ਨਵੀਂ ਦਿੱਲੀ (ਸਮਾਜਵੀਕਲੀ) :ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਚੀਨ ਮੁੱਦੇ ’ਤੇ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਰਾਸ਼ਟਰ ਦੀ ਸੁਰੱਖਿਆ ਤੇ ਰੱਖਿਆ ਦੀ ਗੱਲ ਕਦੋਂ ਹੋਵੇਗੀ। ਰਾਹੁਲ ਨੇ ਪ੍ਰਧਾਨ ਮੰਤਰੀ ਦੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਤੋਂ ਐਨ ਪਹਿਲਾਂ ਹਿੰਦੀ ਵਿੱਚ ਉਪਰੋਕਤ ਟਵੀਟ ਕੀਤਾ।
ਕਾਬਿਲੇਗੌਰ ਹੈ ਕਿ ਰਾਹੁਲ ਗਾਂਧੀ ਵੱਲੋਂ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਜਾਰੀ ਤਲਖੀ ਦੇ ਮੁੱਦੇ ’ਤੇ ਲਗਾਤਾਰ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਧਰ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਵੀ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਨੇਪਾਲ ਨੇ ਭਾਰਤ ਨਾਲ ਲਗਦੀ ਸਰਹੱਦ ’ਤੇ ਆਪਣੀਆਂ ਫੌਜਾਂ ਤਾਇਨਾਤ ਕੀਤੀਆਂ ਹਨ। ਉਨ੍ਹਾਂ ਟਵੀਟ ਕੀਤਾ, ‘ਨੇਪਾਲ ਨੇ ਪਹਿਲੀ ਵਾਰ ਭਾਰਤੀ ਸਰਹੱਦ ਨਾਲ ਫੌਜਾਂ ਤਾਇਨਾਤ ਕੀਤੀਆਂ। ਜੇਕਰ ਮੋਦੀ ਹਨ, ਤਾਂ ਇਹ ਵੀ ਮੁਮਕਿਨ ਹੈ।’