ਮਾਨਸਾ/ ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਵਾਲੇ ਦੋ ਕਿਸਾਨਾਂ ਦੀ ਵੱਖੋ-ਵੱਖਰੀਆਂ ਘਟਨਾਵਾਂ ’ਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਦਿੱਲੀ ਦੀਆਂ ਬਰੂਹਾਂ ਤੱਕ ਪੁੱਜੇ ਮਾਨਸਾ ਦੇ ਕਿਸਾਨ ਗੁਰਜੰਟ ਸਿੰਘ (58) ਪਿੰਡ ਬੱਛੋਆਣਾ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਕਿਸਾਨ ਦੀ ਬੀਤੀ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਵਾਪਸ ਆਉਣ ਸਮੇਂ ਵਾਪਰੇ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਿਸਾਨ ਗੁਰਜੰਟ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਵਰਕਰ ਵਜੋਂ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ, ਦੋ ਪੁੱਤਰ ਤੇ ਇੱਕ ਧੀ ਛੱਡ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਹਵਾਲੇ ਨਾਲ ਭੇਜੀ ਗਈ ਇੱਕ ਸੂਚਨਾ ਅਨੁਸਾਰ ਕਿਸਾਨ ਗੁਰਜੰਟ ਸਿੰਘ ਕੱਲ੍ਹ ਸ਼ਾਮ ਨੂੰ ਧਰਨੇ ਦੌਰਾਨ ਬਿਮਾਰ ਹੋ ਗਿਆ ਸੀ, ਜਿਸ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਅੱਜ ਹਾਲਤ ਵਿਗੜਨ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਪੀਜੀਆਈ, ਰੋਹਤਕ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੀਜੀਆਈ ’ਚ ਉਸ ਦੇ ਅਜੇ ਨਮੂਨੇ ਲਏ ਜਾ ਰਹੇ ਸਨ ਕਿ ਉਸ ਦੀ ਮੌਤ ਹੋ ਗਈ।
ਜਥੇਬੰਦੀ ਵੱਲੋਂ ਉਸ ਦੀ ਦੇਹ ਰੋਹਤਕ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀ ਗਈ ਹੈ ਅਤੇ ਸਰਕਾਰ ਸਾਹਮਣੇ ਸ਼ਰਤਾਂ ਤਹਿਤ ਸਸਕਾਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਜੰਟ ਸਿੰਘ ਨੂੰ ਜਥੇਬੰਦੀ ਵੱਲੋਂ ਦਿੱਲੀ ਅੰਦੋਲਨ ਦਾ ਸ਼ਹੀਦ ਐਲਾਨਿਆ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨ ਗੁਰਜੰਟ ਸਿੰਘ ਜਥੇਬੰਦੀ ਦੇ ਹਰ ਅੰਦੋਲਨ ਵਿੱਚ ਸਰਗਰਮੀ ਨਾਲ ਭਾਗ ਲੈਂਦਾ ਸੀ। ਉਨ੍ਹਾਂ ਕਿਹਾ ਕਿ ਉਸਦੇ ਸਸਕਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਅਤੇ ਸਰਕਾਰੀ/ਪ੍ਰਾਈਵੇਟ ਕਰਜ਼ੇ ‘ਤੇ ਲੀਕ ਫੇਰਨ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕਿਸਾਨ ਗੁਰਜੰਟ ਸਿੰਘ ਦੀ ਮੌਤ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਇੱਕ ਹੋਰ ਕਿਸਾਨ ਧੰਨਾ ਸਿੰਘ ਚਾਹਲ ਦੀ ਦਿੱਲੀ ਜਾਂਦਿਆਂ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਜਿਸ ਦਾ ਸਬੰਧ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨਾਲ ਸੀ।