ਦੀਪਕ

(ਸਮਾਜ ਵੀਕਲੀ)

ਮਨੁੱਖ ਦਾ ਸਾਰਾ ਜੀਵਨ ਭਾਵਨਾਵਾਂ ਅਤੇ ਉਤਸ਼ਾਹ ‘ਤੇ ਕੇਂਦਰਿਤ ਰਹਿੰਦਾ ਹੈ। ਸਾਡੇ ਅੰਦਰ ਭਾਵਨਾਵਾਂ ਦੀ ਮਿੱਠੀ – ਮਿੱਠੀ ਤੇ ਕੋਮਲ ਤਰੰਗ – ਧੁਨ ਚੱਲੀ ਰਹਿੰਦੀ ਹੈ। ਇਹ ਕੋਮਲ , ਨਾਜ਼ੁਕ , ਮਿਠਾਸ ਭਰੀਆਂ ਅਤੇ ਆਸਵੰਦ ਭਾਵਨਾਵਾਂ ਜੀਵਨ ਨੂੰ ਗਤੀ ਦਿੰਦੀਆਂ ਰਹਿੰਦੀਆਂ ਹਨ। ਉਤਸ਼ਾਹ ਵੀ ਜੀਵਨ ਜਿਊਣ ਦਾ ਧੁਰਾ ਹੈ। ਉਤਸ਼ਾਹ ਮਨੁੱਖਾ ਜੀਵਨ ਵਿੱਚ ਇੱਕ ਨਵੀਂ ਰੂਹ ਫੂਕ ਦਿੰਦਾ ਹੈ।

ਜੇਕਰ ਥੋੜ੍ਹਾ ਗਹੁ ਨਾਲ ਵਾਚੀਏ ਤਾਂ ਮਹਿਸੂਸ ਹੁੰਦਾ ਹੈ ਕਿ ਸਾਡੀਆਂ ਸੱਧਰਾਂ – ਭਾਵਨਾਵਾਂ ਤੇ ਉਤਸ਼ਾਹ ਸਾਨੂੰ ਅਨੰਤ , ਅਦਭੁੱਤ ਤੇ ਅਨਮੋਲ ਊਰਜਾ , ਅੰਦਰੂਨੀ ਖ਼ੁਸ਼ੀ – ਖੇੜਾ , ਸਕੂਨ ਅਤੇ ਅਗਲੇਰੀ ਤਾਂਘ ਪ੍ਰਦਾਨ ਕਰਦੇ ਹਨ। ਇਸ ਲਈ ਸਾਡੇ ਅੰਦਰ ਭਾਵਨਾਵਾਂ ਅਤੇ ਉਤਸ਼ਾਹ ਦਾ ਹੋਣਾ ਜੀਵਨ ਜਿਉਣ ਲਈ ਬਹੁਤ ਜ਼ਰੂਰੀ ਹੈ। ਭਾਵਨਾਵਾਂ ਅਤੇ ਉਤਸ਼ਾਹ ਵਿਹੂਣਾ ਜੀਵਨ ਜ਼ਿੰਦਾ ਲਾਸ਼ ਬਣ ਕੇ ਰਹਿ ਜਾਂਦਾ ਹੈ। ਅਜਿਹੇ ਜੀਵਨ ਉੱਤੇ ਜ਼ਿੰਦਗੀ ਦੀਆਂ ਚੰਗੀਆਂ – ਬੁਰੀਆਂ ਘਟਨਾਵਾਂ ਦਾ ਬਹੁਤਾ ਪ੍ਰਭਾਵ ਨਹੀਂ ਪੈਂਦਾ।

ਸ਼ਾਇਦ ਇਹ ਵੀ ਜੀਵਨ ਦੀ ਕੋਈ ਉੱਚ – ਸਥਿਤੀ ਹੋਵੇ , ਪਰ ਭਾਵਨਾਵਾਂ ਤੇ ਉਤਸ਼ਾਹ ਜੀਵਨ ਵਿਚ ਸਕਾਰਾਤਮਕਤਾ ਲਿਆਉਂਦੇ ਹਨ। ਭਾਵਨਾਵਾਂ ਅਤੇ ਉਤਸ਼ਾਹ ਨਾਲ ਰਮਿਆ ਜੀਵਨ ਦੂਸਰਿਆਂ ਨੂੰ ਵੀ ਖੁਸ਼ੀ , ਸਕੂਨ , ਉਤਸ਼ਾਹ , ਨਵੀਂ ਉਮੰਗ – ਤਰੰਗ ਤੇ ਸਫ਼ਲਤਾ ਵੰਡਦਾ ਰਹਿੰਦਾ ਹੈ। ਮੈਂ ਤਾਂ ਕਹਾਂਗਾ ਕਿ ਭਾਵਨਾਵਾਂ ਤੇ ਉਤਸ਼ਾਹ ਜੀਵਨ ਦਾ ਦੀਪਕ ਹੈ , ਜੋ ਸਕਾਰਾਤਮਕਤਾ , ਆਸ , ਅਨੰਦ ਅਤੇ ਖੇੜਾ ਖ਼ੁਦ ਨੂੰ ਵੀ ਪ੍ਰਦਾਨ ਕਰਦਾ ਹੈ ਅਤੇ ਆਪਣੇ ਆਸ – ਪਾਸ ਵੀ ਵੰਡਦਾ ਹੈ।

ਇਸ ਲਈ ਸਾਨੂੰ ਸਭ ਨੂੰ ਆਪਣੇ ਆਲੇ – ਦੁਆਲੇ ਦੇ ਲੋਕਾਂ , ਘਰ – ਪਰਿਵਾਰ ਦੇ ਮੈਂਬਰਾਂ , ਸੰਗੀ – ਸਾਥੀਆਂ , ਕਰਮਚਾਰੀਆਂ ਤੇ ਸਹਿ – ਕਰਮੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਅੰਦਰ ਪਣਪ ਰਹੇ ਅਦਵਿੱਤੀਯਾ ਉਤਸ਼ਾਹ ਨੂੰ ਸਵੀਕਾਰ ਕਰਦੇ ਹੋਏ , ਉਸ ਉਤਸ਼ਾਹ ਨੂੰ ਚੰਗਾ ਹੁਲਾਰਾ ਦੇਣਾ ਚਾਹੀਦਾ ਹੈ। ਕਦੇ ਭੁੱਲ ਕੇ ਵੀ ਦੂਸਰਿਆਂ ਦੀਆਂ ਮਨੋ – ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਸਗੋਂ ਦੂਸਰਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਉਨ੍ਹਾਂ ਦੇ ਸਕਾਰਾਤਮਕ ਉਤਸ਼ਾਹ ਨੂੰ ਤੇ ਉਨ੍ਹਾਂ ਦੇ ਵਲਵਲਿਆਂ ਨੂੰ ਕਦੇ ਵੀ ਖੰਡਿਤ ਨਹੀਂ ਕਰਨਾ ਚਾਹੀਦਾ। ਸ਼ਾਇਦ ਇਹ ਸੱਚੀ ਮਾਨਵਤਾ , ਸੱਚੀ ਪੂਜਾ ਅਤੇ ਸੱਚੀ ਅਪਣੱਤ ਵੀ ਹੋਵੇ। ਕਿਉਂ ਜੋ , ਸਾਡੇ ਵੱਲੋਂ ਕਿਸੇ ਪ੍ਰਾਣੀ ਦੀਆਂ ਮਨੋ – ਭਾਵਨਾਵਾਂ ਤੇ ਉਤਸ਼ਾਹ ਨੂੰ ਖੰਡਤ ਕਰਨ ਤੋਂ ਬਾਅਦ , ਸ਼ਾਇਦ ਉਹ ਜੀਵ ਜ਼ਿੰਦਗੀ ਵਿੱਚ ਪਿੱਛੇ ਰਹਿ ਜਾਵੇ ਜਾਂ ਕਾਮਯਾਬੀ ਪੱਖੋਂ ਕਾਫ਼ੀ ਅੱਗੇ ਵੀ ਵੱਧ ਸਕਦਾ ਹੈ। ਉਹ ਭਾਵੇਂ ਕਿਸੇ ਵੀ ਸਥਿਤੀ ‘ਤੇ ਪਹੁੰਚੇ , ਪਰ ਇਹ ਜ਼ਰੂਰ ਹੋ ਸਕਦਾ ਹੈ ਕਿ ਉਸ ਅੰਦਰੋਂ ਸਕਾਰਾਤਮਕ ਭਾਵਨਾਵਾਂ ਤੇ ਉਤਸ਼ਾਹ ਖ਼ਤਮ ਹੋ ਗਏ ਹੋਣ।

ਹੋ ਸਕਦਾ ਹੈ ਅਜਿਹਾ ਜੀਵਨ ਇੱਕ ਜ਼ਿੰਦਾ ਲਾਸ਼ ਬਣ ਗਿਆ ਹੋਵੇ , ਪਰ ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਵਲਵਲਿਆਂ , ਆਪਣੀਆਂ ਮਨੋ – ਭਾਵਨਾਵਾਂ , ਆਪਣੇ ਉਤਸ਼ਾਹ ਤੇ ਆਪਣੀਆਂ ਮਨੋ – ਬਿਰਤੀਆਂ ਦੇ ਨਾਲ਼ – ਨਾਲ਼ ਦੂਸਰਿਆਂ ਦੀਆਂ ਭਾਵਨਾਵਾਂ , ਉਤਸ਼ਾਹ ਤੇ ਵਲਵਲਿਆਂ ਦੀ ਵੀ ਕਦਰ ਕਰੀਏ , ਉਨ੍ਹਾਂ ਨੂੰ ਜ਼ਰੂਰ ਸਮਝੀਏ ਅਤੇ ਸਮਰੱਥਾ ਅਨੁਸਾਰ ਉਸ ਦਾ ਸਨਮਾਨ ਕਰੀਏ , ਤਾਂ ਜੋ ਕਿਸੇ ਦਾ ਯਥਾਸੰਭਵ ਮਾਣ – ਸਤਿਕਾਰ ਹੋ ਸਕੇ ਤੇ ਆਦਰ – ਮਾਣ ਬਣਿਆ ਵੀ ਰਹੇ ਅਤੇ ਜੀਵਨ ਦਾ ” ਦੀਪਕ ” , ਜੋ ਕਿ ਭਾਵਨਾਵਾਂ ਅਤੇ ਉਤਸ਼ਾਹ ਨਾਲ ਜਗਮਗਾਉਂਦਾ ਹੈ , ਉਹ ਹਰ ਮਾਨਵ ਅੰਦਰ ਜਗਮਗਾਉਂਦਾ ਰਹੇ।

” ਭਾਵਨਾਵਾਂ ਅਤੇ ਉਤਸ਼ਾਹ ਨੂੰ ,
ਆਓ ! ਵੰਡੀਏ , ਸਤਿਕਾਰੀਏ ਅਤੇ
ਰੱਖੀਏ ਸੰਭਾਲ ਕੇ ,
ਇਨ੍ਹਾਂ ਦਾ ਨਾ ਘਾਣ ਕਰੀਏ ,
ਨਾ ਕਰੀਏ ਕਿਸੇ ਨੂੰ ਬੇ – ਹਾਲਕੇ । ”

ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.

Previous articleDocumentary on Chaityabhoomi: An Appeal for Crowdfunding
Next articleਹੈਪੀ ਸੀਡਰ ਨਾਲ ਬਿਜਾਈ ਦਾ ਖਰਚਾ ਘਟਿਆ ਅਤੇ ਨਦੀਨਾਂ ਤੋਂ ਮਿਲੀ ਮੁਕਤੀ ।ਸਨਦੀਪ ਸਿੰਘ, ਏ ਡੀ ਓ