ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਨੇ ਸੀਨੀਅਰ ਪੱਤਰਕਾਰ ਵਿਨੋਦ ਦੂਆ ਨੂੰ ਦੇਸ਼-ਧ੍ਰੋਹ ਨਾਲ ਸਬੰਧਤ ਕੇਸ ਵਿੱਚ ਗ੍ਰਿਫ਼ਤਾਰੀ ਤੋਂ ਦਿੱਤੀ ਰਾਹਤ 15 ਜੁਲਾਈ ਤਕ ਵਧਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੁਕਾਮੀ ਭਾਜਪਾ ਆਗੂ ਦੀ ਸ਼ਿਕਾਇਤ ’ਤੇ 6 ਮਈ ਨੂੰ ਸ਼ਿਮਲਾ ਜ਼ਿਲ੍ਹੇ ਵਿੱਚ ਦੂਆ ਖ਼ਿਲਾਫ਼ ਦੇਸ਼-ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ।
ਭਾਜਪਾ ਆਗੂ ਨੇ ਦਾਅਵਾ ਕੀਤਾ ਸੀ ਕਿ ਦੂਆ ਨੇ ਆਪਣੇ ਯੂ-ਟਿਊਬ ਸ਼ੋਅ ਵਿੱਚ ਕਥਿਤ ਦੇਸ਼ ਵਿਰੋਧੀ ਟਿੱਪਣੀਆਂ ਕੀਤੀਆਂ ਸਨ। ਜਸਟਿਸ ਯੂ.ਯੂ.ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਵਰਚੁਅਲ ਸੁਣਵਾਈ ਦੌਰਾਨ ਹਿਮਾਚਲ ਪ੍ਰਦੇਸ਼ ਪੁਲੀਸ ਨੂੰ ਦੂਆ ਨੂੰ ਗ੍ਰਿਫ਼ਤਾਰ ਕਰਨ ਤੋਂ ਡੱਕ ਦਿੱਤਾ। ਕੇਸ ਦੀ ਅਗਲੀ ਸੁਣਵਾਈ ਹੁਣ ਅਗਲੇ ਬੁੱਧਵਾਰ ਨੂੰ ਹੋਵੇਗੀ ਤੇ ਉਸ ਦਿਨ ਪੱਤਰਕਾਰ ਦਾ ਪੱਖ ਸੁਣਿਆ ਜਾਵੇਗਾ।
ਬੈਂਚ ਨੇ ਕਿਹਾ ਕਿ ਵਰਚੁਅਲ ਮਾਧਿਅਮ ਰਾਹੀਂ ਪੁਲੀਸ ਜਾਂਚ ਵਿੱਚ ਸ਼ਾਮਲ ਦੂਆ ਨੂੰ ਕੇਸ ਵਿੱਚ ਪੁਲੀਸ ਵੱਲੋਂ ਪੁੱਛੇ ਪੂਰਕ ਸਵਾਲਾਂ ਦੇ ਜਵਾਬ ਦੇਣ ਦੀ ਕੋਈ ਲੋੜ ਨਹੀਂ। ਇਸ ਤੋਂ ਪਹਿਲਾਂ ਸਿਖਰਲੀ ਅਦਾਲਤ ਨੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਸੁਣਵਾਈ ਕਰਦਿਆਂ ‘ਅਗਲੇ ਹੁਕਮਾਂ’ ਤਕ ਦੂਆ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਸੀ।