ਦਿੱਲੀ ਸਰਕਾਰ ਵੱਲੋਂ ਵਾਧੂ ਆਕਸੀਜਨ ਹੋਰ ਰਾਜਾਂ ਨੂੰ ਦੇਣ ਦੀ ਪੇਸ਼ਕਸ਼

ਨਵੀਂ ਦਿੱਲੀ, 13 ਮਈ

 

  • ਰੋਜ਼ਾਨਾ 582 ਮੀਟਰਿਕ ਟਨ ਆਕਸੀਜਨ ਨਾਲ ਡੰਗ ਸਰਨ ਦਾ ਦਾਅਵਾ
  • ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ

ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਸਰਕਾਰ ਨੇ ਫਰਾਖ਼ਦਿਲੀ ਦਿਖਾਉਂਦੇ ਹੋਏ ਆਪਣੇ ਕੋਲ ਲੋੜਾਂ ਪੂਰੀਆਂ ਹੋਣ ਮਗਰੋਂ ਵਾਧੂ ਹੋਈ ਤਰਲ ਮੈਡੀਕਲ ਆਕਸੀਜਨ ਹੋਰ ਰਾਜਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ। ਕੌਮੀ ਰਾਜਧਾਨੀ ਵਿੱਚ ਕੋਵਿਡ ਪ੍ਰਬੰਧਨ ਨੂੰ ਵੇਖ ਰਹੇ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਰਾਜਧਾਨੀ ਦੇ ਹਸਪਤਾਲਾਂ ਵਿੱਚ ਕੋਵਿਡ ਬਿਸਤਰੇ ਖਾਲੀ ਹੋਣ ਕਰਕੇ ਆਕਸੀਜਨ ਦੀ ਮੰਗ ਘੱਟ ਗਈ ਹੈ। 15 ਦਿਨ ਪਹਿਲਾਂ ਦਿੱਲੀ ਵਿੱਚ ਬਿਸਤਰਿਆਂ ਅਨੁਸਾਰ ਰੋਜ਼ਾਨਾ 700 ਮੀਟਰਿਕ ਟਨ ਆਕਸੀਜਨ ਦੀ ਲੋੜ ਸੀ, ਜੋ ਹੁਣ ਘੱਟ ਕੇ 582 ਮੀਟਰਿਕ ਟਨ ਰਹਿ ਗਈ ਹੈ।

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਸਖ਼ਤੀ ਮਗਰੋਂ 700 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ ਭਾਵੇਂ ਇੱਕ ਦਿਨ ਹੀ ਮਿਲੀ, ਪਰ ਹੁਣ ਲੋੜ ਮੁਤਾਬਕ ਆਕਸੀਜਨ ਮਿਲ ਰਹੀ ਹੈ ਜਿਸ ਕਰਕੇ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਨਿਰਧਾਰਿਤ ਕੋਟੇ 590 ਮੀਟਰਿਕ ਟਨ ਤੋਂ ਜ਼ਿਆਦਾ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ, ਜੋ ਹੋਰ ਰਾਜਾਂ ਨੂੰ ਦੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਕਰੋਨਾ ਦੀ ਪਾਜ਼ੇਟਿਵਿਟੀ ਦਰ 14% ’ਤੇ ਆ ਗਈ ਹੈ ਤੇ ਅੱਜ ਮਰੀਜ਼ਾਂ ਦੀ ਗਿਣਤੀ ਵੀ 10 ਹਜ਼ਾਰ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਜ਼ਿੰੰਮੇਵਾਰ ਸਰਕਾਰ ਹੋਣ ਦੇ ਨਾਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਵਾਧੂ ਆਕਸੀਜਨ ਬਾਰੇ ਜਾਣਕਾਰੀ ਦੇ ਦਿੱਤੀ ਹੈ।

ਸ੍ਰੀ ਸਿਸੋਦੀਆ ਨੇ ਦੱਸਿਆ, ‘‘ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਦੱਸ ਦਿੱਤਾ ਹੈ ਕਿ ਰੋਜ਼ਾਨਾ 582 ਮੀਟਰਿਕ ਟਨ ਆਕਸੀਜਨ ਨਾਲ ਸਾਡਾ ਕੰਮ ਸਰ ਜਾਵੇਗਾ, ਜਿਸ ਕਰਕੇ ਦਿੱਲੀ ਦੇ ਕੋਟੇ ’ਚੋਂ ਵਾਧੂ ਆਕਸੀਜਨ ਦੂਜੇ ਰਾਜਾਂ ਨੂੰ ਦਿੱਤੀ ਜਾ ਸਕਦੀ ਹੈ।’ ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 10,400 ਨਵੇਂ ਕੋਵਿਡ ਮਰੀਜ਼ ਆਏ ਹਨ, ਜੋ ਬੀਤੇ ਦਿਨਾਂ ਦੇ ਅੰਕੜਿਆਂ ਨਾਲੋਂ 21% ਘੱਟ ਹਨ ਤੇ ਪਾਜ਼ੇਟਿਵਿਟੀ ਦਰ ਵੀ 14% ਤੱਕ ਹੇਠਾਂ ਖਿਸਕ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਬਹੁਤੇ ਹਸਪਤਾਲਾਂ ਵਿੱਚੋਂ ਆਕਸੀਜਨ ਦੀ ਕਿੱਲਤ ਬਾਰੇ ਐੱਸਓਐੱਸ ਵੀ ਨਹੀਂ ਆ ਰਹੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਖ਼ਿਲੇਸ਼ ਨੇ ਲਾਸ਼ਾਂ ਮਿਲਣ ਦੇ ਮਾਮਲੇ ’ਤੇ ਯੂਪੀ ਸਰਕਾਰ ਘੇਰੀ
Next articleचुनाव नतीजे: भारतीय प्रजातंत्र के लिए कुछ अच्छा तो कुछ बुरा