ਕਿਸਾਨ ਬਨਾਮ ਸਰਕਾਰ

ਸੁਰਜੀਤ ਸਿੰਘ 'ਦਿਲਾ ਰਾਮ'
(ਸਮਾਜ ਵੀਕਲੀ)

ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਮੱਝਾ ਚਾਰੀਆਂ,ਮੋਦੀਖਾਨੇ ਕੰਮ ਕੀਤਾ ਉੱਥੇ ਅੰਤਲਾ ਸਮਾਂ ਕਰਤਾਰਪੁਰ ਸਾਹਿਬ ਵਿਖੇ ਖੇਤੀ ਵੀ ਕੀਤੀ।ਗੁਰਬਾਣੀ ਅੰਦਰ ਕਿਸਾਨੀ ਨਾਲ ਸੰਬੰਧਤ ਉਦਹਾਰਨਾਂ ਦੇ ਕੇ ਜਿੱਥੇ ਮਨੁੱਖ ਨੂੰ ਸਮਝਿਆ ਗਿਆ ਹੈ ਉਥੇ ਬਾਬਰ ਨੂੰ ਵੰਗਾਰਨ ਵਾਲੀਆਂ ਦਹਾੜਾਂ ਵੀ ਹਾਜਰ ਹਨ।

ਗੁਰੂ ਸਾਹਿਬਾਨ ਨੇ ਕਿਸਾਨੀ ਲਈ ਅਨੇਕ ਕਾਰਜ ਕੀਤੇ।ਪਾਣੀ ਦੀ ਥੋੜ ਹੋਣ ਤੇ ਗੁਰੂ ਅਰਜਨ ਸਾਹਿਬ ਜੀ ਨੇ ਖੂਹ ਪੁਟਵਾਏ।ਛੇਹਰਟਾ ਸਾਹਿਬ ਵਿਖੇ ਬਣਿਆ ਖੂਹ ਇਸ ਦੀ ਮਿਸਾਲ ਹੈ।ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਸਰਹਿੰਦ ਫਤਹਿ ਕਰ ਖਾਲਸਾ ਪੰਥ ਨੂੰ ਇਕੱਤਰ ਕੀਤਾ ਉੱਥੇ ਕਿਸਾਨਾਂ ਨੂੰ ਹੱਕ ਵੀ ਦਿਵਾਏ।ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ।ਇਸੇ ਤਰ੍ਹਾਂ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੌਰਾਨ ਕੀਤਾ।

ਅੰਗਰੇਜ਼ ਹਕੂਮਤ ਨੇ ਜਦੋਂ ਭਾਰਤ ਤੇ ਕਬਜ਼ਾ ਕੀਤਾ ਕਿਸਾਨਾਂ ਦੇ ਹੱਕ ਖੋਹੇ ਜਾਣ ਲੱਗੇ। ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਉੱਥੇ ਫਿਰੰਗੀਆਂ ਨੇ ਜ਼ਮੀਨਾਂ ਖੋਹ ਕੇ ਕਿਸਾਨਾਂ ਨੂੰ ਮਜ਼ਦੂਰ ਬਣਾਇਆ।ਰੋਲਟ ਐਕਟ ਪਾਸ ਕੀਤਾ ਗਿਆ।ਇਸ ਐਕਟ ਦਾ ਵਿਰੋਧ ਵੀ ਪੰਜਾਬ ਤੋਂ ਸ਼ੁਰੂ ਹੋਇਆ। ਕਈ ਲਹਿਰਾਂ ਨੇ ਪੰਜਾਬ ਵਿੱਚ ਜਨਮ ਲਿਆ।ਗਦਰੀ ਬਾਬਿਆਂ ਦੇ ਪਾਏ ਯੋਗਦਾਨ ਨੇ ਭਾਰਤ ਅੰਦਰ ਜੋਸ਼ ਭਰਿਆ।’ਪੱਗੜੀ ਸੰਭਾਲ ਜੱਟਾ’ ਲਹਿਰ ਨੇ ਪੰਜਾਬੀ ਦੀ ਮਰੀ ਜ਼ਮੀਰ ਨੂੰ ਮੁੜ ਸੁਰਜੀਤ ਕੀਤਾ ।ਅਜੀਤ ਸਿੰਘ,ਊਧਮ ਸਿੰਘ,ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਆਦਿ ਸੂਰਮਿਆਂ ਨੇ ਸੂਰਮਿਆਂ ਨੇ ਅਜਾਦੀ ਘੋਲ ‘ਚ ਹਿੱਸਾ ਲੈ ਕੇ ਦੇਸ਼ ਨੂੰ ਅਜ਼ਾਦ ਕਰਵਾਇਆ।

