ਪ੍ਰਿਯੰਕਾ ਨੇ ਰਾਜੀਵ ਗਾਂਧੀ ਦੀ ਹੱਤਿਆ ਬਾਰੇ ਪੁੱਛੇ ਸੀ ਸਵਾਲ: ਨਲਿਨੀ

ਚੇਨੱਈ (ਸਮਾਜ ਵੀਕਲੀ) : ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਦੇ ਕੇਸ ’ਚੋਂ ਰਿਹਾਅ ਹੋਏ ਦੋਸ਼ੀਆਂ ’ਚੋਂ ਇੱਕ ਨਲਿਨੀ ਸ੍ਰੀਹਰਨ ਨੇ ਅੱਜ ਇੱਥੇ ਕਿਹਾ ਕਿ ਪ੍ਰ੍ਰਿੰਯਕਾ ਗਾਂਧੀ ਨੇ ਸਾਲ 2008 ’ਚ ਉਸ ਨਾਲ ਜੇਲ੍ਹ ’ਚ ਮੁਲਾਕਾਤ ਕੀਤੀ ਸੀ ਤੇ ਇਸ ਦੌਰਾਨ ਉਨ੍ਹਾਂ ਆਪਣੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਬਾਰੇ ਵੀ ਪੁੱਛਿਆ ਸੀ। ਨਲਿਨੀ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਿਯੰਕਾ ਗਾਂਧੀ ਜਦੋਂ ਇੱਕ ਦਹਾਕਾ ਪਹਿਲਾਂ ਵੈਲੂਰ ਦੀ ਕੇਂਦਰੀ ਜੇਲ੍ਹ ’ਚ ਉਸ ਨੂੰ ਮਿਲੀ ਤਾਂ ਉਹ ਜਜ਼ਬਾਤੀ ਹੋ ਕੇ ਰੋਣ ਲੱਗ ਪਈ ਸੀ। ਫਿਲਹਾਲ ਕਾਂਗਰਸ ਪਾਰਟੀ ਦੀ ਆਗੂ ਨੇ ਨਲਿਨੀ ਨਾਲ ਮੁਲਾਕਾਤ ਦੌਰਾਨ ਆਪਣੇ ਪਿਤਾ ਦੀ ਹੱਤਿਆ ਬਾਰੇ ਜਾਣਨਾ ਚਾਹਿਆ ਸੀ। ਨਲਿਨੀ ਨੇ ਕਿਹਾ ਕਿ ਉਹ ਜੋ ਕੁਝ ਵੀ ਜਾਣਦੀ ਸੀ, ਉਸ ਬਾਰੇ ਪ੍ਰਿਯੰਕਾ ਨੂੰ ਦੱਸ ਦਿੱਤਾ।

ਨਲਿਨੀ ਨੇ ਕਿਹਾ ਕਿ ਮੁਲਾਕਾਤ ਦੌਰਾਨ ਹੋਈਆਂ ਹੋਰ ਗੱਲਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਪ੍ਰਿਯੰਕਾ ਦੇ ਨਿੱਜੀ ਵਿਚਾਰਾਂ ਨਾਲ ਸਬੰਧਤ ਹੈ। ਨਲਿਨੀ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਸ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਕੀਤੇ ਜਾਣ ਦੀ ਸਾਜ਼ਿਸ਼ ਬਾਰੇ ਪਤਾ ਨਹੀਂ ਸੀ। ਉਸ ਨੇ ਕਿਹਾ ਕਿ ਉਹ ਰਾਜਵੀ ਗਾਂਧੀ ਦੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਹੈ ਤੇ ਉਸ ਸਚਮੁਚ ਰਾਜੀਵ ਗਾਂਧੀ ਦੀ ਹੱਤਿਆ ਕੀਤੇ ਜਾਣ ਕਾਰਨ ਦੁਖੀ ਹੈ। ਉਸ ਨੇ ਕਿਹਾ ਕਿ ਉਹ ਹੁਣ ਆਮ ਜ਼ਿੰਦਗੀ ਜਿਊਣਾ ਚਾਹੁੰਦੀ ਹੈ। ਚੇਨੱਈ ਜਾਂ ਲੰਡਨ ’ਚ ਆਪਣੀ ਲੜਕੀ ਕੋਲ ਜਾ ਕੇ ਰਹਿਣ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਉਸ ਨੇ ਇਸ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਨਲਿਨੀ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ 12 ਨਵੰਬਰ ਨੂੰ ਇਸ ਕੇਸ ਦੇ ਪੰਜ ਹੋਰ ਦੋਸ਼ੀਆਂ ਨਾਲ ਰਿਹਾਅ ਕਰ ਦਿੱਤਾ ਗਿਆ ਸੀ। 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਜੋੜੋ ਯਾਤਰਾ ਨੇ ਰਾਹੁਲ ਦਾ ਅਸਲ ਅਕਸ ਉਭਾਰਿਆ: ਕਨ੍ਹੱਈਆ
Next articleਅਯੁੱਧਿਆ ਵਿੱਚ ਮਸਜਿਦ ਦੀ ਉਸਾਰੀ ਦਸੰਬਰ 2023 ਤੱਕ ਮੁਕੰਮਲ ਹੋਣ ਦੀ ਆਸ