ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ

(ਸਮਾਜ ਵੀਕਲੀ)

ਪ੍ਰਕਾਸ਼ ਖ਼ੁਸ਼ੀ ਤੇ ਹੁਲਾਸ ਦਾ ਪ੍ਰਤੀਕ ਹੈ। ਦੀਵਾਲੀ , ਗੁਰਪੁਰਬ , ਜਨਮ ਅਸ਼ਟਮੀ , ਵਿਆਹ ਸ਼ਾਦੀ ਤੇ ਹੋਰ ਧਾਰਮਿਕ ਸਮਾਗਮਾ ਆਦਿ ਖ਼ੁਸ਼ੀ ਦੇ ਮੌਕਿਆਂ ਤੇ ਦੀਵੇ ਤੇ ਲਾਈਟਸ ਵਿਸ਼ੇਸ਼ ਥਾਂ ਰੱਖਦੀਆਂ ਹਨ। ਹੁਣ ਦੀਵਿਆਂ , ਮੋਬਬੱਤੀਆਂ , ਲੈਂਪ , ਲਾਲਟੈਣ ਆਦਿ ਦੀ ਥਾਂ ਬਿਜਲਈ ਲਾਟੂਆਂ ਨੇ ਮੱਲ ਲਈ ਹੈ। ਦੇਸੀ ਘਿਓ ਜਾਂ ਤੇਲ ਦੇ ਦੀਵੇ ਪੂਜਾ ਕਰਨ ਤੇ ਜੋਤ ਜਗਾਉਣ ਤੱਕ ਸੀਮਿਤ ਹੋ ਗਏ ਹਨ। ਵਿਆਹ ਜਾਗੋ ਤੇ ਵੀ ਹਣ ਰੰਗ ਬਰੰਗੇ ਬਿਜਲਈ ਲਾਟੂ ਭਾਰੂ ਹੋ ਗਏ ਹਨ। ਡੀਜ਼ੇ ਦੇ ਰੰਗ ਵੀ ਬਿਜਲਈ ਲਾਟੂਆਂ ਬਿਨਾ ਫਿੱਕੇ ਲਗਦੇ ਹਨ।
ਦੀਵਾਲੀ ਨੂੰ ਦੀਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਭਾਰਤ ਵਿੱਚ ਦੀਵਾਲੀ ਦਾ ਤਿਉਹਾਰ ਸਭ ਧਰਮਾਂ ਵਾਲੇ ਬੜੇ ਹੁਲਾਸ ਨਾਲ ਮਨਾਉਂਦੇ ਹਨ।ਭਾਵੇਂ ਕਿ ਧਾਰਮਿਕ ਪੂਜਾ , ਪਟਾਕੇ ਤੇ ਮਠਿਆਈਆਂ ਆਦਿ ਦਾ ਦੀਵਾਲੀ ਨਾਲ ਗਹਿਰਾ ਸੰਬੰਧ ਹੈ ਪਰ ਦੀਵਿਆਂ ਬਿਨਾਂ ਦੀਵਾਲੀ ਅਧੂਰੀ ਹੈ।

ਦੀਵਾਲੀ ਵਾਲੀ ਰਾਤ ਮੰਦਰ ਤੇ ਗੁਰੂਦੁਆਰੇ ਆਦਿ ਧਾਰਮਿਕ ਅਸਥਾਨ ਦੀਵਿਆਂ ਦੀ ਲੋਅ ਨਾਲ ਜਗਮਗਜਗ ਕਰਦੇ ਹਨ। ਦੀਵਾਲੀ ਨੂੰ ਗੁਰੂਦਵਾਰਿਆਂ ਵਿੱਚ ਇਕ ਸ਼ਬਦ ਸਾਜ਼ਾਂ ਦੀਆਂ ਧੁਨੀਆਂ ਤੇ ਵਾਰ ਵਾਰ ਪੜ੍ਹਿਆ ਜਾਂਦਾ ਹੈ ਜਿਸਦੀ ਇਕ ਸਤਰ ਤੇ ਰਾਗੀ ਸਿੰਘ ਵਾਰ ਵਾਰ ਜ਼ੋਰ ਦਿੰਦੇ ਹਨ ਉਹ ਹੈ —–

