ਦੁਨੀਆਦਾਰੀ

ਬਿੰਦਰ ਇਟਲੀ
(ਸਮਾਜ ਵੀਕਲੀ)

 

ਗੁਮਰਾਹ ਜਦੋਂ  ਗਿਆਨ ਇਥੇ
ਫੇਰ ਕੀ ਕਰੂ ਵਿਗਿਆਨ ਇਥੇ
ਧਰਮੀ   ਬਣਦੇ  ਫਿਰਦੇ  ਸਾਰੇ
ਕੌਣ   ਬਣੂ    ਇਨਸਾਨ  ਇਥੇ
ਮਜੵਬੀ  ਜ਼ਹਿਰ ਮਨਾ ਤੇ ਛਾਈ
ਵੰਡ ਲਏ  ਨੇ  ਭਗਵਾਨ  ਇਥੇ
ਮੁੱਕੀ ਕੁਰਵਤ ਦੁਸ਼ਮਣ ਲੱਗਣ
ਬਾਈਬਲ  ਅਤੇ  ਕੁਰਾਨ ਇਥੇ
ਮੌਤ ਦੇ ਸੌਦੇ  ਕਰਨ ਲੱਗ ਪਈ
ਧਰਮਾ   ਵਾਲੀ  ਦੁਕਾਨ  ਇਥੇ
ਆਖਰੀ  ਸਾਂਹ  ਸ਼ਰਾਫ਼ਤ ਲੈਂਦੀ
ਐਸ਼   ਕਰਨ   ਸ਼ੈਤਾਨ    ਇਥੇ
ਭੂੱਖੇ  ਢਿੱਡ  ਨੂੰ  ਪੈਂਦੀਆਂ  ਲੱਤਾਂ
ਰੱਜਿਆਂ ਲਈ ਪੁੱਨ ਦਾਨ ਇਥੇ
ਸੱਚ  ਸਿਦਕ ਦਾ ਹੋਇਆ ਸੌਦਾ
ਬਣ ਗਿਆ ਝੂਠ  ਮਹਾਨ ਇਥੇ
ਪਰਵਚਨਾ ਵਿੱਚ  ਉੱਲਝੇ ਲੋਕੀ
ਡੇਰਿਆਂ  ਵਾਲਾ   ਤੂਫ਼ਾਨ  ਇਥੇ
ਲੋਕਤੰਤਰ   ਲੋਕਾਂ  ਦਾ ਦੁਸ਼ਮਣ
ਮੁੱਲ  ਵਿੱਕਦਾ  ਮੱਤਦਾਨ   ਇਥੇ
ਕਲਾ ਰੁੱਲ  ਰਹੀ  ਕੱਖਾਂ ਵਾਂਗਰ
ਸਿਫਾਰਸ਼ੀ ਹਰ  ਸਨਮਾਨ ਇਥੇ
ਮਰਦ  ਜਾਤ  ਦੀ  ਫੋਕੀ  ਚੌਧਰ
ਰੁੱਲਦੀ    ਫਿਰੇ   ਰਕਾਨ  ਇਥੇ
ਜੋ  ਹਿਰਿਆਂ  ਦੀ  ਡੋਲੀ  ਆਵੇ
ਉਹ  ਦੁਲਹਨ  ਪਰਵਾਨ  ਇਥੇ
ਖ਼ਾਹਿਸ਼ਾਂ ਵਾਲੇ ਘਰ ਨਾ ਦਿਸਦੇ
ਇੱਟ  ਪੱਥਰਾਂ ਦੇ  ਮਕਾਨ  ਇਥੇ
ਬਿੰਦਰਾ ਜਾਤ ਦੇ ਕਰਨ ਵਿਖਾਵੇ
ਖੋਖਲੇ   ਸਭ  ਖਾਨਦਾਨ  ਇਥੇ
ਬਿੰਦਰ ਜਾਨ ਏ ਸਾਹਿਤ  ਇਟਲੀ  .
00393278159218
Previous articleਕਿਸਾਨੀ ਸੰਘਰਸ਼ ਤੇ ਰਾਜਨਿਤੀ
Next articleGlobal Covid-19 cases cross 70mn mark: Johns Hopkins