ਨਵੀਂ ਦਿੱਲੀ (ਸਮਾਜ ਵੀਕਲੀ) : ਇਥੋਂ ਦੀ ਅਦਾਲਤ ਨੇ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਮਾਮਲੇ ’ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਦੀ ਜੁਡੀਸ਼ਲ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ। ਪੁਲੀਸ ਰਿਮਾਂਡ ਵਧਾਏ ਜਾਣ ਦੀ ਮੰਗ ਦਾ ਉਸ ਨੂੰ ਵਿਰੋਧ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਜੇਕਰ ਮੁਲਜ਼ਮ ਦੇ ਵਕੀਲ ਸੋਚਦੇ ਹਨ ਕਿ ਉਸ ਦੀ ਹਿਰਾਸਤ ਵਧਾਏ ਜਾਣ ਦੀ ਕੋਈ ਲੋੜ ਨਹੀਂ ਹੈ ਤਾਂ ਉਹ ਜ਼ਮਾਨਤ ਅਰਜ਼ੀ ਦਾਖ਼ਲ ਕਰ ਸਕਦੇ ਹਨ।
ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਦਿਨੇਸ਼ ਕੁਮਾਰ ਨੇ ਕਿਹਾ ਕਿ ਨਵੇਂ ਸਿਰੇ ਤੋਂ ਗ੍ਰਿਫ਼ਤਾਰੀ ਵੇਲੇ ਮੁਲਜ਼ਮ ਅਤੇ ਉਸ ਦਾ ਵਕੀਲ ਜਾਂਚ ਅਧਿਕਾਰੀ ਦੀ ਬੇਨਤੀ ਦਾ ਵਿਰੋਧ ਕਰ ਸਕਦੇ ਹਨ। ਉਨ੍ਹਾਂ ਖਾਲਿਦ ਨੂੰ 16 ਦਸੰਬਰ ਤੱਕ ਜੁਡੀਸ਼ਲ ਹਿਰਾਸਤ ’ਚ ਭੇਜਦਿਆਂ ਕਿਹਾ ਕਿ ਹਿਰਾਸਤ ਵਧਾਉਣ ਦੇ ਢੁੱਕਵੇਂ ਆਧਾਰ ਹਨ। ਖਾਲਿਦ ਨੂੰ ਖਜੂਰੀ ਖਾਸ ਇਲਾਕੇ ’ਚ ਦੰਗਿਆਂ ਨਾਲ ਸਬੰਧਤ ਕੇਸ ’ਚ ਪਹਿਲੀ ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਪਹਿਲਾਂ ਸਤੰਬਰ ’ਚ ਦੰਗਿਆਂ ਦੇ ਇਕ ਹੋਰ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਧਰ ਦਿੱਲੀ ਪੁਲੀਸ ਨੇ ਹਾਈ ਕੋਰਟ ’ਚ ਸੁਝਾਅ ਦਿੱਤਾ ਕਿ ਦੰਗਿਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ ਨੂੰ 4 ਦਸੰਬਰ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਲਈ ਗੈਸਟ ਹਾਊਸ ’ਚ ਰੱਖਿਆ ਜਾ ਸਕਦਾ ਹੈ। ਉਂਜ ਪੁਲੀਸ ਨੇ ਤਨਹਾ ਵੱਲੋਂ ਪ੍ਰੀਖਿਆਵਾਂ ਲਈ ਮੰਗੀ ਗਈ ਅੰਤਰਿਮ ਜ਼ਮਾਨਤ ਦਾ ਵਿਰੋਧ ਕੀਤਾ। ਅਦਾਲਤ ਨੇ ਪੁਲੀਸ ਨੂੰ ਕਿਹਾ ਹੈ ਕਿ ਉਹ ਵੀਰਵਾਰ ਨੂੰ ਪ੍ਰੀਖਿਆ ਕੇਂਦਰ ਨੇੜੇ ਗੈਸਟ ਹਾਊਸ ਦਾ ਪ੍ਰਬੰਧ ਕਰਨ ਬਾਰੇ ਜਾਣਕਾਰੀ ਦੇਵੇ।