ਫ਼ਰੀਦਕੋਟ (ਸਮਾਜਵੀਕਲੀ) : ਫ਼ਰੀਦਕੋਟ ਦੇ ਤਿੰਨ ਦਰਜਨ ਤੋਂ ਵੱਧ ਨੌਜਵਾਨਾਂ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਦਿੱਲੀ ਦੇ ਇੱਕ ਕਾਰੋਬਾਰੀ ਨੇ ਕਥਿਤ ਤੌਰ ’ਤੇ ਰੁਜ਼ਗਾਰ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਨੌਜਵਾਨਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਠੱਗੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਪ੍ਰੰਤੂ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਸੁਰਿੰਦਰ ਸਿੰਘ, ਰਣਜੀਤ ਸਿੰਘ, ਰਾਮ ਕ੍ਰਿਸ਼ਨ ਅਤੇ ਗਾਇਤਰੀ ਸ਼ਰਮਾ ਨੇ ਕਿਹਾ ਕਿ ਕਿ ਦਿੱਲੀ ਦਾ ਕਾਰੋਬਾਰੀ ਰਵੀ ਵਰਮਾ ਦਾਅਵਾ ਕਰਦਾ ਸੀ ਕਿ ਉਹ ਸ਼ਾਪਿੰਗ ਮਾਲ ਦਾ ਮਾਲਕ ਹੈ ਅਤੇ ਟੋਲ ਪਲਾਜ਼ੇ ਚਲਾਉਣ ਤੇ ਸਰਕਾਰੀ ਕੰਟੀਨਾਂ ਦੇ ਠੇਕੇ ਅਤੇ ਸਕਿਓਰਿਟੀ ਏਜੰਸੀਆਂ ਚਲਾਉਂਦਾ ਹੈ।
ਸ਼ਮਸ਼ੇਰ ਸਿੰਘ ਨੇ ਕਿਹਾ ਕਿ ਰਵੀ ਵਰਮਾ ਨਾਲ ਕਾਰੋਬਾਰ ਸਾਂਝਾ ਕਰਨ ਲਈ ਉਸ ਨੇ ਆਪਣੀ ਜ਼ਮੀਨ ਵੇਚ ਕੇ ਉਸ ਨੂੰ ਪੰਦਰਾਂ ਲੱਖ ਦਿੱਤੇ ਜਦੋਂ ਕਿ ਖੁਸ਼ਵਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਪੰਜ ਲੱਖ ਰੁਪਇਆ ਬੈਂਕ ਅਕਾਊਂਟ ਰਾਹੀਂ ਰਵੀ ਵਰਮਾ ਨੂੰ ਦਿੱਤਾ। ਗਾਇਤਰੀ ਸ਼ਰਮਾ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਰਵੀ ਵਰਮਾ ਨੇ ਉਨ੍ਹਾਂ ਤੋਂ ਵੀ 80-80 ਹਜ਼ਾਰ ਰੁਪਏ ਲਏ ਅਤੇ ਨਾਲ ਹੀ ਆਪਣੀ ਕੰਟੀਨ ਉੱਪਰ ਮੁਲਾਜ਼ਮ ਰੱਖ ਲਿਆ ਅਤੇ ਉਨ੍ਹਾਂ ਨੂੰ ਦੋ ਦੋ ਸਾਲ ਦੀ ਤਨਖਾਹ ਤੱਕ ਨਹੀਂ ਦਿੱਤੀ।
ਜਗਸੀਰ ਸਿੰਘ ਭੁੱਲਰ ਤੇ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਦੁੱਧ ਵੇਚਣ ਦਾ ਕੰਮ ਕਰਦੇ ਹਨ ਅਤੇ ਰਵੀ ਵਰਮਾ ਆਪਣੀਆਂ ਕੰਟੀਨਾਂ ਵਾਸਤੇ ਉਨ੍ਹਾਂ ਤੋਂ ਦੁੱਧ ਲੈਂਦਾ ਸੀ ਪਰ ਉਨ੍ਹਾਂ ਨੂੰ ਦੁੱਧ ਲੈ ਕੇ ਕੋਈ ਪੈਸਾ ਵਾਪਸ ਨਹੀਂ ਦਿੱਤਾ। ਪੀੜਤ ਨੌਜਵਾਨਾਂ ਨੇ ਦੋਸ਼ ਲਾਇਆ ਕਿ ਰਵੀ ਵਰਮਾ ਨੇ ਫਰੀਦਕੋਟ ਵਿੱਚ ਆਪਣੀਆਂ ਕੰਟੀਨਾਂ ਅਤੇ ਹੋਰ ਕਾਰੋਬਾਰ ਨੂੰ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਹੈ ਅਤੇ ਉਹ ਹੁਣ ਚੁੱਪ ਚੁਪੀਤੇ ਫਰੀਦਕੋਟ ਵਿੱਚੋਂ ਭੱਜਣਾ ਚਾਹੁੰਦਾ ਹੈ ਜਿਸ ਵਿੱਚ ਪੁਲੀਸ ਪ੍ਰਸ਼ਾਸਨ ਉਸ ਦੀ ਮੱਦਦ ਕਰ ਰਿਹਾ ਹੈ। ਰਾਮ ਕ੍ਰਿਸ਼ਨ ਨੇ ਦਸਤਾਵੇਜ਼ ਦਿਖਾਉਂਦਿਆਂ ਕਿਹਾ ਕਿ ਉਸ ਨਾਲ ਰਵੀ ਵਰਮਾ ਨੇ ਬਾਰਾਂ ਲੱਖ ਦੀ ਠੱਗੀ ਮਾਰੀ ਹੈ ।