ਚੰਡੀਗੜ੍ਹ- ਇਥੋਂ ਦੇ ਸੈਕਟਰ-42 ਵਿੱਚ ਅਣਅਧਿਕਾਰਤ ਤੌਰ ’ਤੇ ਵਿਕ ਰਹੇ ਪਟਾਕਿਆਂ ਬਾਰੇ ਸ਼ਿਕਾਇਤ ਮਿਲਣ ’ਤੇ ਦੇਰ ਰਾਤ ਐੱਸਡੀਐੱਮ (ਸਾਊਥ) ਸੌਰਭ ਮਿਸ਼ਰਾ ਨੇ ਛਾਪਾ ਮਾਰ ਕੇ 20 ਲੱਖ ਰੁਪਏ ਦੇ ਪਟਾਕੇ ਬਰਾਮਦ ਕੀਤੇ ਅਤੇ ਮੌਕੇ ’ਤੇ ਪੁਲੀਸ ਨੂੰ ਵੀ ਬੁਲਾ ਕੇ ਫਟਕਾਰ ਲਗਾਈ। ਵੇਰਵਿਆਂ ਅਨੁਸਾਰ ਸੈਕਟਰ-42 ਦੇ ਅਟਾਵਾ ਰੋਡ ’ਤੇ ਕਰਿਆਨੇ ਦੀ ਦੁਕਾਨ ਵਿੱਚ ਕਾਫੀ ਦਿਨਾਂ ਤੋਂ ਪਟਾਕਿਆਂ ਦੀ ਅਣਅਧਿਕਾਰਤ ਵਿਕਰੀ ਹੋ ਰਹੀ ਸੀ ਅਤੇ ਦੁਕਾਨਦਾਰ ਕੋਲ ਪਟਾਕੇ ਵੇਚਣ ਲਈ ਲਾਇਸੈਂਸ ਵੀ ਨਹੀਂ ਸੀ। ਇਸ ਸਬੰਧੀ ਜਦੋਂ ਐੱਸਡੀਐੱਮ ਨੂੰ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਛਾਪਾ ਮਾਰਿਆ ਅਤੇ ਪਟਾਕੇ ਜ਼ਬਤ ਕੀਤੇ। ਨਿਰੀਖਣ ਦੌਰਾਨ ਦੁਕਾਨ ਦੀ ਬੇਸਮੈਂਟ ਵਿੱਚ ਵੀ ਤਲਾਸ਼ੀ ਲਈ ਗਈ ਤੇ ਨਾਜਾਇਜ਼ ਪਟਾਕੇ ਬਰਾਮਦ ਕੀਤੇ ਗਏ। ਬਾਅਦ ਵਿੱਚ ਪੁਲੀਸ ਨੇ ਦੁਕਾਨ ਅਤੇ ਬੇਸਮੈਂਟ ਨੂੰ ਸੀਲ ਕਰ ਦਿੱਤਾ। ਅੱਜ ਦਿਨ ਵੇਲੇ ਪੁਲੀਸ ਨੇ ਦੁਕਾਨਦਾਰ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ। ਇਲਾਕੇ ਦੇ ਥਾਣਾ ਮੁਖੀ ਨੇ ਦੱਸਿਆ ਕਿ ਅਣਅਧਿਕਾਰਤ ਤੌਰ ’ਤੇ ਪਟਾਕਿਆਂ ਦੀ ਹੋ ਰਹੀ ਵਿਕਰੀ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ। ਇਸੇ ਦੌਰਾਨ ਐੱਸਡੀਐੱਮ ਸੌਰਭ ਮਿਸ਼ਰਾ ਨੇ ਅਟਾਵਾ ਰੋਡ ’ਤੇ ਦੁਕਾਨ ਅਤੇ ਬੇਸਮੈਂਟ ਨੂੰ ਸੀਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੁਲ ਵੀਹ ਲੱਖ ਦੀ ਕੀਮਤ ਦੇ ਪਟਾਕੇ ਬਰਾਮਦ ਕੀਤੇ ਗਏ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਹੀ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦੇ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ਦੁਕਾਨਦਾਰਾਂ ਵੱਲੋਂ ਦਿੱਤੀਆਂ ਗਈਆਂ ਅਰਜ਼ੀਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੀਵਾਲੀ ਵਾਲੀ ਰਾਤ ਚੰਡੀਗੜ੍ਹ ਵਿੱਚ ਸਿਰਫ਼ ਤਿੰਨ ਘੰਟਿਆਂ ਲਈ ਹੀ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ।