ਆਟੋ ਰਿਕਸ਼ਾ ਯੂਨੀਅਨ ਤੇ ਮ੍ਰਿਤਕ ਦੇ ਵਾਰਸਾਂ ਨੇ ਧਰਨਾ ਲਾਇਆ;
ਬੱਸ ਡਰਾਈਵਰ ਗ੍ਰਿਫ਼ਤਾਰ
ਇੱਥੇ ਐੱਲਆਈਸੀ ਬੀਮਾ ਕੰਪਨੀ ਦੇ ਦਫ਼ਤਰ ਸਾਹਮਣੇ ਜੀਟੀ ਰੋਡ ’ਤੇ ਦੀਪ ਕੰਪਨੀ ਦੀ ਬੱਸ ਦੀ ਲਪੇਟ ਵਿਚ ਆਉਣ ਕਾਰਨ ਆਟੋ ਚਾਲਕ ਮਲਕੀਤ ਸਿੰਘ ਵਾਸੀ ਏਕਤਾ ਨਗਰ ਦੀ ਮੌਤ ਹੋ ਗਈ ਤੇ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਗਰੋਂ ਮ੍ਰਿਤਕ ਦੇ ਵਾਰਸਾਂ ਤੇ ਰਿਸ਼ਤੇਦਾਰਾਂ ਨੇ ਆਟੋ ਰਿਕਸ਼ਾ ਯੂਨੀਅਨ ਦੇ ਆਗੂਆਂ ਦੀ ਅਗਵਾਈ ਹੇਠ ਕੌਮੀ ਹਾਈਵੇਅ ਜਾਮ ਕਰ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਦੋਸ਼ ਸੀ ਕਿ ਪੁਲੀਸ ਮਾਮਲੇ ਸਬੰਧੀ ਠੋਸ ਕਾਰਵਾਈ ਨਹੀਂ ਕਰ ਰਹੀ। ਧਰਨੇ ਵਿਚ ਸ਼ਾਮਲ ਹੋਏ ਪ੍ਰਤੱਖ ਦਰਸ਼ੀਆਂ ਅਨੁਸਾਰ ਬੱਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਸੰਤੁਲਨ ਵਿਗੜ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਧਰਨੇ ਦੌਰਾਨ ਪੁੱਜੇ ਡੀਐੱਸਪੀ ਭੁਪਿੰਦਰ ਸਿੰਘ ਰੰਧਾਵਾ ਨੇ ਪੀੜਤ ਪਰਿਵਾਰ ਨੂੰ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪਰਿਵਾਰ ਦੇ ਕੋਈ ਵੀ ਦੋ ਮੈਂਬਰ ਥਾਣੇ ਵਿਚ ਜਾ ਕੇ ਦੇਖ ਸਕਦੇ ਹਨ। ਇਸ ਮਗਰੋਂ ਪੀੜਤ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ।