ਦੁੱਖਾਂ ਵਿੱਚ ਫਸੀ ਸਾਡੀ ਜਾਨ

(ਸਮਾਜ ਵੀਕਲੀ)

ਚਾਹੇ ਦੁੱਖਾਂ ਵਿੱਚ ਫਸੀ ਸਾਡੀ ਜਾਨ ਹੈ ,
ਫਿਰ ਵੀ ਸਾਡੇ ਹੋਠਾਂ ਉੱਤੇ ਮੁਸਕਾਨ ਹੈ ।

ਰਹਿੰਦੇ ਹਾਂ ਚੜ੍ਹਦੀ ਕਲਾ ਦੇ ਵਿੱਚ ਹਰ ਸਮੇਂ ,
ਦੋਸਤੋ , ਸਾਡੀ ਤਾਂ ਇਹ ਹੀ ਪਹਿਚਾਨ ਹੈ ।

ਮੰਗ ਕੇ ਖਾਂਦੇ ਨੇ ਕੇਵਲ ਬੇਗੈਰਤੇ ,
ਕੰਮ ਕਰਕੇ ਖਾਣ ਵਿੱਚ ਸਾਡੀ ਸ਼ਾਨ ਹੈ ।

ਕੱਠੇ ਰਹਿ ਕੇ ਕੁਝ ਨਹੀਂ ਸਾਡਾ ਵਿਗੜਨਾ ,
ਕੱਲੇ ਕੱਲੇ ਰਹਿ ਕੇ ਹੋਣਾ ਨੁਕਸਾਨ ਹੈ ।

ਸਮਝਦੈ ਜੋ ਕਾਮਿਆਂ ਨੂੰ ਆਪਣੇ ਜਹੇ ,
ਉਹ ਉਨ੍ਹਾਂ ਨੂੰ ਲੱਗਦਾ ਅੱਛਾ ਇਨਸਾਨ ਹੈ ।

ਲੋਕ ਉਸ ਅਫ਼ਸਰ ਦਾ ਕਰਦੇ ਸਤਿਕਾਰ ਨੇ ,
ਜਿਸ ਨੂੰ ਦਫ਼ਤਰ ਵਿੱਚ ਮਿਲਣਾ ਆਸਾਨ ਹੈ ।

ਪੜ੍ਹਦੇ ਨੇ ਉਹ ਸ਼ੌਕ ਨਾ’ ਉਸ ਦੇ ਸ਼ਿਅਰਾਂ ਨੂੰ ,
ਪਾਠਕਾਂ ਨੂੰ ਜਿਹੜਾ ਸ਼ਾਇਰ ਪਰਵਾਨ ਹੈ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleKamala Harris will be Biden’s boss if elected: Trump
Next articleਚਾਹੇ ਉਸ ਨੇ ਸਾਡੇ ਨਾ’