ਦੋਆਬੇ ਵਿੱਚ ਠੰਡ ਦਾ ਕਹਿਰ , ਸੰਘਣੀ ਧੁੰਦ ਨਾਲ ਸੜ੍ਹਕ ਤੇ ਲੱਗੇ ਜਾਮ

ਫੋਟੋ ਕੈਪਸ਼ਨ :- ਐਸਪੀ ਟ੍ਰੈਫ਼ਿਕ ਜਸਵੀਰ ਸਿੰਘ ਕਪੂਰਥਲਾ ।

ਧੁੰਦ ਵਿੱਚ ਸਫ਼ਰ ਮੌਕੇ ਲੋਕ ਵਰਤਣ ਕੁਝ ਸਾਵਧਾਨੀਆਂ- ਐਸਪੀ ਟ੍ਰੈਫ਼ਿਕ ਜਸਵੀਰ ਸਿੰਘ ਕਪੂਰਥਲਾ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ) ਪਿਛਲੇ ਕੁਝ ਦਿਨਾਂ ਤੋਂ ਦੁਆਬੇ ਵਿੱਚ ਲਗਾਤਾਰ ਠੰਡ ਦਾ ਪਰਕੋਪ ਵੱਧਦਾ ਜਾ ਰਿਹਾ ਹੈ ਤੇ ਸੜ੍ਹਕ ਤੇ ਸੰਘਣੀ ਧੁੰਦ ਕਾਰਨ ਆਵਾਜਾਈ ਵਿੱਚ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਸੰਬੰਧ ਵਿੱਚ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਐਸਪੀ ਟ੍ਰੈਫ਼ਿਕ ਜਸਵੀਰ ਸਿੰਘ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਧੁੰਦ ਦੇ ਕਾਰਨ ਸੜਕਾਂ ’ਤੇ ਦੁਰਘਟਨਾਵਾਂ ਵੱਧ ਜਾਂਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ।

ਮੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਧੁੰਦ ਵਿੱਚ ਦੁਰਘਟਨਾਵਾਂ ਤੋਂ ਬਚਾਅ ਲਈ ਵਾਹਨ ਚਾਲਕ ਮੌਸਮ ਦੇ ਪੂਰਵ ਅਨੁਮਾਨ ਦੀ ਜਾਂਚ ਕਰਨ ਉਪਰੰਤ ਹੀ ਯਾਤਰਾ ’ਤੇ ਨਿਕਲਣ । ਵਾਹਨ ਚਾਲਕ ਆਪਣੇ ਵਾਹਨਾਂ ਦੀ ਚੰਗੀ ਹਾਲਤ ਦੇ ਨਾਲ-ਨਾਲ ਹੈੱਡਲਾਈਟ, ਟੇਲ ਲਾਈਟ, ਫੌਗ ਲਾਈਟ, ਇੰਡੀਕੇਟਰ ਅਤੇ ਰਿਫਲੈਕਟਰ ਸਹਿਤ ਬ੍ਰੇਕ, ਟਾਇਰ, ਵਿੰਡ ਸਕ੍ਰੀਨ ਵਾਈਪਰ, ਬੈਟਰੀ ਅਤੇ ਕਾਰ ਹੀਟਿੰਗ ਸਿਸਟਮ ਨੂੰ ਵੀ ਚਾਲੂ ਹਾਲਤ ਵਿੱਚ ਰੱਖਣਾ ਸੁਨਿਸ਼ਚਿਤ ਕਰਨ। ਜ਼ਿਆਦਾ ਧੁੰਦ ਦੀ ਚਿਤਾਵਨੀ ’ਤੇ ਯਾਤਰਾ ਨੂੰ ਮੌਸਮ ਸਾਫ ਹੋਣ ਤੱਕ ਟਾਲਣ ਦੀ ਕੋਸ਼ਿਸ਼ ਕੀਤੀ ਜਾਵੇ।

