ਟਾਕੀ (ਪੱਛਮੀ ਬੰਗਾਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਸਰਕਾਰ ’ਤੇ ਜ਼ੋਰਦਾਰ ਹਮਲਾ ਬੋਲਦਿਆਂ ਬੁੱਧਵਾਰ ਨੂੰ ਕਿਹਾ ਕਿ ਉਹ ਪੱਛਮੀ ਬੰਗਾਲ ’ਚ ਸਭ ਕੁਝ ਤਬਾਹ ਕਰਨ ’ਤੇ ਤੁਲੀ ਹੋਈ ਹੈ ਅਤੇ ਲੋਕਾਂ ਦੇ ਯਕੀਨ ਤੇ ਹੌਸਲੇ ਨਾਲ ‘ਤਸੀਹੇ’ ਦੇਣ ਵਾਲਾ ਰਾਜ ਛੇਤੀ ਖ਼ਤਮ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ‘ਡੈਮੋਕ੍ਰੇਸੀ’ (ਲੋਕਤੰਤਰ) ‘ਗੁੰਡਾਕ੍ਰੇਸੀ’ ਵਿਚ ਤਬਦੀਲ ਹੋ ਗਈ ਹੈ। ਮੋੋਦੀ ਨੇ ਕਿਹਾ ਕਿ ਸੂਬੇ ਵਿਚ ਐਮਰਜੈਂਸੀ ਵਰਗੇ ਹਾਲਾਤ ਹਨ। ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਪੈਂਦੇ ਟਾਕੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਮੁਲਕ ਨੇ ਦੇਖਿਆ ਕਿ ਕਿਵੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ’ਤੇ ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਲੋਕ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਨੇ ਆਖਿਆ ਸੀ ਕਿ ਭਾਜਪਾ ਤੋਂ ਟੀਐਮਸੀ ਬਦਲਾ ਲਏਗੀ। ‘ਦੀਦੀ ਭਾਜਪਾ ਦੇ ਪੱਛਮੀ ਬੰਗਾਲ ’ਚ ਉਭਾਰ ਤੋਂ ਡਰ ਗਈ ਹੈ। ਸੂਬੇ ਦੇ ਲੋਕਾਂ ਨੇ ਉਸ ਨੂੰ ਮੁੱਖ ਮੰਤਰੀ ਬਣਾ ਕੇ ਆਦਰ ਦਿੱਤਾ ਸੀ। ਪਰ ਸੱਤਾ ਦੀ ਭੁੱਖੀ ਮਮਤਾ ਬੈਨਰਜੀ ਲੋਕਤੰਤਰ ਦਾ ਸਾਹ ਘੁੱਟਣ ’ਤੇ ਲੱਗੀ ਹੋਈ ਹੈ।’ ਮਮਤਾ ’ਤੇ ਹਮਲੇ ਜਾਰੀ ਰਖਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਸ ਨੇ ਚਿੱਟ ਫੰਡ ਘੁਟਾਲੇ ’ਚ ਲੋਕਾਂ ਦੇ ਪੈਸੇ ਨੂੰ ਲੁੱਟਿਆ ਅਤੇ ਜਦੋਂ ਉਨ੍ਹਾਂ ਸਫਾਈ ਮੰਗੀ ਤਾਂ ਉਨ੍ਹਾਂ ਨੂੰ ਗਾਲ੍ਹਾਂ ਦਿੱਤੀਆਂ ਗਈਆਂ। ‘ਲੋਕਤੰਤਰ ਨੇ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਅਤੇ ਤੁਸੀਂ ਉਸ ਦਾ ਕਤਲ ਕਰ ਰਹੇ ਹੋ। ਪੂਰਾ ਮੁਲਕ ਤੁਹਾਡੇ ਕਾਰਿਆਂ ਨੂੰ ਦੇਖ ਰਿਹਾ ਹੈ। ਦੀਦੀ ਨੂੰ ਸੱਤਾ ’ਚ ਨਹੀਂ ਰਹਿਣਾ ਚਾਹੀਦਾ ਹੈ। ਪਿਛਲੇ ਚਾਰ-ਪੰਜ ਸਾਲਾਂ ’ਚ ਉਸ ਨੇ ਆਪਣਾ ਰੰਗ ਦਿਖਾ ਦਿੱਤਾ ਹੈ।’ ਉਨ੍ਹਾਂ ਸੂਬੇ ਦੇ ‘ਭੱਦਰ ਲੋਕਾਂ ਵਾਲੇ’ ਸੱਭਿਆਚਾਰ ਨੂੰ ਨਸ਼ਟ ਕਰਨ ਲਈ ਮਮਤਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਬੰਗਲਾ ਦੇ ਲੋਕਾਂ ਨੇ ਮਮਤਾ ਬੈਨਰਜੀ ਦੇ ‘ਜ਼ਾਲਮਾਨਾ ਸ਼ਾਸਨ’ ਦੇ ਅੰਤ ਲਈ ਮਨ ਬਣਾ ਲਿਆ ਹੈ। ਬਿਹਾਰ ਦੇ ਪਾਲੀਗੰਜ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਜਿੱਤ ਪ੍ਰਤੀ ਆਸਵੰਦ ਦਿਖੇ ਅਤੇ ਉਨ੍ਹਾਂ ਵਾਅਦਾ ਕੀਤਾ ਕਿ ਕੇਂਦਰ ’ਚ ਦੂਜੀ ਵਾਰ ਸਰਕਾਰ ਬਣਨ ’ਤੇ ਬਿਹਾਰ ’ਚ ਨਵੀਂ ‘ਵਿਕਾਸ ਦੀ ਗੰਗਾ’ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਨਾਲ ਧੂਪ-ਬੱਤੀਆਂ ਕਰਕੇ ਨਹੀਂ ਨਜਿੱਠਿਆ ਜਾ ਸਕਦਾ ਸਗੋਂ ਉਨ੍ਹਾਂ ਨੂੰ ਵਾਲਾਂ ਤੋਂ ਫੜ ਕੇ ਕੁੱਟ ਕੇ ਭਜਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਮਿਲਾਵਟੀਆਂ ਲਈ ਰਾਸ਼ਟਰੀ ਸੁਰੱਖਿਆ ਕੋਈ ਮੁੱਦਾ ਨਹੀਂ ਹੈ ਅਤੇ ਉਹ ਸਵੈ ਹਿੱਤਾਂ ਲਈ ਕੰਮ ਕਰਦੇ ਹਨ। ਝਾਰਖੰਡ ਦੇ ਦਿਓਘਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਚੋਣਾਂ ਹਾਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਨਾਮਦਾਰ’ ਨੂੰ ਬਚਾਉਣ ਲਈ ਕਾਂਗਰਸ ਨੇ ‘ਦੋ ਬੱਲਬਾਜ਼’ ਮੈਦਾਨ ’ਚ ਉਤਾਰੇ ਹਨ ਤਾਂ ਜੋ ਪਾਰਟੀ ਹਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਮੜ੍ਹ ਸਕੇ। ਉਨ੍ਹਾਂ ਦਾ ਇਸ਼ਾਰਾ ਕਾਂਗਰਸ ਆਗੂਆਂ ਮਨੀ ਸ਼ੰਕਰ ਅਈਅਰ ਅਤੇ ਸੈਮ ਪਿਤਰੋਦਾ ਵੱਲ ਸੀ। ਉਨ੍ਹਾਂ ਕਿਹਾ ਕਿ ਇਕ ਆਗੂ (ਅਈਅਰ) ਨੇ ਗੁਜਰਾਤ ਚੋਣਾਂ ਵੇਲੇ ਉਨ੍ਹਾਂ ਨੂੰ ਮਾੜੇ ਸ਼ਬਦ ਬੋਲੇ ਸਨ ਅਤੇ ਹੁਣ ਫਿਰ ਆਖਿਆ ਹੈ ਕਿ ਉਹ ਆਪਣੇ ਸ਼ਬਦਾਂ ’ਤੇ ਕਾਇਮ ਹੈ ਜਦਕਿ ਦੂਜੇ ਆਗੂ (ਪਿਤਰੋਦਾ) ਨੇ ’84 ਦੇ ਸਿੱਖ ਕਤਲੇਆਮ ਬਾਰੇ ‘ਹੂਆ ਤੋ ਹੂਆ’ ਬਿਆਨ ਦੇ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।
HOME ਦੀਦੀ ਪੱਛਮੀ ਬੰਗਾਲ ’ਚ ਭਾਜਪਾ ਦੇ ਉਭਾਰ ਤੋਂ ਡਰੀ: ਮੋਦੀ