ਕਮਿਸ਼ਨ ਸਟੀਕ ਜਾਣਕਾਰੀ ਦੇਣਾ ਚਾਹੁੰਦਾ ਸੀ: ਚੋਣ ਅਧਿਕਾਰੀ
* ਅੰਕੜੇ ਐਲਾਨਣ ਵਿਚ ਦੇਰੀ ’ਤੇ ‘ਆਪ’ ਆਗੂਆਂ ਨੇ ਚੋਣ ਕਮਿਸ਼ਨ ’ਤੇ ਉਠਾਏ ਸਨ ਸਵਾਲ
* ਬੱਲੀਮਾਰਾਂ ਹਲਕੇ ’ਚ ਸਭ ਤੋਂ ਵੱਧ 71.6 ਪ੍ਰਤੀਸ਼ਤ ਤੇ ਦਿੱਲੀ ਕੈਂਟ ’ਚ ਸਭ ਤੋਂ ਘੱਟ 45.4 ਪ੍ਰਤੀਸ਼ਤ ਵੋਟਿੰਗ
ਨਵੀਂ ਦਿੱਲੀ– ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਰਣਬੀਰ ਸਿੰਘ ਨੇ ਅੱਜ ਇੱਥੇ ਮੀਡੀਆ ਕਾਨਫ਼ਰੰਸ ਦੌਰਾਨ ਦੱਸਿਆ ਕਿ ਵਿਧਾਨ ਸਭਾ ਚੋਣਾਂ ’ਚ ਆਖ਼ਰੀ ਵੋਟ ਪ੍ਰਤੀਸ਼ਤ 62.59 ਰਹੀ ਹੈ। 2015 ਦੀਆਂ ਚੋਣਾਂ ’ਚ ਪ੍ਰਤੀਸ਼ਤ 67.47 ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਵੇਰਵੇ ਨਸ਼ਰ ਕਰਨ ’ਚ ਹੋਈ ਦੇਰੀ ’ਚ ਕੁਝ ਅਨੋਖਾ ਨਹੀਂ ਹੈ। ਰਿਟਰਨਿੰਗ ਅਫ਼ਸਰ ਪੂਰੀ ਰਾਤ ਡੇਟਾ ਦੀ ਸਮੀਖ਼ਿਆ ਵਿਚ ਲੱਗੇ ਹੋਏ ਸਨ ਤਾਂ ਕਿ ਬਿਲਕੁਲ ਸਹੀ ਅੰਕੜੇ ਦਿੱਤੇ ਜਾ ਸਕਣ। ਇੱਥੇ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਣਬੀਰ ਸਿੰਘ ਨੇ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਜ਼ਾਹਿਰ ਕੀਤੇ ਗਏ ਫ਼ਿਕਰਾਂ ਨੂੰ ਦੂਰ ਕਰਨ ਦਾ ਯਤਨ ਕੀਤਾ। ਚੋਣ ਅਧਿਕਾਰੀ ਨੇ ਕਿਹਾ ਕਿ ‘ਉਹ ਕਿਆਸਅਰਾਈਆਂ ਲਈ ਕੋਈ ਥਾਂ ਨਹੀਂ ਛੱਡਣਾ ਚਾਹੁੰਦੇ ਸਨ ਤੇ ਸਟੀਕ ਅੰਕੜੇ ਦੇਣਾ ਚਾਹੁੰਦੇ ਸਨ।’ ਦੱਸਣਯੋਗ ਹੈ ਕਿ ਕਈ ਆਗੂਆਂ ਨੇ ਵੋਟ ਪ੍ਰਤੀਸ਼ਤ ਜਾਰੀ ਕਰਨ ’ਚ ਦੇਰੀ ਹੋਣ ’ਤੇ ਚੋਣ ਕਮਿਸ਼ਨ ਨੂੰ ਸਵਾਲ ਕੀਤੇ ਸਨ। ਸ਼ਨਿਚਰਵਾਰ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਪਈਆਂ ਵੋਟਾਂ ਦੇ ਦਿੱਤੇ ਅੰਕੜਿਆਂ ਮੁਤਾਬਕ ਬੱਲੀਮਾਰਾਂ ਹਲਕੇ ’ਚ ਸਭ ਤੋਂ ਵੱਧ 71.6 ਪ੍ਰਤੀਸ਼ਤ ਵੋਟਿੰਗ ਹੋਈ ਹੈ। ਜਦਕਿ ਸਭ ਤੋਂ ਘੱਟ ਵੋਟ ਪ੍ਰਤੀਸ਼ਤ ਦਿੱਲੀ ਕੈਂਟ ਹਲਕੇ ’ਚ ਰਹੀ ਹੈ ਜੋ ਕਿ 45.4 ਪ੍ਰਤੀਸ਼ਤ ਹੈ। ਚੋਣ ਅਧਿਕਾਰੀ ਨੇ ਕਿਹਾ ਕਿ ਕੌਮੀ ਰਾਜਧਾਨੀ ’ਚ 13,700 ਪੋਲਿੰਗ ਕੇਂਦਰ ਸਨ। ਹਰ ਸਟੇਸ਼ਨ ਤੋਂ ਡੇਟਾ ਜੋੜਿਆ ਜਾਣਾ ਸੀ। ਇਹ ਯਕੀਨੀ ਬਣਾਇਆ ਗਿਆ ਕਿ ਇਕ-ਇਕ ਵੋਟ ਅੰਕੜਿਆਂ ਵਿਚ ਸ਼ਾਮਲ ਹੋਵੇ। ਉਨ੍ਹਾਂ ਕਿਹਾ ਕਿ ਜਲਦੀ ਜਾਂ ਦੇਰੀ ਕੋਈ ਮੁੱਦਾ ਨਹੀਂ ਹੈ। ਜਿਵੇਂ ਹੀ ਆਖ਼ਰੀ ਵੋਟਿੰਗ ਪ੍ਰਤੀਸ਼ਤ ਬਣਦੀ ਹੈ, ਇਸ ਨੂੰ ਲੋਕਾਂ ਨਾਲ ਸਾਂਝਾ ਕਰ ਦਿੱਤਾ ਜਾਂਦਾ ਹੈ। ਦੱਸਣਯੋਗ ਹੈ ਕਿ ਐਗਜ਼ਿਟ ਪੋਲਜ਼ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਪੇਸ਼ੀਨਗੋਈ ਕੀਤੀ ਗਈ ਹੈ
।