ਵਾਹਨ ਚਾਲਕ ਧੁੰਦ ਵਿੱਚ ਵਾਹਨਾਂ ਨੂੰ ਲੋਅ-ਬੀਮ ’ਤੇ ਚਲਾਉਣ ਕਿਉਂਕਿ ਧੁੰਦ ਦੇ ਦੌਰਾਨ ਹਾਈ-ਬੀਮ ਕਾਰਗਰ ਨਹੀਂ ਹੁੰਦਾ। ਧੁੰਦ ਦੇ ਦੌਰਾਨ ਫੌਗ ਲਾਈਟਾਂ, ਗੱਡੀਆਂ ਦੀ ਨਿਰਧਾਰਤ ਸਪੀਡ ਅਤੇ ਵਾਹਨਾਂ ਦੇ ਵਿੱਚ ਉਚਿਤ ਦੂਰੀ ਰੱਖੀ ਜਾਵੇ ਅਤੇ ਸੜਕਾਂ ’ਤੇ ਅੰਕਿਤ ਸਫੇਦ ਪੱਟੀਆਂ ਨੂੰ ਇੱਕ ਮਾਰਗ ਦਰਸ਼ਕ ਦੇ ਰੂਪ ਵਿੱਚ ਧਿਆਨ ਵਿੱਚ ਰੱਖਦੇ ਹੋਏ ਵਾਹਨ ਚਲਾਇਆ ਜਾਵੇ। ਵਾਹਨਾਂ ਦੇ ਸ਼ੀਸ਼ੇ ਉਚਿਤ ਮਾਤਰਾ ਤੱਕ ਥੱਲੇ ਰੱਖੇ ਜਾਣ ਅਤੇ ਸੰਕਟ ਸਥਿਤੀ ਵਿੱਚ ਜੇਕਰ ਵਾਹਨ ਨੂੰ ਰਸਤੇ ਵਿੱਚ ਰੋਕਣਾ ਪਵੇ ਤਾਂ ਜਿੱਥੋਂ ਤੱਕ ਸੰਭਵ ਹੋਵੇ ਵਾਹਨ ਨੂੰ ਸੜਕ ਤੋਂ ਹੇਠਾਂ ਉਤਾਰ ਕੇ ਖੜਾ ਕੀਤਾ ਜਾਵੇ। ਧੁੰਦ ਵਿੱਚ ਵਾਹਨ ਚਲਾਉਂਦੇ ਹੋਏ ਗ਼ੈਰ-ਜ਼ਰੂਰੀ ਓਵਰਟੇਕਿੰਗ ਨਾ ਕੀਤੀ ਜਾਵੇ, ਲੇਨ ਨਾ ਬਦਲੀ ਜਾਵੇ ਅਤੇ ਭੀੜ ਵਾਲੀਆਂ ਸੜਕਾਂ ’ਤੇ ਵਾਹਨ ਨੂੰ ਰੋਕਣ ਤੋਂ ਬਚਿਆ ਜਾਵੇ। ਜਿਲ੍ਹਾ ਟ੍ਰੈਫ਼ਿਕ ਪੁਲਿਸ ਵੱਲੋਂ ਲੋਕਾਂ ਦੀ ਸੜ੍ਹਕ ਸੁਰੱਖਿਆ ਯਕੀਨੀ ਬਣਾਉਣ ਲਈ ਦੇਰ ਰਾਤ ਤੱਕ ਚੈਕਿੰਗ ਕੀਤੀ ਜਾ ਰਹੀ ਹੈ ।

Previous articleਕਪੂਰਥਲਾ ਪੁਲਿਸ ਵਲੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼
Next articleਕਪੂਰਥਲਾ ਜਿਲੇ ਅੰਦਰ ਜ਼ਮੀਨ ਦੀ ਨਿਸ਼ਾਨਦੇਹੀ ਤੇ ਭਾਰ ਮੁਕਤ ਸਰਟੀਫਿਕੇਟ ਲੈਣ ਲਈ ਆਨਲਾਇਨ ਸੇਵਾ ਸ਼ੁਰੂ