ਦੀਵਾਲੀ ਕੀ ਰਾਤਿ ਦੀਵੇ ਬਾਲੀਅਨਿ।।

ਇਹ ਪੰਗਤੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦਰਜ ਹੈ। ਭਾਈ ਗੁਰਦਾਸ ਜੀ ਦੁਆਰਾ ਸੰਗਤਾਂ ਨੂੰ ਸਮਝਾਉਣ ਦਾ ਢੰਗ ਬੜਾ ਨਿਰਾਲਾ ਹੈ। ਭਾਈ ਸਾਹਿਬ ਅਸਲੀ ਥੀਮ ਸਮਝਾਉਣ ਲਈ ਸਮੇਂ ਦੀਆਂ ਪ੍ਰਚੱਲਿਤ ਕਈ ਕਈ ਉਦਾਹਰਣਾਂ ਸਂਝੀਆਂ ਕਰਦੇ ਹਨ ਤਾਂ ਕਿ ਮਨ ਵਿੱਚ ਕੋਈ ਭਰਮ ਭੁਲੇਖਾ ਨ ਰਹਿ ਜਾਵੇ। ਜਦੋਂ ਰਾਗੀ ਸਿੰਘ ਵਾਰ ਵਾਰ ਇਸ ਇਸ ਪੰਗਤੀ ਤੇ ਜ਼ੋਰ ਦਿੰਦੇ ਆ ਤਾਂ ਸਾਨੂੰ ਇਉਂ ਲਗਦਾ ਜਿਵੇਂ ਸਾਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲ਼ੋ ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਆਓ ਭਾਈ ਗੁਰਦਾਸ ਜੀ ਦੀ ਵਾਰ ਉਨੀਂਵੀ ਦੀ ਪਉੜੀ ਛੇਵੀਂ ਗੁਰਮੁਖ ਦੀ ਜੀਵਨ – ਜੁਗਤਿ ਵੀਚਾਰੀਏ —–

ਦੀਵਾਲੀ ਕੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰ ਭਾਲੀਅਨਿ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲਿਅਨਿ।
ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਨਿ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮਾਲੀਅਨਿ।।
( ਭਾਈ ਗੁਰਦਾਸ ਜੀ , ਵਾਰ ੧੯ , ਪਉੜੀ ੬ )

ਭਾਈ ਗੁਰਦਾਸ ਜੀ ਉਪਰੋਕਤ ਪਉੜੀ ਰਾਹੀਂ ਵੱਖ ਵੱਖ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ ਕਿ ਸੱਚੇ ਸ਼ਬਦ ਨਾਮ ਤੋਂ ਬਿਨਾ ਸੰਸਾਰ ਦੀ ਕੋਈ ਵੀ ਚੀਜ ਸਥਿਰ ਨਹੀਂ ਹੈ। ਅਸੀਂ ਦੀਵਾਲੀ ਦੀ ਰਾਤ ਨੂੰ ਜੋ ਦੀਵੇ ਜਗਾਉਂਦੇ ਹਾਂ ਉਹਨਾਂ ਦੀ ਰੌਸ਼ਨੀ ਥੋੜੇ ਸਮੇਂ ਲਈ ਹੀ ਹੁੰਦੀ ਹੈ , ਜਦੋਂ ਹੀ ਤੇਲ ਖਤਮ ਹੋਇਆ ਰੌਸ਼ਨੀ ਖਤਮ ਹੋ ਜਾਵੇਗੀ।ਦੀਵਾਲੀ ਦੇ ਦੀਵਿਆਂ ਦੀ ਖ਼ੁਸ਼ੀ ਥੋੜੇ ਸਮੇਂ ਲਈ ਹੁੰਦੀ ਹੈ। ਰਾਤ ਸਮੇਂ ਜੋ ਤਾਰੇ ਸਾਨੂੰ ਵਿਖਾਈ ਦਿੰਦੇ ਹਨ ਸਵੇਰੇ ਅਲੋਪ ਹੋ ਜਾਂਦੇ ਹਨ ਭਾਵ ਵਿਖਾਈ ਨਹੀਂ ਦਿੰਦੇ। ਫੁੱਲ ਦੇ ਬਾਗ ਬਗੀਚਿਆਂ ਵਿੱਚੋਂ ਮਾਲੀ ਚੁਣ ਚੁਣ ਕੇ ਵੱਡੇ ਸੋਹਣੇ ਫੁੱਲ ਤੋੜਦਾ ਹੈ ਜੋ ਥੋੜੇ ਸਮੇਂ ਬਾਅਦ ਮੁਰਝਾ ਜਾਂਦੇ ਹਨ।

