ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਅੱਜ ਕਿਹਾ ਕਿ ਸ਼ਹਿਰ ਵਿੱਚ ਜੂਨ ਦੇ ਮੁਕਾਬਲੇ ਸਤੰਬਰ ਵਿੱਚ ਕੋਵਿਡ-19 ਦੇ ਵੱਧ ਕੇਸ ਸਾਹਮਣੇ ਆਏ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ‘ਇਕ ਤਿਹਾਈ ਤੋਂ ਵੀ ਘੱਟ’ ਰਹੀ ਹੈ। ਦੂਜੇ ਪਾਸੇ ਡੇਂਗੂ ਅਤੇ ਕੋਵਿਡ-19 ਬਿਮਾਰੀਆਂ ਨਾਲ ਜੂਝ ਰਹੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੁਣ ਕਰੋਨਾ ਵਾਇਰਸ ਤੋਂ ਉਭਰ ਚੁੱਕੇ ਹਨ ਅਤੇ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸਿਹਤ ਮੰਤਰੀ ਜੈਨ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਜਿਸ ਕਿਸੇ ਵਿਅਕਤੀ ਵਿੱਚ ਲਾਗ ਦੇ ਲੱਛਣ ਵੇਖੇ ਜਾ ਰਹੇ ਹਨ ਉਨ੍ਹਾਂ ਦੀ ਆਰਟੀ-ਪੀਸੀਆਰ ਜਾਂਚ ਕੀਤੀ ਜਾ ਰਹੀ ਹੈ। ਜੈਨ ਨੇ ਪੱਤਰਕਾਰਾਂ ਨੂੰ ਦੱਸਿਆ, “ਦਿੱਲੀ ਵਿੱਚ ਜੂਨ ਦੇ ਮੁਕਾਬਲੇ ਸਤੰਬਰ ਮਹੀਨੇ ਕਰੋਨਾ ਲਾਗ ਦੇ ਕਾਫ਼ੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਇਸ ਮਹੀਨੇ ਜੋ ਮੌਤਾਂ ਹੋਈਆਂ ਉਹ ਜੂਨ ਵਿੱਚ ਹੋਈਆਂ ਮੌਤਾਂ ਦਾ ਇੱਕ ਤਿਹਾਈ ਵੀ ਨਹੀਂ ਹਨ।”
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਰੋਜ਼ਾਨਾ ਔਸਤਨ 10,000 ਤੋਂ ਵੱਧ ਆਰਟੀ-ਪੀਸੀਆਰ ਟੈਸਟ ਕੀਤੇ ਜਾ ਰਹੇ ਹਨ। ਮੰਤਰੀ ਨੇ ਕਿਹਾ, “ਅਸੀਂ ਹਰ ਉਸ ਵਿਅਕਤੀ ਦੀ ਜਾਂਚ ਕਰਵਾ ਰਹੇ ਹਾਂ ਜਿਸ ਵਿੱਚ ਲਾਗ ਦੇ ਸੰਕੇਤ ਵਿਖਾਈ ਦਿੱਤੇ ਹਨ। ਜਾਂਚ ਸਮਰੱਥਾ ਅਹਿਮੀਅਤ ਨਹੀਂ ਰੱਖਦੀ। ਦਿੱਲੀ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੈ ਜਿਸ ਵਿੱਚ ਲੱਛਣ ਨਜ਼ਰ ਆਏ ਹੋਣ ਅਤੇ ਉਸ ਦੀ ਆਰਟੀ-ਪੀਸੀਆਰ ਦਾ ਟੈਸਟ ਨਾ ਕੀਤਾ ਗਿਆ ਹੋਵੇ।” ਦਿੱਲੀ ਵਿਚ ਸੋਮਵਾਰ ਨੂੰ ਤਕਰੀਬਨ ਇਕ ਮਹੀਨੇ ਬਾਅਦ ਕਰੋਨਾ ਦੇ ਸਭ ਤੋਂ ਘੱਟ 1,984 ਨਵੇਂ ਕੇਸ ਸਾਹਮਣੇ ਆਏ, ਜਿਸ ਤੋਂ ਬਾਅਦ ਪੀੜਤਾਂ ਦੀ ਕੁਲ ਗਿਣਤੀ 2.73 ਲੱਖ ਨੂੰ ਪਾਰ ਕਰ ਗਈ ਹੈ। ਲਾਗ ਕਾਰਨ ਹੁਣ ਤੱਕ 5,272 ਲੋਕ ਤਮ ਤੋੜ ਚੁੱਕੇ ਹਨ।
ਡੇਂਗੂ ਅਤੇ ਕੋਵਿਡ-19 ਬਿਮਾਰੀਆਂ ਨਾਲ ਜੂਝ ਰਹੇ ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਹੁਣ ਕਰੋਨਾ ਵਾਇਰਸ ਤੋਂ ਉਭਰ ਚੁੱਕੇ ਹਨ ਅਤੇ ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਖ਼ੂਨ ਵਿੱਚ ਪਲੇਟਲੈਟ ਘਟਨ ਅਤੇ ਆਕਸੀਜਨ ਦੀ ਘਾਟ ਹੋਣ ’ਤੇ 48 ਸਾਲਾ ਸਿਸੋਦੀਆ ਨੂੰ ਸਾਕੇਤ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ।