ਕਸ਼ਮੀਰੀ ਮੁਟਿਆਰਾਂ ਦੇ ‘ਰਾਖੇ’ ਬਣ ਕੇ ਬਹੁੜੇ ਸਿੱਖ ਨੌਜਵਾਨ

ਨਵੀਂ ਦਿੱਲੀ : ਦਿੱਲੀ ਦੇ ਤਿੰਨ ਸਿੱਖ ਨੌਜਵਾਨਾਂ ਨੇ 32 ਕਸ਼ਮੀਰੀ ਮੁਟਿਆਰਾਂ ਨੂੰ ਜੰਮੂ-ਕਸ਼ਮੀਰ ਦੇ ਸਭ ਤੋਂ ਵੱਧ ਗੜਬੜ ਵਾਲੇ ਇਲਾਕਿਆਂ ਵਿੱਚ ਪੈਂਦੇ ਉਨ੍ਹਾਂ ਦੇ ਘਰਾਂ ’ਚ ਸੁਰੱਖਿਅਤ ਪਹੁੰਚਾਇਆ ਹੈ। ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ,‘‘ਸਾਡੇ ਕੋਲ ਖ਼ਬਰ ਆਈ ਸੀ ਕਿ ਪੁਣੇ ਤੇ ਹੋਰ ਥਾਵਾਂ ’ਤੇ ਜੰਮੂ-ਕਸ਼ਮੀਰ ਦੀਆਂ 32 ਮੁਟਿਆਰਾਂ ਸਹਿਮ ਦੇ ਮਾਹੌਲ ਵਿੱਚ ਹਨ ਅਤੇ ਉਹ ਘਰਾਂ ਨੂੰ ਪਰਤਣਾ ਚਾਹੁੰਦੀਆਂ ਹਨ।’’ ਉਨ੍ਹਾਂ ਦੱਸਿਆ ਕਿ 14 ਮੁਟਿਆਰਾਂ ਨੂੰ ਪੁਣੇ ਤੋਂ ਸੜਕ ਮਾਰਗ ਰਾਹੀਂ ਮੁੰਬਈ ਲਿਆਂਦਾ ਗਿਆ ਅਤੇ 17 ਨੂੰ ਮੁੰਬਈ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ’ਚ ਉਹ ਅਰਮੀਤ ਸਿੰਘ ਖ਼ਾਨਪੁਰੀ (ਪਟੇਲ ਨਗਰ) ਅਤੇ ਬਲਜੀਤ ਸਿੰਘ ਬੱਬਲੂ (ਯਮੁਨਾਪਾਰ) ਨਾਲ ਮਿਲ ਕੇ ਛੱਡਣ ਲਈ ਗਏ। ਤਿੰਨੋਂ ਨੌਜਵਾਨਾਂ ਨੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ 19 ਮੁਟਿਆਰਾਂ ਨੂੰ ਸੁਰੱਖਿਅਤ ਮਾਪਿਆਂ ਕੋਲ ਪਹੁੰਚਾਇਆ। ਇਸੇ ਤਰ੍ਹਾਂ ਬੜਗਾਮ ’ਚ 5, ਸ਼ੋਪੀਆਂ ’ਚ 2, ਸ੍ਰੀਨਗਰ ਅਤੇ ਕੁਪਵਾੜਾ ’ਚ 3-3 ਮੁਟਿਆਰਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਸ਼ੋਪੀਆਂ ’ਚ ਕੋਈ ਵੀ ਟੈਕਸੀ ਚਾਲਕ ਜਾਣ ਲਈ ਤਿਆਰ ਨਹੀਂ ਸੀ। ਮਿੰਨਤਾਂ ਕਰਨ ’ਤੇ ਬਸ਼ੀਰ ਨਾਂ ਦਾ ਟੈਕਸੀ ਡਰਾਈਵਰ ਜਾਣ ਲਈ ਤਿਆਰ ਹੋਇਆ। ਨੌਜਵਾਨਾਂ ਨੇ ਦੱਸਿਆ ਕਿ ਫ਼ੌਜ ਅਧਿਕਾਰੀ ਏ ਐੱਸ ਮਲਿਕ ਅਤੇ ਹੋਰਾਂ ਨੇ ਇਸ ਕੰਮ ’ਚ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ। ਸਥਾਨਕ ਕਸ਼ਮੀਰੀ ਨਿਵਾਸੀਆਂ ਨੇ ਨੌਜਵਾਨਾਂ ਦੀ ਇਸ ਬਹਾਦਰੀ ਦੀ ਸ਼ਲਾਘਾ ਕੀਤੀ। ਸ੍ਰੀ ਆਹਲੂਵਾਲੀਆ ਨੇ ਦੱਸਿਆ ਕਿ ਸਾਰੇ ਮਿਸ਼ਨ ’ਚ ਤਿੰਨ ਲੱਖ 20 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਜੋ ਸੰਗਤ ਨੇ ਦਿੱਤਾ ਸੀ।

Previous articleਗੁਰੂ ਰਵਿਦਾਸ ਮੰਦਿਰ ਨੂੰ ਢਾਹੁਣ ਖ਼ਿਲਾਫ਼ ਪੰਜਾਬ ਬੰਦ ਅੱਜ
Next articleਦੁਵੱਲੇ ਮੱਤਭੇਦ ਵਿਵਾਦ ਵਿੱਚ ਤਬਦੀਲ ਨਹੀਂ ਹੋਣੇ ਚਾਹੀਦੇ: ਜੈਸ਼ੰਕਰ