ਪਟਨਾ : ਦੇਸ਼ ਦੇ ਚਾਰ ਸੂਬਿਆਂ ਵਿਚ ਪਰਤਦੇ ਮੌਨਸੂਨ ਨੇ ਹੜ੍ਹ ਵਰਗੇ ਹਾਲਾਤ ਬਣਾ ਦਿੱਤੇ ਹਨ। ਇਕ ਪਾਸੇ ਬਿਹਾਰ ਦੇ ਪਟਨਾ ‘ਚ 1975 ਦੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਇਸ ਨਾਲ ਸ਼ਨਿਚਰਵਾਰ ਨੂੰ 15 ਲੋਕਾਂ ਦੀ ਜਾਨ ਚਲੀ ਗਈ। ਉਥੇ, ਉੱਤਰ ਪ੍ਰਦੇਸ਼ ‘ਚ 12 ਲੋਕਾਂ ਦੀ ਵੀ ਮੌਤ ਹੋਈ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਝਾਰਖੰਡ ਵਿਚ ਵੀ ਬਾਰਿਸ਼ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ ਵਿਚ ਹੋਈ ਭਾਰੀ ਬਾਰਿਸ਼ ਕਾਰਨ ਸੈਂਕੜੇ ਪਿੰਡਾਂ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਬਿਹਾਰ ਦੇ ਵੈਸ਼ਾਲੀ ਵਿਚ ਸਭ ਤੋਂ ਜ਼ਿਆਦਾ 200 ਮਿਲੀਮੀਟਰ ਬਾਰਿਸ਼ ਹੋਈ ਹੈ।
ਝੀਲ ਬਣਿਆ ਪਟਨਾ, ਛੇ ਫੁੱਟ ਤਕ ਭਰਿਆ ਪਾਣੀ
ਪਟਨਾ ‘ਚ ਪਿਛਲੇ 24 ਘੰਟੇ ਵਿਚ ਹੋਈ 158 ਮਿਲੀਮੀਟਰ ਬਾਰਿਸ਼ ਨੇ ਰਾਜਧਾਨੀ ਨੂੰ ਝੀਲ ਵਿਚ ਬਦਲ ਦਿੱਤਾ ਹੈ। ਇਸ ਦੇ ਕੁਝ ਇਲਾਕਿਆਂ ਵਿਚ ਛੇ ਫੁੱਟ ਤਕ ਪਾਣੀ ਭਰ ਗਿਆ ਹੈ ਜਿਸ ਨਾਲ ਘਰ, ਦੁਕਾਨ, ਹਸਪਤਾਲ, ਰੇਲਵੇ ਸਟੇਸ਼ਨ, ਬੱਸ ਅੱਡੇ ਸਾਰੇ ਪਾਣੀ ‘ਚ ਡੁੱਬ ਗਏ ਹਨ। ਉਥੇ ਸੂਬੇ ਦੇ ਜ਼ਿਆਦਾਤਰ ਜ਼ਿਲਿ੍ਹਆਂ ਵਿਚ ਅਗਲੇ 48 ਘੰਟੇ ਭਾਰੀ ਬਾਰਿਸ਼ ਦਾ ਅਲਰਟ ਹੈ ਜਿਸ ਨਾਲ ਸਥਿਤੀ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਹੈ।
ਪ੍ਰੀਖਿਆਵਾਂ ਮੁਲਤਵੀ, ਆਪ੍ਰਰੇਸ਼ਨ ਵੀ ਟਲ਼ੇ
ਪੂਰੇ ਬਿਹਾਰ ‘ਚ ਹੜ੍ਹ ਵਰਗੇ ਹਾਲਾਤ ਹਨ। ਅਜਿਹੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਕਿਸ਼ਤੀਆਂ ਚਲਾਈਆਂ ਜਾ ਰਹੀਆਂ ਹਨ। ਫਿਲਹਾਲ ਸਕੂਲ-ਕੋਚਿੰਗ ਸੈਂਟਰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸ਼ਨਿਚਰਵਾਰ ਨੂੰ ਪਟਨਾ ਯੂਨੀਵਰਸਿਟੀ ਅਤੇ ਪਾਟਲੀਪੁੱਤਰ ਯੂਨੀਵਰਸਿਟੀ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਉਥੇ, ਐੱਨਐੱਮਸੀਐੱਚ ਵਿਚ ਬਾਰਿਸ਼ ਕਾਰਨ ਪਾਣੀ ਐਮਰਜੈਂਸੀ ਵਿਚ ਵੜ ਆਇਆ ਹੈ। ਇਸ ਕਾਰਨ ਕਈ ਆਪ੍ਰਰੇਸ਼ਨ ਵੀ ਟਾਲ਼ਣੇ ਪਏ।
ਸੰਸਦ ਮੈਂਬਰ ਦੇ ਘਰ ‘ਚ ਦੋ ਫੁੱਟ ਪਾਣੀ
ਨਾਗੇਸ਼ਵਰ ਕਾਲੋਨੀ ਵਿਚ ਸਾਰਣ ਤੋਂ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਦੀ ਰਿਹਾਇਸ਼ ਵਿਚ ਦੋ ਫੁੱਟ ਤਕ ਪਾਣੀ ਭਰ ਗਿਆ ਹੈ। ਇਸੇ ਤਰ੍ਹਾਂ ਮੰਤਰੀ ਪ੍ਰਰੇਮ ਕੁਮਾਰ ਅਤੇ ਨੰਦ ਕਿਸ਼ੋਰ ਯਾਦਵ ਆਦਿ ਦੇ ਘਰਾਂ ਵਿਚ ਵੀ ਬਾਰਿਸ਼ ਦਾ ਪਾਣੀ ਜਮ੍ਹਾਂ ਹੋ ਗਿਆ ਹੈ।
ਟੁੱਟ ਰਹੇ ਬੰਨ੍ਹ, ਸਰਯੂ ਤੇ ਗੰਗਾ ਸਾਰੀਆਂ ਨਦੀਆਂ ਆਫਰੀਆਂ
ਭਾਰੀ ਬਾਰਿਸ਼ ਦੇ ਛਪਰਾ ਜ਼ਿਲ੍ਹੇ ਦੇ ਜਲਾਲਪੁਰ ਖੇਤਰ ਵਿਚ ਸੋਂਧੀ ਨਦੀ ਦੇ ਪਾਣੀ ਦੇ ਦਬਾਅ ਨਾਲ ਲੰਗੜੀ ਬੰਨ੍ਹ ਟੁੱਟ ਗਿਆ ਹੈ। ਉਥੇ, ਗੋਪਾਲਗੰਜ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸਿਵਾਨ ਵਿਚ ਸਰਯੂ ਵਿਚ ਪਾਣੀ ਕਾਫ਼ੀ ਵਧ ਗਿਆ ਹੈ। ਬਕਸਰ ਵਿਚ ਗੰਗਾ ਨਦੀ ਦੇ ਪਾਣੀ ਦਾ ਪੱਧਰ ਵੀ ਕਾਫ਼ੀ ਵਧ ਗਿਆ ਹੈ। ਇਸ ਤੋਂ ਇਲਾਵਾ ਕੋਸੀ-ਸੀਮਾਂਚਲ ਅਤੇ ਉੱਤਰ ਬਿਹਾਰ ਦੀਆਂ ਨਦੀਆਂ ਵੀ ਆਫਰੀਆਂ ਹੋਈਆਂ ਹਨ। ਇਸ ਨਾਲ ਲੋਕਾਂ ਦੀ ਪਰੇਸ਼ਾਨੀ ਵਧ ਗਈ ਹੈ।
ਤਿੰਨ ਅਕਤੂਬਰ ਤਕ ਸਥਿਤੀ ਹੋਵੇਗੀ ਆਮ ਵਰਗੀ
ਮੌਸਮ ਵਿਭਾਗ ਮੁਤਾਬਕ, ਅਗਲੇ 48 ਘੰਟੇ ਬਿਹਾਰ ਵਿਚ ਲਗਾਤਾਰ ਬਾਰਿਸ਼ ਹੋਣ ਦਾ ਖ਼ਦਸ਼ਾ ਹੈ। ਤਿੰਨ ਅਕਤੂਬਰ ਤੋਂ ਬਾਅਦ ਸਥਿਤੀ ਆਮ ਵਰਗੀ ਹੋਣ ਦੀ ਉਮੀਦ ਹੈ।