ਦੀਪ ਸਿੱਧੂ ਦੀ ਪੁਲੀਸ ਹਿਰਾਸਤ ਸੱਤ ਦਿਨ ਵਧਾਈ

ਨਵੀਂ ਦਿੱਲੀ (ਸਮਾਜ ਵੀਕਲੀ): ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹਾ ਦੀਆਂ ਘਟਨਾਵਾਂ ਅਤੇ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਦੀਪ ਸਿੱਧੂ ਨੂੰ ਅੱਜ 7 ਦਿਨਾ ਰਿਮਾਂਡ ਖ਼ਤਮ ਹੋਣ ਮਗਰੋਂ ਮੁੜ ਸਥਾਨਕ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਦੀਪ ਸਿੱਧੂ ਦਾ ਰਿਮਾਂਡ 7 ਦਿਨ ਲਈ ਹੋਰ ਵਧਾ ਦਿੱਤਾ ਗਿਆ। ਪੁਲੀਸ ਵੱਲੋਂ ਉਸ ਤੋਂ ਹੋਰ ਪੁੱਛ-ਪੜਤਾਲ ਕਰਨ ਤੇ ਸਾਥੀਆਂ ਬਾਰੇ ਪਤਾ ਲਾਉਣ ਲਈ ਰਿਮਾਂਡ ਵਿੱਚ ਵਾਧੇ ਦੀ ਮੰਗ ਕੀਤੀ ਗਈ ਸੀ।

ਸਿੱਧੂ ਦੇ ਵਕੀਲ ਨੇ ਅਦਾਲਤ ’ਚ ਹੋਰ ਰਿਮਾਂਡ ਦਾ ਵਿਰੋਧ ਕਰਦੇ ਹੋਏ ਤਰਕ ਦਿੱਤਾ ਕਿ ਹਿੰਸਕ ਕਾਰਵਾਈਆਂ ਨਾਲ ਦੀਪ ਦਾ ਕੋਈ ਲੈਣ-ਦੇਣ ਨਹੀਂ ਹੈ। ਉਹ ਗਲਤ ਸਮੇਂ ਗਲਤ ਥਾਂ ਉਪਰ ਸੀ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਨੂੰ ਦਿੱਲੀ ਪੁਲੀਸ ਨੇ ਵੱਖ-ਵੱਖ ਧਾਰਾਵਾਂ ਹੇਠ ਹਰਿਆਣਾ ਦੇ ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਸੀ। ਨੌਂ ਫਰਵਰੀ ਨੂੰ ਉਸ ਨੂੰ 7 ਦਿਨਾਂ ਦੇ ਰਿਮਾਂਡ ਉਪਰ ਭੇਜਿਆ ਗਿਆ ਸੀ। ਪੁਲੀਸ ਮੁਤਾਬਕ ਉਹ ਲਾਲ ਕਿਲ੍ਹੇ ਦੀਆਂ ਘਟਨਾਵਾਂ ਦਾ ਅਹਿਮ ਮੁਲਜ਼ਮ ਹੈ ਜਿਸ ਨੇ ਲੋਕਾਂ ਨੂੰ ਕਥਿਤ ਤੌਰ ’ਤੇ ਭੜਕਾਇਆ ਸੀ।

ਪੁਲੀਸ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਉਸ ਦੀਆਂ ਵੀਡੀਓਜ਼ ਜਨਤਕ ਹਨ ਜਿਸ ਤੋਂ ਉਸ ਦੀ ਸ਼ਮੂਲੀਅਤ ਦਾ ਪਤਾ ਲੱਗਦਾ ਹੈ। ਸਾਥੀ ਸਾਜ਼ਿਸ਼ਕਰਤਾ ਦੀ ਪਛਾਣ ਲਈ ਕਈ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕੀਤੀ ਜਾਣੀ ਹੈ। ਉਸ ਦਾ ਸਥਾਈ ਪਤਾ ਨਾਗਪੁਰ ਦਾ ਦਿੱਤਾ ਗਿਆ ਹੈ ਪਰ ਅਗਲੀ ਜਾਂਚ ਲਈ ਪੰਜਾਬ ਤੇ ਹਰਿਆਣਾ ਦੇ ਕਈ ਥਾਵਾਂ ਦਾ ਦੌਰਾ ਕਰਨ ਦੀ ਲੋੜ ਹੈ। ਪੁਲੀਸ ਨੇ ਕਿਹਾ ਸੀ ਕਿ ਸਿੱਧੂ ਨੂੰ ਉਸ ਵਿਅਕਤੀ ਨਾਲ ਬਾਹਰ ਆਉਂਦੇ ਦੇਖਿਆ ਜਾ ਸਕਦਾ ਹੈ ਜਿਸ ਨੇ ਝੰਡਾ ਲਹਿਰਾਇਆ ਸੀ ਤੇ ਉਸ ਨੂੰ ਵਧਾਈ ਦੇ ਰਿਹਾ ਸੀ। ਪੁਲੀਸ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੀੜ ਨੇ ਪੁਲੀਸ ਦੇ ਕੁੱਲ 20 ਰੌਂਦਾਂ ਨਾਲ ਭਰੇ ਦੋ ਮੈਗਜ਼ੀਨ ਖੋਹ ਲਏ ਸਨ।

Previous articleਨੱਢਾ ਤੇ ਸ਼ਾਹ ਵੱਲੋਂ ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਆਗੂਆਂ ਨਾਲ ਮੀਟਿੰਗ
Next articleਕਿਰਨ ਬੇਦੀ ਨੂੰ ਉਪ ਰਾਜਪਾਲ ਦੇ ਅਹੁਦੇ ਤੋਂ ਹਟਾਇਆ