ਪੈਰਿਸ : (ਸਮਾਜ ਵੀਕਲੀ)- ਦੁੱਬਈ ਦੀ ਸ਼ਹਿਜ਼ਾਦੀ ਹੇਂਦ ਅਲ ਕਾਸਿਮੀ ਨੇ ਕਰੋਨਾ ਵਾਇਰਸ ਦੇ ਚਲਦੇ ਭਾਰਤ ਵਿਚ ਤਬਲੀਗੀ ਜਮਾਤ ਦੇ ਲੋਕਾਂ ਵਿਰੁੱਧ ਨਫਰਤ ਫੈਲਾਉਣ ਦੇ ਕੋਝੇ ਯਤਨਾਂ ਨੂੰ ਸਖਤੀ ਨਾਲ ਖਤਮ ਕਰਨ ਦੇ ਸੰਕੇਤ ਦਿੱਤੇ ਹਨ। ਦੁਬਈ ਵਿਚ ਜਿਥੇ ਅਜਿਹੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਥੇ ਉਹਨਾਂ ਨੂੰ ਉਹਨਾਂ ਦੇ ਮੁਲਕਾਂ ਵਿਚ ਵਾਪਸ ਭੇਜਿਆ ਜਾਵੇਗਾ।
ਯਾਦ ਰਹੇ ਪਿਛਲੇ ਦਿਨੀਂ ਮੁਸਲਮਾਨਾਂ ਦੇ ਇਕ ਵਰਗ ਦੇ ਦਿੱਲੀ ਵਿਚ ਹੋਏ ਧਾਰਮਿਕ ਸਮਾਗਮ ਵਿਚ ਦੁਨੀਆਂ ਤੋ ਸ਼ਾਮਲ ਹੋਣ ਆਏ ਲੋਕਾਂ ਦੇ ਸਮੂੰਹ ਵਿਚੋ ਕਰੋਨਾਵਾਇਰਸ ਦੇ ਪੋਜੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਜੋ ਇਲਾਜ਼ ਲਈ ਹਸਪਤਾਲਾਂ ਵਿਚ ਦਾਖਲ ਨਹੀਂ ਹੋਏ। ਜਿਸ ਨਾਲ ਬਹੁ ਭਾਰਤੀ ਮੀਡੀਆ ਵਲੋਂ ਧਰਮ ਦੇ ਅਧਾਰ ਨੂੰ ਲੈ ਕੇ ਨਫਰਤ ਫੈਲਾਈ ਜਾ ਰਹੀ ਹੈ। ਇਕ ਖਾਸ ਵਰਗ ਵਲੋਂ ਭਾਰਤ ਵਿਚ ਸਾਰੀਆਂ ਘੱਟ ਗਿਣਤੀਆਂ ਵਿਰੁਧ ਕਰੋਨਾਵਾਇਰਸ ਦੀ ਆੜ ਵਿਚ ਸ਼ੋਸਲ ਮੀਡੀਆ ਅਤੇ ਟੀ ਵੀ ਚੈਨਲਾਂ ਉਪਰ ਧਾਰਮਿਕ ਪਹਿਚਾਣ ਦੇ ਕੇ ਨਫਰਤ ਪੈਦਾ ਕਰਨ ਦੇ ਯਤਨ ਜਾਰੀ ਹਨ।
ਇਸੇ ਤਰ੍ਹਾਂ ਹੀ ਪੰਜਾਬ ਵਿਚ ਵੀ ਇਕ ਐਨ ਆਰ ਆਈਜ਼ ਨੂੰ ਕਰੋਨਾਵਾਇਰਸ ਪੋਜੀਟੀਵ ਮਰੀਜ਼ ਦੇ ਨਾਂ ਹੇਠ ਬਦਨਾਮ ਕਰਨ ਵਿਚ ਕੇਂਦਰੀ ਮੀਡੀਆ ਨੇ ਵੱਡਾ ਰੋਲ ਅਦਾ ਕੀਤਾ। ਜਿਸ ਨਾਲ ਵਿਦੇਸ਼ਾਂ ਵਿਚ ਵਸਦੇ ਲੋਕਾਂ ਵਿਚ ਸਰਕਾਰ ਅਤੇ ਮੀਡੀਆ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਵਲੋ ਸ. ਜਸਪਾਲ ਸਿੰਘ ਪੰਨੂੰ, ਸ. ਜਗਜੀਤ ਸਿੰਘ ਚੀਮਾਂ, ਸ. ਤਲਵਿੰਦਰ ਸਿੰਘ ਮਾਵੀ, ਸ. ਹਰਜਾਪ ਸਿੰਘ ਸੰਘਾ, ਸ. ਰਾਜਬੀਰ ਸਿੰਘ ਡਾ, ਸ.ਬਲਦੇਵ ਸਿੰਘ ਸ਼ਾਹਕੋਟ, ਸ. ਜਗਦੀਸ਼ ਸਿੰਘ ਫਤਹਿ ਗੜ੍ਹ ਸਾਹਿਬ, ਸ. ਨਿਹਾਲ ਸਿੰਘ ਸੁਭਾਨਪੁਰ, ਸ. ਹਰਜਾਪ ਸਿੰਘ ਸਰੋਆ ਅਤੇ ਸ. ਦਲਵਿੰਦਰ ਸਿੰਘ ਘੁੰਮਣ ਵਲੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਦੁਨੀਆਂ ਉਪਰ ਆਈ ਭਿਆਨਕ ਮਹਾਂਮਾਰੀ ਨਾਲ ਰੋਜ਼ਾਨਾ ਹਜਾਰਾਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਰੱਬ ਰੂਪੀ ਡਾਕਟਰਾਂ ਦੀਆਂ ਸਿਹਤ ਸੇਵਾਵਾਂ ਦਿੰਦਿਆਂ ਮੌਤਾਂ ਹੋ ਰਹੀਆਂ ਹਨ। ਸਾਰੀ ਲੋਕਾਈ ਦਾ ਧਿਆਨ ਇਸ ਬਿਮਾਰੀ ਨਾਲ ਨਜਿੱਠਣ ਲਈ ਲੱਗਾ ਹੋਇਆ ਹੈ। ਇਹਨਾਂ ਹਾਲਤਾਂ ਵਿੱਚ ਮਨੁੱਖਤਾ ਦੀ ਭਲਾਈ ਲਈ ਅਵਾਜ਼ ਉੱਠਣੀ ਚਾਹੀਦੀ ਹੈ। ਭਾਰਤ ਦੀ ਪਹਿਲਾਂ ਤੋ ਹੀ ਡਿੱਗ ਰਹੀ ਆਰਥਿਕ ਹਾਲਤ ਬੜੀ ਮਾੜੀ ਹਾਲਤ ਵਿਚ ਪਹੁੰਚ ਗਈ ਹੈ। ਅਗਰ ਇਸ ਸਮੇਂ ਦੁਬਈ ਸਰਕਾਰ ਵਲੋਂ ਕੋਈ ਸਖਤ ਕਦਮ ਚੁੱਕਦਿਆਂ ਉਥੇ ਰਹਿੰਦੇ ਭਾਰਤੀ ਬਸ਼ਿੰਦਿਆ ਨੂੰ ਵਾਪਸ ਭਾਰਤ ਨੂੰ ਭੇਜਣੇ ਸੁਰੂ ਕਰ ਦਿੱਤੇ ਤਾਂ ਭਾਰਤ ਵਿਚ ਵਧੀ ਬੇਰੁਜ਼ਗਾਰੀ ਵਿਚ ਹੋਰ ਵਾਧਾ ਹੋਣ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਉਪਰ ਵੀ ਬੁਰੇ ਅਸਰ ਪੈਣ ਦੀ ਸੰਭਾਵਨਾ ਹੈ।
ਇਸ ਤੋ ਵੀ ਪਹਿਲਾ ਦਿੱਲੀ ਵਿਚ ਮੁਸਲਮਾਨਾਂ ਦੀ ਹੋਈ ਨਸਲਕੁਸ਼ੀ ਲਈ ਇਰਾਨ ਦੀ ਸਰਕਾਰ ਦੇ ਵਿਦੇਸ਼ ਮੰਤਰੀ ਜ਼ਰੀਫ ਨੇ ਕਿਹਾ ਸੀ ਕਿ ” ਇਰਾਨ ਭਾਰਤੀ ਮੁਸਲਮਾਨਾਂ ਦੇ ਖਿਲਾਫ ਸੰਗਠਿਤ ਲਹਿਰ ਦੀ ਨਿੰਦਾ ਕਰਦਾ ਹੈ। ਸਦੀਆਂ ਤੋਂ ਇਰਾਨ ਭਾਰਤ ਦਾ ਮਿੱਤਰ ਰਿਹਾ ਹੈ। ਅਸੀ ਭਾਰਤੀ ਅਧਿਕਾਰੀਆਂ ਤੋ ਸਾਰੇ ਭਾਰਤੀਆ ਲਈ ਰੱਖਿਆ ਦੇ ਸਖਤ ਪ੍ਰਬੰਧਾਂ ਦੀ ਵਚਨਬੱਧਤਾ ਚਾਹੁੰਦੇ ਹਾਂ”। ਵਿਦੇਸ਼ਾਂ ਵਿਚ ਰਹਿੰਦੇ ਕਰੋੜਾਂ ਭਾਰਤੀਆਂ ਨੂੰ ਸਨਮਾਨ ਪੂਰਵਕ ਜੀਵਨ ਮਿਲਿਆ ਹੈ। ਭਾਰਤ ਵਿਚ ਨਫਰਤ ਦਾ ਅਸਰ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆ ਉਪਰ ਵੀ ਪੈ ਸਕਦਾ ਹੈ। ਧਾਰਮਿਕ ਮੁੱਦੇ ਬਹੁਤ ਸੰਵੇਦਨਸ਼ੀਲਤਾਂ ਮੰਗਦੇ ਹਨ। ਭਾਰਤ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਘੱਟ ਗਿਣਤੀਆਂ ਖਿਲਾਫ ਹੋ ਰਹੀਆਂ ਕੋਝੀਆਂ ਹਰਕਤਾਂ ਅਤੇ ਨਫਰਤਾਂ ਨੂੰ ਪਹਿਲ ਦੇ ਅਧਾਰ ਤੇ ਖਤਮ ਕਰਨ ਲਈ ਸਖਤ ਕਦਮ ਚੁੱਕਣ ਦੀ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਨਫਰਤ ਫੈਲਾਉਣ ਵਾਲਿਆਂ ਲਈ ਮਿਸਾਲ ਬਣੇ।