ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ ): ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਤਿੰਨ ਕਨੂੰਨਾਂ ਖਿਲਾਫ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵਲੋਂ ਦਿੱਲੀ ਵਿਖੇ ਦਿਨ ਰਾਤ ਵਿਸ਼ਾਲ ਧਰਨੇ ਲਗਾਏ ਜਾ ਰਹੇ ਹਨ ਅਤੇ ਲੱਖਾਂ ਦੀ ਤਾਦਾਦ ਵਿੱਚ ਹਰ ਵਰਗ ਦੇ ਲੋਕ ਸ਼ਮੂਲੀਅਤ ਕਰ ਰਹੇ ਹਨ।ਇਹਨਾਂ ਕਿਸਾਨਾਂ ਦੀ ਲੰਗਰਾਂ ਨਾਲ ਸੇਵਾ ਕਰਨ ਲਈ ਵਿਸ਼ੇਸ਼ ਤੌਰ ‘ਤੇ ਲੰਗਰਾਂ ਵਾਲੇ ਬਾਬੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵਲੋਂ ਦਿੱਲੀ ਦੇ ਟਿਕਰੀ ਬਾਰਡਰ ਵਿਖੇ ਪਿਛਲੇ ਕਈ ਦਿਨਾਂ ਤੋਂ ਲੰਗਰਾਂ ਦੀ ਸੇਵਾ ਨਿਰੰਤਰ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਜਗਜੀਤ ਸਿੰਘ ਜੀ ਭੂਰੀ ਵਾਲਿਆਂ ਦੱਸਿਆ ਕਿ ਸੰਤ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਕਿਸਾਨਾਂ ਵਾਸਤੇ ਚਾਹ ਪਕੌੜਿਆ ਅਤੇ ਪ੍ਰਸ਼ਾਦਿਆਂ ਦੇ ਲੰਗਰ ਦਿਨ ਰਾਤ ਅਤੁੱਟ ਵਰਤਾਏ ਜਾ ਰਹੇ ਹਨ ਅਤੇ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਣ ਦਿੱਤੀ ਜਾਵੇਗੀ।ਉਹਨਾਂ ਦੱਸਿਆ ਕਿ ਸਿਰਫ ਕਿਸਾਨਾਂ ਵਾਸਤੇ ਹੀ ਨਹੀਂ ਸਗੋਂ ਹਰੇਕ ਰਾਹਗੀਰ ਵੀ ਇੱਥੋਂ ਲੰਗਰ ਛੱਕ ਰਿਹਾ ਹੈ।
ਉਹਨਾਂ ਦੇਸ਼ ਦੇ ਕਿਸਾਨਾਂ ਦੀ ਸ਼ਲਾਂਗਾ ਕਰਦਿਆ ਕਿਹਾ ਕਿ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਲਈ ਅੱਜ ਸੜਕਾਂ ‘ਤੇ ਰੁਲ ਰਿਹਾ ਹੈ ਇਸ ਲਈ ਸਾਡਾ ਸਭ ਸੰਗਤਾਂ ਦਾ ਉਚੇਚਾ ਫਰਜ ਬਣਦਾ ਹੈ ਕਿ ਅਸੀਂ ਵੀ ਇਹਨਾਂ ਦੀ ਸੇਵਾ ਲਈ ਹਾਜਰ ਹੋਈਏ।ਉਹਨਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਖੇਤੀ ਸਬੰਧੀ ਪਾਸ ਕੀਤੇ ਤਿੰਨ ਖੇਤੀ ਕਨੂੰਨ ਜਲਦੀ ਰੱਦ ਕੀਤੇ ਜਾਣ ਅਤੇ ਦੇਸ਼ ਦੇ ਅੰਨਦਾਤਾ ਦੀ ਸਾਰ ਲਈ ਜਾਵੇ।ਬਾਬਾ ਜਗਜੀਤ ਸਿੰਘ ਭੂਰੀਵਾਲਿਆਂ ਦੱਸਿਆ ਕਿ ਇਹ ਲੰਗਰ ਧਰਨਾ ਜਾਰੀ ਰਹਿਣ ਤੱਕ ਨਿਰੰਤਰ ਚਲਾਏ ਜਾਣਗੇ ਅਤੇ ਸੰਗਤਾਂ ਦੀ ਸੇਵਾ ਦਿਨ ਰਾਤ ਕੀਤੀ ਜਾਵੇਗੀ।ਇਸ ਮੌਕੇ ਬਾਬਾ ਸੋਹਣ ਜੀ,ਬਾਬਾ ਸੁਖਦੇਵ ਸਿੰਘ,ਬਾਬਾ ਯੋਧਵੀਰ ਸਿੰਘ,ਚੌਧਰੀ ਜੀ ਆਦਿ ਹਾਜਰ ਸਨ।