ਤੀਰਥ ਸਥਾਨਾਂ ਤੇ ਲਗਦੇ ਜੋੜ ਮੇਲਿਆਂ ਦੇ ਦਿਨਾਂ ਵਿੱਚ ਭਾਰੀ ਰੌਣਕ ਹੁੰਦੀ ਹੈ , ਇਹ ਖ਼ੁਸ਼ੀ ਤੇ ਇਕੱਠ ਵੀ ਥੋੜੇ ਸਮੇਂ ਲਈ ਹੈ। ਤੀਰਥ ਯਾਤਰੂ ਘਰ ਮੁੜ ਆਉਂਦੇ ਤੀਰਥਾਂ ਦੀ ਰੌਣਕ ਸੱਖਣੀ ਹੋ ਜਾਂਦੀ ਹੈ। ਉੱਚੇ ਅੰਬਰ ਤੇ ਬੱਦਲਾਂ ਦੇ ਵੱਡੇ ਵੱਡੇ ਮਹਿਲ ਵਿਖਾਈ ਦਿੰਦੇ ਹਨ ਜਿੰਨਾਂ ਦੀ ਕੋਈ ਹੱਦ ਜਾਂ ਹੋਂਦ ਨਹੀਂ ਹੁੰਦੀ। ਇਹਨਾਂ ਸਭ ਉਦਾਹਰਣਾਂ ਤੋਂ ਪਤਾ ਲਗਦਾ ਹੈ ਕਿ ਸੰਸਾਰ ਦੇ ਪਦਾਰਥ ਨਾਸ਼ਵਾਨ ਹਨ ਤੇ ਸੰਸਾਰੀ ਪਦਾਰਥਾਂ ਦੀ ਖ਼ੁਸ਼ੀ ਥੋੜੇ ਸਮੇਂ ਲਈ ਹੁੰਦੀ ਹੈ। ਗੁਰਮੁੱਖ ਪੂਰੇ ਗੁਰੂ ਜੀ ਦੀ ਸ਼ਰਣ ਵਿੱਚ ਸਤੋ ਗੁਣ ਧਾਰਨ ਕਰਦਿਆਂ ਨਾਮ ਸਿਮਰਨ ਨਾਲ ਸੱਚੇ ਸ਼ਬਦ ਨਾਲ ਜੁੜਦੇ ਹਨ ਤੇ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹਨ। ਗੁਰਮੁੱਖ ਪਿਆਰੇ ਅਮੋਲਕ ਜੀਵਨ ਦਾ ਅਸਲ ਲਾਹਾ ਪ੍ਰਾਪਤ ਕਰਦੇ ਹਨ।

