ਵੀਕਲੀ

ਆਖਾਂ ਵਾਰਿਸ ਸ਼ਾਹ ਨੂੰ, ਵੇਖੀਂ ਜ਼ਰਾ ਮਹੌਲ।
ਸੁਣ ਸੁਣ ਖ਼ਬਰਾਂ ਕੰਬਦੇ , ਡਰ ਡਰ ਪੈਂਦੇ ਹੌਲ ।

ਸੱਚੀਂ ਸੰਨਾਟਾ ਛਾ ਗਿਆ,ਮੰਦੜੇ ਸਾਡੇ ਹਾਲ।
ਬੁਰੀ ਸਥਿਤੀ ਦੱਸਦੀ, ਭਰੇ ਨੇ ਹਸਪਤਾਲ।

ਦਰਦਮੰਦਾ ਤੂੰ ਦੱਸ ਦੇ , ਲੋਕੀਂ ਕਿਸ ਨੂੰ ਕਹਿਣ ।
ਹਾਕਮ ਬਹਿਰਾ ਹੋ ਗਿਆ, ਸੁਣੇ ਨਾ ਕੋਈ ਵੈਣ ।

ਆਖਣ ਜੇ ਸਰਕਾਰ ਨੂੰ, ਦੇਵੀਂ ਕੋਈ ਜਵਾਬ ।
ਰੁੜ੍ਹਦੀਆਂ ਲਾਸ਼ਾਂ ਵੇਖ ਕੇ , ਰੌਲਾ ਪਾਏ ਪੰਜਾਬ ।

ਹੱਥੋਂ ਤੋਤੇ ਉਡਣੇ , ਆਈਂ ਤੂੰ ਸ਼ਮਸ਼ਾਨ,
ਸਿਵੇ ਕਤਾਰਾਂ ਲੱਗੀਆਂ , ਭਰੇ ਨੇ ਕਬਰਸਤਾਨ ।

ਭੁੱਲ ਜਾ ਮਨ ਕੀ ਬਾਤ ਤੂੰ, ਅਗਲਾ ਵਰਕਾ ਫੋਲ।
ਛੱਡ ਦੇ ਟਾਲ ਮਟੋਲ ਨੂੰ, ਦਿਲ ਦੀ ਘੁੰਡੀ ਖੋਲ੍ਹ ।

ਭਰਮ ਤੜੱਕ ਕਰ ਟੁੱਟਣੇ ,ਚੜੀ ਸੁਨਾਮੀ ਵੇਖ ।
ਬੁਰੇ ਕਿਓਂ ਸੀ ਲਿਖਣੇ , ਮਿੱਤਰਾ ਸਾਡੇ ਲੇਖ।

ਮਾਡਲ ਖੇਰੂੰ ਹੋ ਗਿਆ, ਉਠਦਾ ਮਨ ਸਵਾਲ ।
ਮਾਰ ਕੁਵੇਲੇ ਟੱਕਰਾਂ , ਵਕਤ ਰਹੇ ਹਾਂ ਟਾਲ।

ਵਾਰਾਂ ਕਿੱਸੇ ਵਿਸਰੇ , ਖ਼ਤਰੇ ਵਿੱਚ ਨੇ ਖੇਤ ।
ਜਾਣਿਆ ਜਿਸਨੂੰ ਆਪਣਾ , ਟੱਕਰੇ ਬਣ ਪ੍ਰੇਤ ।

ਕਿਹੜੀ ਦੱਸ ਮਜ਼ਾਰ ਤੇ, ਕਰੀਏ ਜਾ ਫਰਿਆਦ ।
ਵਕਤ ਮਸ਼ਕਰੀ ਕਰ ਗਿਆ,ਮੁੜ ਸੰਤਾਲੀ ਯਾਦ ।

ਬਦਤਰ ਹੁਣ ਹਾਲਾਤ ਨੇ , ਰੁਲਦਾ ਵੇਖ ਗੁਲਾਬ ।
ਫੈਲੀ ਕਿੱਦਾਂ ਭੁੱਖਮਰੀ , ਦੇਵੀਂ ਜ਼ਰਾ ਜਵਾਬ ।

ਰੁਦਨ ਹਵਾਵਾਂ ਦੱਸਦੀਆਂ,ਮੁੱਕਗੇ ਬੇਲੇ ਬਾਗ਼ ।
ਲੋਕ ਬਣੇ ਨੇ ਲਾਲਚੀ, ਜਿਓਂ ਬੁੱਕਲ ਚ ਨਾਗ਼ ।

ਸਿਸਟਮ ਹੋਇਆ ਫੇਲ ਏ, ਤੂੰ ਹੀ ਕਰ ਅਰਦਾਸ ।
ਤਾਣਾ ਬਾਣਾ ਡੋਲਿਆ, ਤੇਰੇ ਤੇ ਇਕ ਆਸ।

ਮਿਰਚਾਂ ਸੁੱਟ ਤੂੰ ਅੱਗ ਤੇ, ਮੰਗ ਲੋਕਾਂ ਦੀ ਖ਼ੈਰ।
ਦਰ ਦਰ ਖਾਵਣ ਠੋਕਰਾਂ,ਅੰਗ ਸੰਗ ਫੈਲੀ ਜ਼ਹਿਰ।

ਰਸਤਿਆਂ ਦੇ ਵਿੱਚ ਰੁਲ ਰਹੇ, ਫੁੱਟੇ ਵੇਖ ਨਸੀਬ,
ਦੋ ਗਜ਼ ਕੱਫ਼ਨ ਨਾ ਮਿਲੇ,ਨਾ ਹੀ ਕੋਈ ਕਰੀਬ।

ਮਾਂ ਬੋਲੀ ਦਿਆ ਵਾਰਸਾ,ਬਣ ਲੋਕਾਂ ਦਾ ਯਾਰ।
ਅੱਖੀਂ ਦਰਦ ਨੁੱਚੜ ਦੇ, ਜ਼ਿੰਦਗੀ ਜਾਂਦੇ ਹਾਰ।

ਕਿਸ ਨੂੰ ਦੱਸਣ ਚੀਕ ਕੇ, ਝੰਬੇ ਲੋਕ ਲਚਾਰ,
ਘਰ ਅੰਦਰ ਭੁੱਖ ਮਾਰਦੀ, ਬਾਹਰ ਪੁਲਿਸ ਦੀ ਮਾਰ।

ਸਭ ਨੇ ਕੈਦੋ ਬਣ ਗਏ, ਹੁਸਨ ਇਸ਼ਕ ਦੇ ਚੋਰ,
ਕਿੱਥੋਂ ਲਿਆਈਏ ਲੱਭ ਕੇ, ਵਾਰਿਸ ਸ਼ਾਹ ਇਕ ਹੋਰ।

ਰਜਿੰਦਰ ਸਿੰਘ ਰਾਜਨ

9653885032

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਅੰਦੋਲਨ ਵਿਚ ‘ਆਪਣਾ ਸਸਤਾ ਸਟੋਰ ਭੋਗਪੁਰ ‘ ਨੇ ਪਾਇਆ ਯੋਗਦਾਨ
Next articleਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਇਕ ਅਹਿਮ ਮੀਟਿੰਗ ਆਯੋਜਿਤ