ਲੁਧਿਆਣਾ (ਸਮਾਜ ਵੀਕਲੀ) : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦ ’ਤੇ ਡਟੇ ਕਿਸਾਨਾਂ ਦਾ ਸਾਥ ਦੇਣ ਲਈ ਐੱਨਆਰਆਈ ਭਾਈਚਾਰੇ ਦੀ ਮਦਦ ਨਾਲ ਲੁਧਿਆਣਾ ਤੋਂ ਦਿੱਲੀ ਤੱਕ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਬੱਸ ਸਵੇਰੇ 9 ਵਜੇ ਲੁਧਿਆਣਾ ਦੇ ਬੱਸ ਅੱਡੇ ਦੇ ਬਾਹਰੋਂ ਅਤੇ ਰਾਤ ਨੂੰ 8 ਵਜੇ ਦਿੱਲੀ ਧਰਨੇ ਤੋਂ ਚੱਲੇਗੀ। ਇਹ ਸੇਵਾ ਅੱਜ ਤੋਂ ਸ਼ੁਰੂ ਹੋ ਗਈ ਹੈ।
ਇਸ ਦੇ ਪ੍ਰਬੰਧਕ ਜਸਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਅੰਦੋਲਨ ’ਚ ਐੱਨਆਰਆਈਜ਼ ਵੀ ਆਪਣਾ ਸਹਿਯੋਗ ਦੇ ਰਹੇ ਹਨ। ਵਿਸ਼ਵ ਦੇ ਵੱਖ-ਵੱਖ ਹਿੱਸਿਆਂ ’ਚ ਬੈਠੀ ਸਿੱਖ ਸੰਗਤ ਇਸ ਧਰਨੇ ’ਚ ਸ਼ਾਮਲ ਤਾਂ ਨਹੀਂ ਹੋ ਸਕਦੀ ਪਰ ਉਹ ਆਪਣਾ ਯੋਗਦਾਨ ਜ਼ਰੂਰ ਦੇਣਾ ਚਾਹੁੰਦੀ ਹੈ। ਉਨ੍ਹਾਂ ਸਾਰਿਆਂ ਦੀ ਮੰਗ ’ਤੇ ਲੁਧਿਆਣਾ ਤੋਂ ਦਿੱਲੀ ਧਰਨੇ ਤੱਕ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਇਸ ਦਾ ਪਹਿਲਾ ਦਿਨ ਹੋਣ ਕਰਕੇ ਜ਼ਿਆਦਾਤਰ ਲੋਕਾਂ ਨੂੰ ਸੇਵਾ ਬਾਰੇ ਪਤਾ ਨਹੀਂ ਸੀ।
ਹੁਣ ਪਿੰਡਾਂ ਤੇ ਆਸ-ਪਾਸ ਦੇ ਇਲਾਕਿਆਂ ’ਚ ਲੋਕਾਂ ਨੂੰ ਇਸ ਬਾਰੇ ਦੱਸਿਆ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਅੰਦੋਲਨ ’ਚ ਸ਼ਾਮਲ ਹੋ ਸਕਣ। ਕੁਝ ਲੋਕ ਸਾਧਨ ਨਾ ਹੋਣ ਕਰਕੇ ਅਤੇ ਕੁਝ ਪੈਸਿਆਂ ਦੀ ਪ੍ਰੇਸ਼ਾਨੀ ਕਰਕੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਤੋਂ ਵਾਂਝੇ ਰਹਿ ਰਹੇ ਸਨ। ਉਨ੍ਹਾਂ ਨੂੰ ਹੁਣ ਇਸ ਸਹੂਲਤ ਨਾਲ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਲੰਗਰ ਦੀ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ।