ਜਬਰ-ਜਨਾਹ ਪੀੜਤਾ ਦੀ ਦਿੱਲੀ ਦੇ ਹਸਪਤਾਲ ਵਿਚ ਮੌਤ

ਨਵੀਂ ਦਿੱਲੀ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੀ 19 ਸਾਲਾ ਦਲਿਤ ਮਹਿਲਾ ਜਿਸ ਨਾਲ ਕੁਝ ਦਿਨ ਪਹਿਲਾਂ ਚਾਰ ਵਿਅਕਤੀਆਂ ਨੇ ਸਮੂਹਿਕ ਜਬਰ-ਜਨਾਹ ਕੀਤਾ ਸੀ, ਦੀ ਅੱਜ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਮੌਤ ਹੋ ਗਈ। 14 ਸਤੰਬਰ ਨੂੰ ਜਬਰ-ਜਨਾਹ ਦੀ ਇਹ ਘਟਨਾ ਵਾਪਰੀ ਸੀ ਤੇ ਪੀੜਤਾ ਨੂੰ ਅਲੀਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਾਲਤ ਵਿਚ ਕੋਈ ਸੁਧਾਰ ਨਾ ਹੋਣ ’ਤੇ ਉਸ ਨੂੰ ਸੋਮਵਾਰ ਦਿੱਲੀ ਲਿਆਂਦਾ ਗਿਆ ਸੀ।

ਅਲੀਗੜ੍ਹ ਦੇ ਹਸਪਤਾਲ ਵਿਚ ਵੀ ਉਹ ਵੈਂਟੀਲੇਟਰ ਉਤੇ ਸੀ। ਦੱਸਣਯੋਗ ਹੈ ਕਿ ਮਹਿਲਾ ਵੱਲੋਂ ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਉਸ ਨੂੰ ਗਲ ਘੁੱਟ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਬਚਾਅ ਕਰਦਿਆਂ ਉਸ ਦੀ ਜੀਭ ਵੀ ਕੱਟੀ ਗਈ ਸੀ। ਅਲੀਗੜ੍ਹ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਉਸ ਦੀਆਂ ਲੱਤਾਂ ਨੇ ਪੂਰੀ ਤਰ੍ਹਾਂ ਅਤੇ ਬਾਹਾਂ ਨੇ ਕਾਫ਼ੀ ਹੱਦ ਤੱਕ ਕੰਮ ਕਰਨਾ ਬੰਦ ਕਰ ਦਿੱਤਾ ਸੀ। ਮਹਿਲਾ ਦੀ ਰੀੜ੍ਹ ਦੀ ਹੱਡੀ ’ਤੇ ਵੀ ਸੱਟਾਂ ਵੱਜੀਆਂ ਹੋਈਆਂ ਸਨ। ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਹੁਣ ਉਨ੍ਹਾਂ ਉਤੇ ਧਾਰਾ 302 ਵੀ ਲਾ ਦਿੱਤੀ ਗਈ ਹੈ।

‘ਬਸਪਾ’ ਆਗੂ ਮਾਇਆਵਤੀ ਨੇ ਘਟਨਾ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿਚ ਹੋਣੀ ਚਾਹੀਦੀ ਹੈ। ‘ਸਪਾ’ ਆਗੂ ਅਖਿਲੇਸ਼ ਯਾਦਵ ਨੇ ਕਿਹਾ ਕਿ ਮੌਜੂਦਾ ਸਰਕਾਰ ’ਚ ਸੰਵੇਦਨਸ਼ੀਲਤਾ ਬਿਲਕੁਲ ਨਹੀਂ ਬਚੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਘਟਨਾ ਪੂਰੇ ਸਮਾਜ ਲਈ ਸ਼ਰਮ ਦੀ ਗੱਲ ਹੈ। ਔਰਤਾਂ ਬਾਰੇ ਕੌਮੀ ਕਮਿਸ਼ਨ ਨੇ ਕਿਹਾ ਹੈ ਕਿ ਯੂਪੀ ਪੁਲੀਸ ਤੋਂ ਰਿਪੋਰਟ ਵੀ ਤਲਬ ਕੀਤੀ ਗਈ ਹੈ। ਬਿਆਨ ਵਿਚ ਮਹਿਲਾ ਨੇ ਦੱਸਿਆ ਸੀ ਕਿ ਸੰਦੀਪ ਤੋਂ ਇਲਾਵਾ ਰਾਮੂ, ਲਵਕੁਸ਼ ਤੇ ਰਵੀ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ।

Previous articleਦਿੱਲੀ ਵਿੱਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਘਟੀ: ਜੈਨ
Next articleਦੇਸ਼ ਦੇ ਭਵਿੱਖ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਹੋਵੇ: ਰਾਹੁਲ