ਦੁੱਖ ਦਰਦ

ਕੁਲਦੀਪ ਚੁੰਬਰ

(ਸਮਾਜ ਵੀਕਲੀ)

ਜੇ ਦੁੱਖ ਹੋਵੇ ਕੋਈ ਰੋਗੀ ਨੂੰ, ਫਿਰ ਭਾਲਦਾ ਡਾਕਟਰ ਚੰਗੇ ਨੂੰ।

ਨਾ ਸਹਿਜੇ ਕਿਤੇ ਵੀ ਪੈਣ ਦਿੰਦਾ, ਬੰਦਾ ਗ਼ਲ ਮੌਤ ਦੇ ਫੰਦੇ ਨੂੰ।

ਗੱਲ ਗੱਲ ਤੇ ਸ਼ੋਰ ਸ਼ਰਾਬਾ ਹੈ, ਘਰ ਘਰ ਵਿਚ ਮਸਲੇ ਝਗੜੇ ਨੇ।

ਖੂਹ ਖਾਤੇ ਅਕਲਾਂ ਪੈ ਗਈਆਂ, ਲੱਖ ਲਾਹਨਤ ਬੰਦੇ ਚੰਗੇ ਨੂੰ।

ਗ਼ਲ ਘੁੱਟ ਗਈ ਚੰਦਰੀ ਮਹਾਂਮਾਰੀ, ਹਰ ਪਾਸੇ ਸ਼ੋਰ ਤਬਾਹੀਆਂ ਦੇ।

ਦੋ ਟੁੱਕ ਲਈ ਬੰਦਾ ਤੜਫੂਗਾ, ਵੱਜ ਤਾਲੇ ਗਏ ਕੰਮ ਧੰਦੇ ਨੂੰ।

ਹੁਣ ਰੱਖਿਆ ਆਪਣੀ ਆਪ ਕਰੋ, ਸਰਕਾਰਾਂ ਹੋਕਾ ਲਾ ਦਿੱਤਾ।

ਫ਼ਿਕਰਾਂ ਜਿੰਦ ਸੂਲੀਆਂ ਟੰਗੀ ਏ, ਰੋਏ ਵਕਤ ਬੀਤ ਗਏ ਲੰਘੇ ਨੂੰ।

ਧਰਤੀ ਚੋਂ ਪਾਣੀ ਮੁੱਕ ਚੱਲਿਆ, ਮੁੱਖ ਮੋੜ ਲਏ ਦਰਿਆਵਾਂ ਨੇ।

ਕਿਤੇ ਸੋਕੇ ਦੀ ਝੱਲ ਮਾਰ ਰਹੀ, ਏਹ ਗੁਰਬਤ ਲੱਗੀ ਮੰਜੇ ਨੂੰ।

ਬਾਗਾਂ ਦੇ ਉਜੜ ਹੁਸਨ ਗਏ, ਚੇਹਰੇ ਮੁਰਝਾਏ ਜਨੌਰਾਂ ਦੇ।

ਸੋਚਾਂ ਵਿਚ ਬੰਦਾ ਡੁੱਬ ਰਿਹਾ, ਤੱਕ ਚੱਲਦੇ ਦੌਰ ਏਹ ਮੰਦੇ ਨੂੰ।

ਰੱਬ ਜਾਣੇ ਹੁੱਲੜਬਾਜ਼ਾਂ ਦੀ, ਕਿੱਥੋਂ ਤੱਕ ਪੁੱਗਦੀ ਰਹੂ ‘ਚੁੰਬਰਾ।

ਖਮਿਆਜ਼ਾ ਭੁਗਤੀ ਜਾਂਦਾ ਏ, ਤੇ ਭੁਗਤਣਾ ਪੈਣਾ ਬੰਦੇ ਨੂੰ।

ਵਲੋਂ: – ਕੁਲਦੀਪ ਚੁੰਬਰ
98151-37454

Previous articleRussia’s Covid-19 cases top 810,000
Next articleਤੂੰਬੀ ਦੇ ਬੇਤਾਜ ਬਾਦਸ਼ਾਹ ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਪਦਮ ਸ਼੍ਰੀ ਐਵਾਰਡ ਦੀ ਮੰਗ