ਜਿਵੇਂ ਦੁਨਿਆਵੀ ਦੀਵਾ ਵੱਟੀ , ਤੇਲ ਜਾਂ ਘਿਓ ਤੇ ਅਗਨ ਬਿਨਾਂ ਨਹੀਂ ਜਗ ਸਕਦਾ , ਬਿਜਲਈ ਲਾਟੂ ਬਿਜਲੀ ਜਾਂ ਬੈਟਰੀ ਬਿਨਾਂ ਨਹੀਂ ਜਗ ਸਕਦੇ ਉਸੇ ਤਰਾਂ ਸਾਡਾ ਸਰੀਰ ਜੋ ਇਕ ਦੀਵਾ ਹੈ ਬਿਨਾਂ ਤੇਲ ਭਾਵ ਸਵਾਸ ਦੇ ਜਗਦਾ ਨਹੀਂ ਰਹਿ ਸਕਦਾ। ਪੂਰੇ ਗੁਰੂ ਜੀ ਦੀ ਬਖਸ਼ਿਸ਼ ਨਾਲ , ਗੁਰੂ ਜੀ ਦੇ ਉਪਦੇਸ਼ਾ ਨੂੰ ਗ੍ਰਹਿਣ ਕਰਕੇ , ਧਰਮ ਦੇ ਸੱਚੇ ਉਪਦੇਸ਼ਾਂ ਨੂੰ ਕਮਾ ਕੇ ਭਾਵ ਗੁਰਬਾਣੀ ਅਨੁਸਾਰ ਜੀਵਨ ਢਾਲ ਕੇ , ਪ੍ਰਭੂ ਸਿਮਰਨ ਕਰਦਿਆਂ ਪਰਮਾਤਮਾ ਦੇ ਭਉ ਦੀ ਵੱਟੀ ਸਰੀਰ ਰੂਪੀ ਦੀਵੇ ਵਿੱਚ ਰੱਖੀਏ। ਪਰਮਾਤਮਾ ਦੇ ਗਿਆਨ ਨੂੰ ਗ੍ਰਹਿਣ ਕਰਦਿਆਂ , ਸੱਚੇ ਗਿਆਨ ਦੀ ਅੱਗ ਨਾਲ ਤੇਲ (ਸਵਾਸਾਂ ਨੂੰ ਸਿਮਰਨ ਨਾਲ ਜੋੜਕੇ ) ਨੂੰ ਜਲਾਈਏ। ਅਸਲ ਦੀਵਾ ਪੂਰੇ ਗੁਰੂ ਜੀ ਦੀ ਦਇਆ ਮਿਹਰ ਬਖ਼ਸ਼ਿਸ਼ ਨਾਲ ਸਤੋ ਗੁਣੀ ਧਾਰਨ ਕਰਦਿਆਂ ਸਿਮਰਨ ਸੇਵਾ ਬੰਦਗੀ ਨਾਲ ਜਗਦਾ ਹੈ। ਜਦੋਂ ਰੂਹਾਨੀਅਤ ਦੇ ਮਾਰਗ ਤੇ ਸਿਮਰਨ ਬੰਦਗੀ ਰੂਪੀ ਤੇਲ ਨਾਲ ਦੀਵਾ ਜਲੇਗਾ ਤਾਂ ਰੱਬੀ ਨੂਰ ਪ੍ਰਕਾਸ਼ ਦਾ ਚਾਨਣ ਹੋਵੇਗਾ ਜਿਸ ਨਾਲ ਪ੍ਰਭੂ ਮਿਲਾਪ ਦਾ ਸਦੀਵੀ ਸੁੱਖ ਪ੍ਰਾਪਤ ਹੋਵੇਗਾ —-

ਬਿਨੁ ਤੇਲੁ ਦੀਵਾ ਕਿਉ ਜਲੈ।।ਰਹਾਉ।।
ਪੋਥੀ ਪੁਰਾਣ ਕਮਾਈਐ।।
ਭਉ ਵਟੀ ਇਤੁ ਤਨਿ ਪਾਈਐ।।
ਸਚੁ ਬੂਝਣੁ ਆਣਿ ਜਲਾਈਐ
ਇਹੁ ਤੇਲੁ ਦੀਵਾ ਇਉ ਜਲੈ।।
ਕਰਿ ਚਾਨਣੁ ਸਾਹਿਬ ਤਉ ਮਿਲੈ।।
( ਮ ੧ , ਅੰਗ ੨੫ )

ਜਦੋਂ ਅਕਾਲ ਪੁਰਖ ਜੀ ਦੀ ਦਇਆ ਮਿਹਰ ਨਾਲ ਸਿਮਰਨ ਕਰਦਿਆਂ ਮਨ ਤਨ ਸੱਚੀ ਬਾਣੀ ਨਾਲ ਜੁੜ ਜਾਂਦਾ ਹੈ
ਤਾਂ ਸੁੱਖ ਆਨੰਦ ਆਉਣਾ ਸੁਰੂ ਹੋ ਜਾਂਦਾ ਹੈ। ਇਹ ਦ੍ਰਿਸ਼ਟਮਾਨ ਸੰਸਾਰ ਨਾਸ਼ਵਾਨ ਹੈ , ਸਿਮਰਨ ਤੇ ਨਿਸ਼ਕਾਮ ਸੇਵਾ ਸਹਾਰੇ ਮਾਲਕ ਖ਼ੁਸ਼ ਹੋ ਕੇ ਦਰਗਾਹ ਦਾ ਸੁੱਖ ਬਖ਼ਸ ਦਿੰਦੇ ਹਨ। ਖ਼ੁਸ਼ੀ ਖੇੜੇ ਆਨੰਦ ਦੀ ਅਵਸਥਾ ਵਿੱਚ ਜੀਵ ਬਾਂਹ ਉਲਾਰਦਾ ਹੈ —–

ਇਤੁ ਤਨਿ ਲਾਗੈ ਬਾਣੀਆ।।
ਸੁਖੁ ਹੋਵੈ ਸੇਵ ਕਮਾਣੀਆ।।
ਸਭ ਦੁਨੀਆ ਆਵਣ ਜਾਣੀਆ।।
ਵਿਚਿ ਦੁਨੀਆ ਸੇਵ ਕਮਾਈਐ।।
ਤਾ ਦਰਗਹ ਬੈਸਣੁ ਪਾਈਐ।।
ਕਹੁ ਨਾਨਕ ਬਾਹ ਲੁਡਾਈਐ।।
( ਮ ੧ , ਅੰਗ ੨੫ –੨੬ )

ਪਰਮਾਤਮਾ ਦਾ ਨਾਮ ਹੀ ਸੱਚਾ ਦੀਵਾ ਹੈ ਜੋ ਸੱਚੀ ਆਤਮਿਕ ਖ਼ੁਸ਼ੀ ਪ੍ਰਦਾਨ ਕਰਦਾ ਹੈ। ਸਿਮਰਨ ਬੰਦਗੀ ਰੂਹਾਨੀਅਤ ਦੇ ਮਾਰਗ ਤੇ ਸਰੀਰ ਰੂਪੀ ਦੀਵੇ ਵਿੱਚੋਂ ਦੁੱਖ ਰੂਪੀ ਤੇਲ ਮੱਚ ਜਾਂਦਾ ਹੈ , ਨਾਮ ਦੇ ਲੜ ਲੱਗ ਕੇ ਜਮਾਂ ਦੀ ਮਾਰ ਦਾ ਡਰ ਖਤਮ ਹੋ ਜਾਂਦਾ ਹੈ ਤੇ ਸੱਚਾ ਸੁੱਖ ਪ੍ਰਾਪਤ ਹੁੰਦਾ ਹੈ —-

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ।।
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ।।
( ਮ ੧ , ਅੰਗ ੩੫੮ )

ਸਾਡੇ ਸਰੀਰ ਰੂਪੀ ਦੀਵੇ ਓਦੋਂ ਤੱਕ ਹੀ ਬੱਤੀ ਜਗੇਗੀ ਜਦੋਂ ਤੱਕ ਇਸ ਵਿੱਚ ਤੇਲ ਭਾਵ ਸਵਾਸ ਹਨ। ਜਿਵੇਂ ਹੀ ਤੇਲ ਭਾਵ ਸਵਾਸ ਮੁੱਕ ਗਏ ਇਹ ਸਰੀਰ ਰੂਪੀ ਦੀਵਾ ਬੁਝ ਜਾਵੇਗਾ। ਸਵਾਸ ਰੂਪੀ ਤੇਲ ਬਿਨਾਂ ਸਰੀਰ ਰੂਪੀ ਦੀਵਾ ਸੁੰਨਾਂ ਹੋ ਜਾਵੇਗਾ , ਸਾਰੇ ਇਸ ਤੋਂ ਡਰਨਗੇ ਤੇ ਛੇਤੀ ਤੋਂ ਛੇਤੀ ਫੂਕਣ ਲਈ ਕਾਹਲੇ ਪੈਣਗੇ। ਇਸ ਲਈ ਸਦਾ ਸਾਥ ਨਿਭਾਉਣ ਵਾਲੇ ਪਰਮਾਤਮਾ ਦਾ ਸਿਮਰਨ ਕਰੀਏ ਜੋ ਸਦੀਵੀ ਖ਼ੁਸ਼ੀ ਆਨੰਦ ਖੇੜਾ ਪ੍ਰਦਾਨ ਕਰੇਗਾ —-

ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ।।
ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ।।
ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ।।
ਤੂੰ ਰਾਮ ਨਾਮੁ ਜਪਿ ਸੋਈ।। ( ਭਗਤ ਕਬੀਰ ਜੀ , ਅੰਗ ੪੭੭ –੭੮)

ਸੋ ਜਦੋਂ ਹੀ ਸਵਾਸ ਨਿੱਕਲੇ ਸਾਡੇ ਸਭ ਦੁਨਿਆਵੀ ਰਿਸਤੇ ਸਾਥ ਛੱਡ ਜਾਣਗੇ , ਹਰ ਕੋਈ ਘਰੋਂ ਬਾਹਰ ਕੱਢਣ ਲਈ ਕਾਹਲਾ ਹੋਵੇਗਾ। ਆਪੋ ਆਪਣੇ ਰਿਸ਼ਤਿਆਂ ਮੁਤਾਬਕ ਮਾਂ , ਘਰਵਾਲੀ ਆਦਿ ਵਿਰਲਾਪ ਕਰਨਗੇ ਪਰ ਜਾਣਾ ਇਕੱਲੇ ਜੀਵ ਨੂੰ ਹੀ ਪਵੇਗਾ। ਸਾਨੂੰ ਆਪਣੇ ਕਰਮਾਂ ਦਾ ਹਿਸਾਬ ਆਪ ਹੀ ਦੇਣਾ ਪਵੇਗਾ। ਜੇ ਅਸੀਂ ਸਵਾਸ ਰਹਿੰਦਿਆ ਸਿਮਰਨ ਬੰਦਗੀ ਨਹੀਂ ਕਰਾਂਗੇ , ਮਾਇਆ ਦੇ ਚੁੰਗਲ ਕਾਲ ਜਾਲ ਵਿੱਚ ਫਸੇ ਰਹਾਂਗੇ ਤਾਂ ਜਮਾਂ ਦੀ ਮਾਰ ਦਾ ਭਾਰੀ ਦੁੱਖ ਸਹਾਰਨਾ ਪਵੇਗਾ —–

ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ।।
ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ।।
ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ।।
ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ।।
ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ।।
ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ।
( ਭਗਤ ਕਬੀਰ ਜੀ , ਅੰਗ ੪੭੮ )

ਆਓ ਸੱਚੇ ਗੁਰੂ ਜੀ ਦੀ ਸ਼ਰਨ ਵਿੱਚ ਗੁਰੂ ਜੀ ਦੇ ਉਪਦੇਸ਼ਾਂ ਤੇ ਪਹਿਰਾ ਦਈਏ ਤੇ ਗੁਰਬਾਣੀ ਅਨੁਸਾਰ ਜੀਵਨ ਢਾਲਣ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਸੁਮੱਤ ਬਖ਼ਸ਼ਣ , ਸਾਡੇ ਔਗੁਣ ਨਾ ਚਿਤਾਰਦੇ ਹੋਏ ਨਾਮ ਬਾਣੀ ਨਾਲ ਜੋੜਨ ਦੀ ਕਿਰਪਾ ਕਰਨ।

ਇਕਬਾਲ ਸਿੰਘ ਪੁੜੈਣ
ਲੈਕਚਰਾਰ ਕਮਰਸ
8872897500

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਮਾਨਸਿਕ ਸਿਹਤ ਦਿਵਸ
Next articleਪੁਰਖਿਆਂ ਦੇ ਸੰਘਰਸ਼ ਦਾ ਸਾਥੀ