ਦੋਰਾਹਾ-ਰਾਮਪੁਰ ਸੜਕ ’ਤੇ ਅੱਜ ਦੁਪਹਿਰੇ ਸਾਢੇ ਬਾਰਾਂ ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਕਾਰ ਬੇਕਾਬੂ ਹੋਣ ਕਰਕੇ ਵਾਪਰਿਆ। ਮਾਰੇ ਗਏ ਨੌਜਵਾਨ 22 ਤੋਂ 25 ਸਾਲ ਦੇ ਸਨ ਤੇ ਕਟਾਣੀ ਕਾਲਜ ਵਿੱਚ ਪੜ੍ਹਦੇ ਸਨ। ਜਾਣਕਾਰੀ ਅਨੁਸਾਰ ਚਾਰ ਨੌਜਵਾਨ ਨੀਲੋਂ ਸਾਈਡ ਤੋਂ ਆਪਣੀ ਕਾਰ (ਨੰ.ਪੀਬੀ.63.ਏ-7979) ਵਿੱਚ ਨਹਿਰ ਦੇ ਨਾਲ ਨਾਲ ਦੋਰਾਹਾ ਵੱਲ ਆ ਰਹੇ ਸਨ। ਜਿਉਂ ਹੀ ਕਾਰ ਪਿੰਡ ਰਾਮਪੁਰ ਦੇ ਪੁਲ ਤੋਂ ਦੋਰਾਹਾ ਵੱਲ ਨੂੰ ਮੁੜੀ ਤਾਂ ਬੇਕਾਬੂ ਹੋ ਗਈ ਤੇ ਸੜਕ ਨੇੜੇ ਬਣੀ ਡਰੇਨ ਪੁਲੀ ਦੀ ਕੰਧ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਦੋ ਹਿੱਸੇ ਹੋ ਗਏ। ਕਾਰ ਦਾ ਇੱਕ ਹਿੱਸਾ ਨਾਲ ਲਗਦੇ ਖ਼ਤਾਨਾਂ ਵਿੱਚ ਜਾ ਡਿੱਗਿਆ, ਜਦੋਂ ਕਿ ਦੂਜਾ ਹਿੱਸਾ ਸੜਕ ਕਿਨਾਰੇ ਪਿਆ ਸੀ। ਚਾਰੇ ਨੌਜਵਾਨਾਂ ਦੀ ਥਾਏਂ ਮੌਤ ਹੋ ਗਈ। ਪੀੜਤ ਨੌਜਵਾਨਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਭਮਾਂ ਕਲਾਂ, ਭਵਨਜੋਤ ਸਿੰਘ ਉਰਫ਼ ਜੋਤਾ ਪੁੱਤਰ ਬੂਟਾ ਸਿੰਘ ਵਾਸੀ ਭਮਾਂ ਕਲਾਂ, ਤੇਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਭਗਵਾਨਪੁਰਾ ਨੇੜੇ ਸਮਰਾਲਾ ਅਤੇ ਪਰਮਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਮਾਦਪੁਰ ਵਜੋਂ ਹੋਈ ਹੈ। ਇਨ੍ਹਾਂ ’ਚੋਂ ਜਸ਼ਨਪ੍ਰੀਤ ਤੇ ਭਵਨਜੋਤ ਆਪਣੇ ਮਾਪਿਆਂ ਦੇ ਇਕਲੌਤੇ ਪੁੱਤ ਸਨ।