ਭਾਰਤ ਨੇ ਚੀਨ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਦੁਵੱਲੇ ਮੱਤਭੇਦ ਕਿਸੇ ਵਿਵਾਦ ’ਚ ਤਬਦੀਲ ਨਾ ਹੋਣ। ਲੱਦਾਖ਼ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣ ’ਤੇ ਚੀਨ ਦੇ ਇਤਰਾਜ਼ ਉਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਨੂੰ ਕਿਹਾ ਕਿ ਜੰਮੂ ਕਸ਼ਮੀਰ ’ਤੇ ਭਾਰਤ ਦਾ ਫੈਸਲਾ ਦੇਸ਼ ਦਾ ‘ਅੰਦਰੂਨੀ’ ਵਿਸ਼ਾ ਹੈ ਅਤੇ ਇਸ ਦਾ ਭਾਰਤ ਦੀ ਕੌਮਾਂਤਰੀ ਸਰਹੱਦ ਅਤੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ’ਤੇ ਕੋਈ ਅਸਰ ਨਹੀਂ ਪਵੇਗਾ। ਭਾਰਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਪੇਈਚਿੰਗ ਨੇ ਕਿਹਾ ਕਿ ਕਸ਼ਮੀਰ ਮਸਲੇ ’ਤੇ ਉਹ ਭਾਰਤ-ਪਾਕਿਸਤਾਨ ’ਚ ਪੈਦਾ ਹੋਏ ਤਣਾਅ ਉਪਰ ਨੇੜਿਉਂ ਨਜ਼ਰ ਰੱਖ ਰਿਹਾ ਹੈ। ਇਸ ਦੇ ਨਾਲ ਚੀਨ ਨੇ ਭਾਰਤ ਨੂੰ ਕਿਹਾ ਕਿ ਉਹ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਉਸਾਰੂ ਭੂਮਿਕਾ ਅਦਾ ਕਰੇ। ਚੀਨ ਦੇ ਤਿੰਨ ਦਿਨਾਂ ਦੌਰੇ ’ਤੇ ਗਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨੀ ਉਪ ਰਾਸ਼ਟਰਪਤੀ ਵੈਂਗ ਕਿਸ਼ਾਨ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਬਾਅਦ ’ਚ ਜੈਸ਼ੰਕਰ ਨੇ ਵਿਦੇਸ਼ ਮੰਤਰੀ ਵੈਂਗ ਯੀ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ। ਸ੍ਰੀ ਜੈਸ਼ੰਕਰ ਦਾ ਸਵਾਗਤ ਕਰਦਿਆਂ ਵਿਦੇਸ਼ ਮੰਤਰੀ ਵੈਂਗ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਜ਼ਿਕਰ ਕੀਤਾ ਪਰ ਉਨ੍ਹਾਂ ਸਿੱਧੇ ਤੌਰ ’ਤੇ ਜੰਮੂ ਕਸ਼ਮੀਰ ’ਚੋਂ ਹਟਾਈ ਗਈ ਧਾਰਾ 370 ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਵਕ ਸਹਿ-ਹੋਂਦ ਦੇ ਪੰਜ ਸਿਧਾਂਤਾਂ ਦੇ ਆਧਾਰ ’ਤੇ ਆਪਸੀ ਲਾਭਕਾਰੀ ਸਹਿਯੋਗ ਹੋ ਸਕਦਾ ਹੈ। ‘ਇਹ ਸਾਡੇ ਲੋਕਾਂ ਦੇ ਹਿੱਤ ’ਚ ਹੈ ਅਤੇ ਇਹ ਆਲਮੀ ਸ਼ਾਂਤੀ ਅਤੇ ਮਨੁੱਖੀ ਤਰੱਕੀ ’ਚ ਯੋਗਦਾਨ ਪਾਏਗਾ।’ ਉਨ੍ਹਾਂ ਕਿਹਾ,‘‘ਚੀਨ ਅਤੇ ਭਾਰਤ ਦੋ ਵੱਡੇ ਮੁਲਕ ਹਨ ਜਿਸ ਕਾਰਨ ਸਾਡੇ ’ਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਅਹਿਮ ਜ਼ਿੰਮੇਵਾਰੀ ਹੈ।’’ ਮੁਲਾਕਾਤ ਦੌਰਾਨ ਆਪਣੀ ਸ਼ੁਰਆਤੀ ਟਿੱਪਣੀ ’ਚ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧਾਂ ਦਾ ਆਲਮੀ ਸਿਆਸਤ ’ਚ ਨਿਵੇਕਲਾ ਸਥਾਨ ਹੈ। ਦੋ ਸਾਲ ਪਹਿਲਾਂ ਸਾਡੇ ਆਗੂ ਅਸਤਾਨਾ ’ਚ ਆਮ ਸਹਿਮਤੀ ’ਤੇ ਪੁੱਜੇ ਸਨ ਕਿ ਜਦੋਂ ਦੁਨੀਆਂ ’ਚ ਪਹਿਲਾਂ ਨਾਲੋਂ ਵੱਧ ਬੇਯਕੀਨੀ ਦਾ ਮਾਹੌਲ ਹੈ ਤਾਂ ਭਾਰਤ ਅਤੇ ਚੀਨ ਦੇ ਰਿਸ਼ਤੇ ਸਥਿਰਤਾ ਦਾ ਕਾਰਕ ਬਣਨੇ ਚਾਹੀਦੇ ਹਨ। ਉਨ੍ਹਾਂ ਆਸ ਜਤਾਈ ਕਿ ਅੱਜ ਦੀ ਗੱਲਬਾਤ ਦੋਵੇਂ ਮੁਲਕਾਂ ’ਚ ਹੋਰ ਗੂੜੇ ਸਬੰਧ ਬਣਾਉਣ ’ਚ ਸਹਾਈ ਹੋਵੇਗੀ।
HOME ਦੁਵੱਲੇ ਮੱਤਭੇਦ ਵਿਵਾਦ ਵਿੱਚ ਤਬਦੀਲ ਨਹੀਂ ਹੋਣੇ ਚਾਹੀਦੇ: ਜੈਸ਼ੰਕਰ