(ਸਮਾਜਵੀਕਲੀ) : ਭਾਰਤ ’ਚ ਅੱਜ ਇੱਕੋ ਦਿਨ ਕੋਵਿਡ-19 ਦੇ ਰਿਕਾਰਡ 24,879 ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕੁੱਲ ਕੇਸਾਂ ਦੀ ਗਿਣਤੀ 7,67,296 ਹੋ ਗਈ। ਜਦਕਿ 479 ਸੱਜਰੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 21,129 ਹੋ ਗਿਆ ਹੈ।
ਇਸੇ ਦੌਰਾਨ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਅਜੇ ਕਰੋਨਾ ਲਾਗ ਦੇ ਸਮੂਹਿਕ ਸੰਚਾਰ ਵਾਲੇ ਪੜਾਅ ’ਤੇ ਨਹੀਂ ਪਹੁੰਚਿਆ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਕੁਝ ਭੂਗੋਲਿਕ ਖੇਤਰਾਂ ਵਿੱਚ ਸਥਾਨਕ ਪੱਧਰ ’ਤੇ ਵਧ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਨਵੇਂ ਕੇਸਾਂ ਵਿੱਚੋਂ 75 ਫ਼ੀਸਦੀ ਕੇਸ ਮਹਾਰਾਸ਼ਟਰ, ਤਾਮਿਲ ਨਾਡੂ, ਕਰਨਾਟਕ, ਦਿੱਲੀ, ਤਿੰਲਗਾਨਾ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ’ਚ ਮਿਲੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 4,76,377 ਮਰੀਜ਼ ਇਸ ਲਾਗ ਤੋਂ ਉੱਭਰ ਚੁੱਕੇ ਹਨ ਅਤੇ ਦੇਸ਼ ਵਿੱਚ 2,69,789 ਸਰਗਰਮ ਕੇਸ ਹਨ। ਅਧਿਕਾਰੀਆਂ ਮੁਤਾਬਕ ਹੁਣ ਤੱਕ 62.08 ਫ਼ੀਸਦੀ ਮਰੀਜ਼ ਠੀਕ ਹੋਏ ਹਨ। ਕੁੱਲ ਕੇਸਾਂ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਮਿਜ਼ੋਰਮ ਦੇ ਜ਼ਿਲ੍ਹਾ ਸੇਰਛਿਪ ਵਿੱਚ ਬੀ.ਐੱਸ.ਐੱਫ. ਦੇ ਦੋ ਜਵਾਨ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਸੂਬੇ ’ਚ ਸੁਰੱਖਿਆ ਬਲ ਦੇ ਪੀੜਤ ਜਵਾਨਾਂ ਗਿਣਤੀ 12 ਹੋ ਗਈ। ਇੱਕ ਅਧਿਕਾਰੀ ਮੁਤਾਬਕ ਇਹ ਦੋਵੇਂ ਜਵਾਨ ਗੁਆਂਢੀ ਸੂਬੇ ਅਸਾਮ ਦੇ ਧੋਲਚੇਰਾ ਤੋਂ ਵਾਪਸ ਆਏ ਸਨ।