47 ਦੀ ਵੰਡ ਹੋਈ।ਇਸ ਵੰਡ ਦੀ ਪੀੜਾ ਨੂੰ ਜਦੋਂ ਪੁਰਖਿਆਂ ਤੋਂ ਸੁਣਦੇ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ।ਅਜ਼ਾਦ ਭਾਰਤ ਵੇਲੇ ਵੀ ਪੰਜਾਬ ਨੂੰ ਅਨੇਕਾਂ ਪੀੜਾ ਸਹਿਣੀਆਂ ਪਈ।ਪੰਜਾਬ ਨੂੰ ਵੀ ਵੰਡਿਆ ਗਿਆ। ਦੇਸ਼ ਵਿੱਚ ਕਾਲ ਪੈ ਜਾਣ ਤੇ ਜਦੋ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਵੱਲ ਰੁੱਖ ਕੀਤਾ ਤਾਂ ਉਨਾਂ ਦੇਸ਼ ਦੀ ਆਰਥਿਕਤਾ ਨੂੰ ਮੁੱਖ ਰੱਖਦਿਆਂ ਹਰੀ ਕ੍ਰਾਂਤੀ ਨੂੰ ਕਬੂਲਿਆ।ਪੰਜਾਬ ਭਾਰਤ ਦਾ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ ਸੂਬਾ ਬਣਿਆ।ਔਖੇ ਹਾਲਾਤਾਂ ‘ਚ ਦੇਸ਼ ਪੰਜਾਬ ਤੇ ਨਿਰਭਰ ਹੋਇਆ।

ਜਿਵੇਂ ਜਿਵੇਂ ਦੇਸ਼ ਵਿਚ ਮਸ਼ੀਨੀਕਰਨ ਤੇ ਆਧੁਨਿਕ ਤਕਨੀਕਾਂ ਆਉਣ ਲੱਗੀਆਂ ਦੇਸ਼ ਦਾ ਵਿਕਾਸ ਹੋਣਾ ਸ਼ੁਰੂ ਹੋਇਆ।ਹਰ ਖੇਤਰ ਦੇ ਕਾਮਿਆਂ ਦੀਆਂ ਆਮਦਨਾਂ ‘ਚ ਵਾਧਾ ਹੋਇਆ।ਵੱਖ ਵੱਖ ਸਰਕਾਰੀ ਖੇਤਰਾਂ ਵਿੱਚ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਵਲੋਂ ਕਈ ਪ੍ਰਕਾਰ ਦੀਆਂ ਸਹੂਲਤਾਂ ਦੇ ਨਾਲ ਨਾਲ ਇਨ੍ਹਾਂ ਦਾ ਡਾਕਟਰੀ ਇਲਾਜ ਤੇ ਹੋਰ ਕਈ ਤਰ੍ਹਾਂ ਦੇ ਭੱਤੇ ਮਿਲਣੇ ਸ਼ੁਰੂ ਹੋਏ ਪਰ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸਹੂਲਤ ਨਾ ਮਿਲੀ।84 ਵਿੱਚ ਵਾਪਰੇ ਘੱਲੂਘਾਰੇ ਨੇ ਸਿੱਖਾਂ ਦੀ ਆਤਮਾ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ।

ਅਜੋਕੇ ਭਾਰਤ ਦੇ ਹਾਲਾਤਾਂ ਤੋਂ ਕੌਣ ਜਾਣੂ ਨਹੀਂ।ਜਿੱਥੇ ਦੇਸ਼ ਆਰਥਿਕਤਾ ਨਾਲ ਜੂਝ ਰਿਹਾ ਹੈ ਉੱਥੇ ਸਰਕਾਰ ਦੁਆਰਾ ਲਏ ਗਏ ਫੈਸਲੇ ਆਮ ਆਦਮੀ ਦੀ ਜਾਨ ਕੱਢ ਰਹੇ ਹਨ।ਦੇਸ਼ ਨੂੰ ਵਿਕਸਿਤ ਬਣਾਉਣ ਵਿੱਚ ਤੁਲੀ ਅਜੋਕੀ ਸਰਕਾਰ ਨੇ ਸਰਕਾਰੀ ਅਦਾਰਿਆਂ ਨੂੰ ਧਨਾਢ ਲੋਕਾਂ ਦੇ ਹੱਥਾਂ ਵਿੱਚ ਦੇਣਾਂ ਸ਼ੁਰੂ ਕਰ ਦਿੱਤਾ ਹੈ।ਹਾਲ ਹੀ ਵਿਚ ਕਰੋਨਾ ਸੰਕਟ ਦੌਰਾਨ ਕਿਸਾਨਾਂ ਦੇ ਬਿੱਲ ਸੱਤਾਧਾਰੀਆਂ ਵੱਲੋਂ ਆਪਣੀ ਹਕੂਮਤ ਦੇ ਜ਼ੋਰ ਤੇ ਪਾਸ ਕਰ ਦਿੱਤੇ ਗਏ।ਇਨ੍ਹਾਂ ਬਿੱਲਾਂ ਨੂੰ ਪੜ੍ਹਨ ਵਾਚਨ ਤੇ ਪਤਾ ਚਲਿਆ ਕਿ ਸ਼ਾਇਦ ਇਹ ਵੀ ਇਕ ਤਰ੍ਹਾਂ ਦਾ ਰੋਲਟ ਐਕਟ ਹੈ ਜੋ ਕਿਸੇ ਵੇਲੇ ਫਿਰੰਗੀਆਂ ਨੇ ਪਾਸ ਕੀਤਾ ਸੀ।

