ਦਿੱਲੀ ਬਨਾਮ ਪੰਜਾਬ

(ਸਮਾਜ ਵੀਕਲੀ)

ਹਮੇਸ਼ਾ ਹੀ ਸਿਆਸਤਾਂ ਦੀ ਭੇਟ ਚੜਦਾ ਆ ਰਿਹਾ ਹੈ
ਆਦਿ ਤੋਂ ਹੀ ਪੰਜਾਬ ਹੱਕਾਂ ਲਈ ਲੜਦਾ ਆ ਰਿਹਾ ਹੈ
ਸੰਤਾਲੀਆਂ ਨੂੰ ਭੋਗਿਆ ਕਦੇ ਚਰਾਸੀਆਂ ਨੇ ਸਾੜਿਆ
ਜਦ ਵੀ ਚਾਹਿਆ ਦਿੱਲੀਏ, ਤੂੰ ਪੰਜਾਬ ਨੂੰ ਲਤਾੜਿਆ
ਪਹਿਲਾਂ ਖਾਦ ਸਪਰੇਆਂ ਨਾਲ ਕੀਤਾ ਨੁਕਸਾਨ ਸਾਡਾ
ਫਿਰ ਨਸ਼ੇ ਦਿਆ ਗੱਫਿਆਂ ‘ਚ ਕੀਤਾ ਸਨਮਾਨ ਸਾਡਾ
ਕਿੱਡਾ ਸੀ ਪੰਜਾਬ ਸਾਡਾ ਤੁਸਾਂ ਪੰਜਾਬੜੀ ਬਣਾ ਦਿੱਤੀ
ਸਾਡੇ ਹੀ ਘਰ ਸਾਡੀ ਬੋਲੀ ਗ਼ੈਰ ਜਿਹੀ ਬਣਾ ਦਿੱਤੀ
ਸਾਡੇ ਸੀਨੇਂ ਲਾ ਕੇ ਟੱਕ ਕਦੇ ਨਹਿਰਾਂ ਤੁਸਾਂ ਕੱਢੀਆਂ
ਜਿੱਥੇ ਲੱਗਾ ਦਾਅ ਕੋਈ ਬਾਕੀ ਕਸਰਾਂ ਨਾ ਛੱਡੀਆਂ
ਕੁਝ ਸਾਡੇ ਆਪਣੇ ਲੋਟੂ ਬੇਈਮਾਨ ਅੱਗੇ ਆ ਗਏ
ਸਮਝੌਤਿਆਂ ਦੀ ਸੂਲੀ ਪਿਆਰਾ ਵਤਨ ਚੜਾ ਗਏ
ਚੌਧਰਾਂ ਦੇ ਭੁੱਖਿਆਂ ਨੇ ਪੰਜਾਬ ਨੋਚ ਨੋਚ ਖਾ ਲਿਆ
ਅਸੀਂ ਇਨਾ ਦਾ ਸ਼ਿਕਾਰ ਹੋ ਕੇ ਗਲ਼ ਰੱਸਾ ਪਾ ਲਿਆ
ਧਰਮ ਤੇ ਸਿਆਸਤਾਂ ਦਾ ਇਨਾ ਇੱਕੋ ਵੇੜ੍ ਵੱਟ ਕੇ
ਕੁਰਸੀਆਂ ਬਚਾਈਆਂ ਤਲੇ ਵੈਰੀਆਂ ਦੇ ਚੱਟ ਕੇ
ਸਾਡੀ ਖੇਤੀ ਉੱਤੇ ਜਿਹੜਾ ਹੁਣ ਨਵਾਂ ਡਾਕਾ ਮਾਰਿਆ
ਪਹਿਲਾਂ ਹੀ ਲਿਤਾੜਿਆ ਤੋਂ ਜਾਣਾ ਨਹੀਂ ਸਹਾਰਿਆ
ਹਰ ਪੰਜ ਸਾਲੀਂ ਆਉਣ ਇਹ ਰੱਖ ਨਵੀਂ ਚੋਰ ਮੋਰੀ
ਤਾੜ ਲੈਣ ਪਾਰਖੂ ਕੋਈ ਫਿਰ ਸਾਡੀ ਹੋਰ ਕਮਜ਼ੋਰੀ
ਹੱਕ ਸਾਥੋਂ ਖੋਹ ਲਏ ਸਾਰੇ ਅਸੀਂ ਮੰਗਤੇ ਬਣਾ ਲਏ
ਅਣਖੀ ਪੰਜਾਬੀ ਇਨ੍ਹਾਂ ਦਾਲਾਂ ਆਟਿਆ ਤੇ ਲਾ ਲਏ
ਜੇ ਸਾਡੇ ਹੁੰਦੇ ਨਾ ਗਦਾਰ ਮੋਢੀ,ਮਾਲੋ-ਮਾਲ ਹੋਣਾ ਸੀ
ਯੋਧਿਆਂ ਦੀ ਧਰਤੀ ਨੇ ਵੀ ਫਿਰ ਖੁਸ਼ਹਾਲ ਹੋਣਾ ਸੀ
ਲੋਕੋ ਜਿੰਨਾ ਚਿਰ ਅਸੀਂ ਬੋਤਲਾਂ ਦੇ ਵੱਟੇ ਵੋਟ ਪਾਵਾਂਗੇ
ਕੋਈ ਆਵੇ ਕੋਈ ਜਾਵੇ “ਹੈਪੀ” ਜੁੱਤੀਆਂ ਹੀ ਖਾਵਾਂਗੇ

ਹੈਪੀ ਸ਼ਾਹਕੋਟੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next article“ਹਿੱਕਚੂ ਮਾਲਾ”