ਕੈਪਟਨ ਦੀ ਭਾਜਪਾ ਨਾਲ ਮਿਲੀਭੁਗਤ: ਕੇਜਰੀਵਾਲ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਦੇ ਨੌਂ ਸਟੇਡੀਅਮਾਂ ਨੂੰ ਜੇਲ੍ਹਾਂ ਵਿਚ ਤਬਦੀਲ ਕਰਨਾ ਚਾਹੁੰਦੀ ਸੀ ਤਾਂ ਕਿ ਕਿਸਾਨਾਂ ਨੂੰ ਉੱਥੇ ਡੱਕ ਕੇ ਸੰਘਰਸ਼ ਦਬਾਇਆ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਇਸ ਕਾਰਵਾਈ ਲਈ ਕੇਂਦਰ ਦਿੱਲੀ ਸਰਕਾਰ ’ਤੇ ਦਬਾਅ ਬਣਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕਿਸਾਨਾਂ ਨੇ ਪੰਜਾਬ-ਹਰਿਆਣਾ ਤੋਂ ਦਿੱਲੀ ਕੂਚ ਕਰਨਾ ਸ਼ੁਰੂ ਕੀਤਾ ਸੀ।

ਮੁੱਖ ਮੰਤਰੀ ਨੇ ਇਕ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਦ ਤੋਂ ਉਨ੍ਹਾਂ ਦਿੱਲੀ ਦੇ ਸਟੇਡੀਅਮਾਂ ਨੂੰ ਜੇਲ੍ਹਾਂ ਵਿਚ ਤਬਦੀਲ ਕਰਨ ਤੋਂ ਇਨਕਾਰ ਕੀਤਾ ਹੈ ਕੇਂਦਰ ਸਰਕਾਰ ਉਨ੍ਹਾਂ ਨਾਲ ‘ਬਹੁਤ ਨਾਰਾਜ਼’ ਹੈ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਸਰਕਾਰ ਦੀ ਕਿਸਾਨਾਂ ਨੂੰ ਇਨ੍ਹਾਂ ਜੇਲ੍ਹਾਂ ਵਿਚ ਡੱਕਣ ਦੀ ਪੂਰੀ ਯੋਜਨਾ ਸੀ।  ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਹੱਲਾ ਬੋਲਦਿਆਂ ਉਨ੍ਹਾਂ ’ਤੇ ਭਾਜਪਾ ਦੀ ਬੋਲੀ ਬੋਲਣ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਉਹ ਕਿਸ ਦੇ ਦਬਾਅ ਹੇਠ ਉਨ੍ਹਾਂ ’ਤੇ ਝੂਠੇ ਦੋਸ਼ ਲਾ ਰਹੇ ਹਨ?

ਜ਼ਿਕਰਯੋਗ ਹੈ ਕਿ ਕੈਪਟਨ ਨੇ ਕਿਹਾ ਸੀ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਖੇਤੀ ਆਰਡੀਨੈਂਸ ਲਾਗੂ ਕਰ ਦਿੱਤੇ ਹਨ।  ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਭਾਜਪਾ ਦੀ ਬੋਲੀ ਬੋਲ ਰਹੇ ਹਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਪਰਿਵਾਰ ਈਡੀ ਦੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਦੋਸ਼ ਸ਼ਾਇਦ ਇਸ ਲਈ ਦੋਸ਼ ਲਾ ਰਹੇ ਹਨ ਕਿਉਂਕਿ ਉਹ ਭਾਜਪਾ ਨਾਲ ਦੋਸਤੀ ਨਿਭਾਅ ਰਹੇ ਹਨ, ਜਾਂ ਫਿਰ ਉਨ੍ਹਾਂ ਉਤੇ ਦਬਾਅ ਹੈ। ਕੇਜਰੀਵਾਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਕੈਪਟਨ ਅਮਰਿੰਦਰ ਸ਼ਾਮਲ ਸਨ ਪਰ ਉਨ੍ਹਾਂ ਇਸ ਦਾ ਵਿਰੋਧ ਨਹੀਂ ਕੀਤਾ।

ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਕੋਲ ਖੇਤੀ ਬਿੱਲਾਂ ਨੂੰ ਰੋਕਣ ਦਾ ਪੂਰਾ ਮੌਕਾ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣ ਤੇ ਐਮਐੱਸਪੀ ਦੀ ਗਾਰੰਟੀ ਕਾਨੂੰਨਾਂ ਵਿਚ ਦਿੱਤੀ ਜਾਵੇ। ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਕਿਸਾਨ ਦੇ 22 ਸਾਲਾ ਫ਼ੌਜੀ ਪੁੱਤਰ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਝ ਲੋਕ ਕਿਸਾਨਾਂ ਨੂੰ ਅਤਿਵਾਦੀ ਗਰਦਾਨ ਰਹੇ ਹਨ, ਜਦਕਿ ਸਰਹੱਦ ’ਤੇ ਤਾਇਨਾਤ ਅਣਗਿਣਤ ਜਵਾਨਾਂ ਦੇ ਰਿਸ਼ਤੇਦਾਰ ਕਿਸਾਨ ਹਨ।

Previous articleCovid could push 72mn more kids into learning poverty: World Bank
Next articleਦਿੱਲੀ ਘੋਲ: ਨਾ ਗ਼ਮ ਚੇਤੇ ਆਏ, ਨਾ ਖ਼ੁਸ਼ੀ ਰਹੀ ਯਾਦ