ਅਜ ਫਿਰ ਮਹਿਸੂਸ ਹੋਇਆ ਕਿ ਕੁਝ ਧਨਾਢ ਲੋਕ ਫਿਰੰਗੀਆਂ ਦਾ ਰੂਪ ਲੈ ਕੇ ਪੰਜਾਬ ਦੀਆਂ ਜ਼ਮੀਨਾ ਤੇ ਹੱਕ ਜਮਾਉਣ ‘ਚ ਲੱਗੇ ਹੋਏ ਹਨ।ਕੇਂਦਰ ਵਿੱਚ ਕੋਈ ਵੀ ਸਰਕਾਰ ਰਹੀ ਹੋਵੇ ਪੰਜਾਬ ਨਾਲ ਉਨ੍ਹਾਂ ਕਦੇ ਨਿਆਂ ਨਹੀ ਕੀਤਾ।ਜਿਵੇਂ ਪੰਜਾਬ ਨੂੰ ਭਾਰਤ ਦਾ ਹਿੱਸਾ ਹੀ ਨਾ ਮੰਨਦੇ ਹੋਣ।ਅਜ ਜੇਕਰ ਪੰਜਾਬ ਦੇ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਸੰਘਰਸ਼ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ।ਦਿੱਲੀ ਵੱਲ ਵਧ ਰਹੇ ਕਿਸਾਨਾਂ ਨੂੰ ਆਂਸੂ ਗੈਸ ਦੇ ਗੋਲੇ ਪਾਣੀ ਦੀ ਬੁਛਾੜਾਂ ਨਾਲ ਸਾਹਮਣਾ ਕਰਨਾ ਪਿਆ।

ਦੇਸ਼ ਵਿੱਚ ਕਿਤੇ ਹੋਰ ਧਰਨਾਕਾਰੀਆਂ ਦੇ ਧਰਨੇ ਹੋਣ ਤਾਂ ਬਹੁਤ ਛੇਤੀ ਹੀ ਹੱਲ ਕੱਢ ਕੇ ਉਨ੍ਹਾਂ ਦਾ ਨਿਬੇੜਾ ਕਰ ਦਿੱਤਾ ਜਾਂਦਾ ਹੈ ਪਰੰਤੂ ਢਾਈ ਤਿੰਨ ਮਹੀਨਿਆਂ ਤੋਂ ਧਰਨਿਆਂ ਤੇ ਬੈਠੇ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ।ਰੋਸ, ਪ੍ਰਦਰਸ਼ਨ ਹਮੇਸ਼ਾ ਹੱਕਾਂ ਲਈ ਹੀ ਕੀਤੇ ਜਾਂਦੇ ਹਨ ਨਾ ਕਿ ਦਿਖਾਵੇ ਲਈ।ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿਸ ਵਿੱਚ ਸਭ ਤੋਂ ਵੱਧ ਧਰਨੇ ਤੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ।ਕਿਸਾਨਾਂ ਦੇ ਹੱਕ ਪੰਜਾਬ ਸੂਬੇ ਦੇ ਨਾਲ ਨਾਲ ਦੇਸ਼ ਦੇ ਹੋਰ ਸੂਬੇ ਹੀ ਨਹੀਂ ਬਲਕਿ ਵੱਖ ਵੱਖ ਦੇਸ਼ਾਂ ਨੇ ਵੀ ਹਮਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਬਣਦੇ ਹੱਕ ਦਿਤੇ ਜਾਣ।

ਸਿਆਸਤਦਾਨਾਂ ਤੇ ਕੁਝ ਸੈਲਬ੍ਰਿਟੀ ਕਲਾਕਾਰਾਂ ਵਲੋਂ ਪੰਜਾਬ ਦੀਆਂ ਮਾਤਾਵਾਂ ਤੇ ਧਰਨਾਕਾਰੀਆਂ ਤੇ ਦਿੱਤੇ ਪੁੱਠੇ ਬਿਆਨ ਉਨ੍ਹਾਂ ਦੀ ਸਿਆਣਪ ਨੂੰ ਦਰਸਾ ਰਹੇ ਹਨ।ਹੋਟਲਾਂ ਚੋਂ ਪੀਜ਼ੇ,ਪਾਸਤੇ ਮੰਗਾਂ ਕੇ ਖਾਣ ਵਾਲੇ ਸ਼ਾਇਦ ਭੁੱਲ ਗਏ ਹਨ ਕਿ ਜੇਕਰ ਕਿਸਾਨ ਨਾ ਹੋਣ ਤਾਂ ਉਹ ਅਜਿਹੇ ਸਵਾਦਲੇ ਪਕਵਾਨ ਨਾ ਖਾਣ। ਕਿਸਾਨ ਕੋਈ ਦਿੱਲੀ ਘੁੰਮਣ ਨਹੀਂ ਆਏ,ਉਹ ਆਪਣੇ ਹੱਕਾਂ ਲਈ ਦਿੱਲੀ ਪਹੁੰਚੇ ਹਨ।ਭਾਰਤੀ ਸੰਵਿਧਾਨ ਦੀਆਂ ਦਿਨ ਪ੍ਰਤੀ ਦਿਨ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਇਹ ਕੋਈ ਚੰਗਾ ਸੰਕੇਤ ਨਹੀਂ।

ਕਿਸਾਨ ਸੰਘਰਸ਼ ਨੇ ਲੋਕਾਂ ਨੂੰ ਜਾਗਰੂਕ ਕਰ ਦਿੱਤਾ ਹੈ।ਉਹ ਜਾਣ ਚੁੱਕੇ ਹਨ ਕਿ ਕੌਣ ਉਨਾਂ ਦੇ ਨਾਲ ਖੜ੍ਹ ਰਿਹਾ ਤੇ ਕੌਣ ਸਿਆਸੀ ਰੋਟੀਆਂ ਸੇਕ ਰਿਹਾ ਹੈ।ਪਰ ਹੁਣ ਇਤਿਹਾਸ ਦੁਹਰਾਇਆ ਜਾ ਰਿਹੈ ਹੈ।ਬਹੁਤ ਵੱਡਾ ਬਦਲ ਹੋਣ ਜਾ ਰਿਹਾ ਹੈ।ਜਿਹੜੇ ਕਹਿੰਦੇ ਸੀ ਪੰਜਾਬ ਨੂੰ ਨਸ਼ੇ ਨੇ ਖਾ ਲਿਆ ਜਾਂ ਪੰਜਾਬ ਤਾਂ ਨਸ਼ੇ ਨਾਲ ਤਬਾਹ ਹੈ ਇਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ ਉਹ ਵੀ ਦੇਖ ਰਹੇ ਹਨ ਕਿ ਪਦਾਰਥਾਂ ਦਾ ਨਸ਼ਾ ਇਨ੍ਹਾਂ ਤੇ ਅਸਰ ਨਹੀਂ ਕਰਦਾ,ਯੋਧਿਆਂ ਬਹਾਦਰਾਂ ਦੀਆਂ ਸੂਰਬੀਰਤਾ ਦਾ ਨਸ਼ਾ ਇਨ੍ਹਾਂ ਦੀਆਂ ਰਗਾਂ ਵਿੱਚ ਦੌੜ ਰਿਹਾ ਹੈ।

ਕਿਸਾਨਾਂ ਦਾ ਸੰਘਰਸ਼ ਸ਼ੇਰਾਂ ਦੀ ਦਹਾੜ ਹੈ।ਪੰਜਾਬੀ ਸ਼ਾਇਰ ਦੇ ਬੋਲ ਹਨ :-

ਨ੍ਹੇਰੀਆਂ ਨੂੰ ਜੇ ਭੁਲੇਖਾ ਹੈ,

ਨੇਰਾ ਪਾਉਣ ਦਾ,

ਨ੍ਹੇਰੀਆਂ ਨੂੰ ਰੋਕ ਵੀ,

ਪਾਉਂਦੇ ਰਹੇ ਨੇ ਲੋਕ।

ਸੁਰਜੀਤ ਸਿੰਘ ‘ਦਿਲਾ ਰਾਮ’
ਗੁਰਮਿਤ ਕਾਲਜ ‘ਪਟਿਆਲਾ’।
ਸੰਪਰਕ 99147-22933

Previous articleVoting underway for Kuwait parliamentary elections
Next articleਕਿਸਾਨਾਂ ਤੇ ਸਰਕਾਰ ਵਿਚਾਲੇ ਪੰਜਵੇਂ ਗੇੜ ਦੀ ਗੱਲਬਾਤ ਸ਼ੁਰੂ