ਦਿੱਲੀ ਘੋਲ: ਨਾ ਗ਼ਮ ਚੇਤੇ ਆਏ, ਨਾ ਖ਼ੁਸ਼ੀ ਰਹੀ ਯਾਦ

ਚੰਡੀਗੜ੍ਹ (ਸਮਾਜ ਵੀਕਲੀ) : ਇਹ ‘ਦਿੱਲੀ ਘੋਲ’ ਦਾ ਹੀ ਸਿੱਟਾ ਹੈ ਕਿ ਸੈਂਕੜੇ ਕਿਸਾਨ ਸਭ ਕੁਝ ਤਿਆਗ ਕੇ ਸੰਘਰਸ਼ੀ ਗੂੰਜ ਪਾਉਣ ਲੱਗੇ ਹਨ। ਉਹ ਨਾ ਕਿਸੇ ਖ਼ੁਸ਼ੀ ਵਿੱਚ ਸ਼ਰੀਕ ਹੋ ਰਹੇ ਹਨ ਤੇ ਨਾ ਹੀ ਕਿਸੇ ਗਮੀ ’ਚ ਜਾ ਰਹੇ ਹਨ, ਉਨ੍ਹਾਂ ਲਈ ਦਿੱਲੀ ਮੋਰਚਾ ਹੀ ਜ਼ਿੰਦਗੀ ਹੈ। ਸੰਗਰੂਰ ਦੇ ਪਿੰਡ ਘਰਾਚੋਂ ਦੀ ਮਾਤਾ ਰਣਜੀਤ ਕੌਰ ਲਈ ਦਿੱਲੀ ਮੋਰਚਾ ਸਭ ਕੁਝ ਹੈ। ਉਸ ਦਾ ਸਹੁਰਾ ਅਤੇ ਭੈਣ ਅਧਰੰਗ ਦੇ ਮਰੀਜ਼ ਹਨ ਜਿਨ੍ਹਾਂ ਦੀ ਸੰਭਾਲ ਉਸ ਦੇ ਹਿੱਸੇ ਸੀ, ਪਰ ਹੁਣ ਉਹ ਉਨ੍ਹਾਂ ਨੂੰ ਛੱਡ ਦਿੱਲੀ ਔਰਤਾਂ ਦੇ ਜਥੇ ’ਚ ਪੁੱਜ ਗਈ ਹੈ। ਉਸਦਾ ਆਖਣਾ ਹੈ ਕਿ ਅਧਰੰਗ ਤੋਂ ਤਾਂ ਬਚ ਜਾਵਾਂਗੇ, ਖੇਤੀ ਕਾਨੂੰਨਾਂ ਤੋਂ ਬਚਣਾ ਮੁਸ਼ਕਲ ਹੈ।

ਉਹ ਆਖਦੀ ਹੈ ਕਿ ਘਰ ਪਏ ਅਧਰੰਗ ਦੇ ਦੋਵੇਂ ਮਰੀਜ਼ ਵੀ ਖ਼ੁਦ ਦੁੱਖ ਝੱਲ ਰਹੇ ਹਨ ਪਰ ਉਸ ਨੂੰ ਫੋਨ ਕਰ ਕੇ ਮੋਰਚੇ ‘ਚ ਡਟਣ ਦਾ ਹੌਸਲਾ ਵੀ ਦੇ ਰਹੇ ਹਨ। ਮਾਨਸਾ ਦੇ ਪਿੰਡ ਰਾਅਪੁਰ ਮਾਖਾ ਦਾ ਕਰਨੈਲ ਸਿੰਘ ਟਿਕਰੀ ਸਰਹੱਦ ‘ਤੇ ਬੈਠਾ ਹੈ। ਉਸ ਦੀ 38 ਸਾਲ ਦੀ ਭਰਜਾਈ ਦੀ ਮੌਤ ਹੋ ਗਈ। ਉਹ ਭਰਜਾਈ ਦੇ ਸਸਕਾਰ ‘ਤੇ ਨਹੀਂ ਗਿਆ। ਆਖਦਾ ਹੈ ਕਿ ਸਹੁੰ ਖਾਧੀ ਸੀ ਕਿ ਬਿਨਾਂ ਜਿੱਤੇ ਵਾਪਸ ਨਹੀਂ ਜਾਣਾ। ਬਰਨਾਲਾ ਦੇ ਪਿੰਡ ਭੈਣੀ ਮਹਿਰਾਜ ਦੇ ਕਿਸਾਨ ਨਿਰਮਲ ਸਿੰਘ ਦੀ ਇੱਕ ਲੱਤ ਅਤੇ ਇੱਕ ਬਾਂਹ ਕੱਟੀ ਹੋਈ ਹੈ। ਪਿੰਡ ਵਿੱਚ ਡੇਅਰੀ ਦਾ ਕੰਮ ਕਰਦਾ ਸੀ। ਪਿੱਛੇ ਪਰਿਵਾਰ ਬੁਲਾ ਰਿਹਾ ਹੈ, ਪਰ ਉਹ ਆਖਦਾ ਹੈ ਕਿ ਖਾਲੀ ਹੱਥ ਦਿੱਲੀਓਂ ਮੁੜ ਗਿਆ ਤਾਂ ਪਸ਼ੂ ਵੀ ਨਹੀਂ ਬਚਣਗੇ। ਉਹ ਇੱਕੋ ਬਾਂਹ ਖੜ੍ਹੀ ਕਰ ਕੇ ਨਾਅਰੇ ਮਾਰ ਰਿਹਾ ਹੈ।

ਇਨ੍ਹਾਂ ਸਭ ਕਿਸਾਨਾਂ ਦਾ ਜੋਸ਼ ਤੇ ਜਜ਼ਬਾ ਵੇਖਣ ਵਾਲਾ ਹੈ। ਇਨ੍ਹਾਂ ਲਈ ਸਭ ਤੋਂ ਪਹਿਲੀ ਤਰਜੀਹ ਕਿਸਾਨ ਜੰਗ ਜਿੱਤਣਾ ਹੈ। ਫਤਹਿਗੜ੍ਹ ਛੰਨਾ ਦੇ ਕਿਸਾਨ ਭਰਾ ਬਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦਿੱਲੀ ਸਰਹੱਦ ‘ਤੇ ਬੈਠੇ ਹਨ। ਇਨ੍ਹਾਂ ਭਰਾਵਾਂ ਦਾ ਪਿਤਾ ਗੁਰਦਿਆਂ ਦਾ ਮਰੀਜ਼ ਹੈ ਜਿਸ ਨੂੰ ਘਰ ਛੱਡ ਉਹ ਮੋਰਚੇ ’ਚ ਬੈਠੇ ਹਨ। ਉਨ੍ਹਾਂ ਦੀ ਮਾਂ ਇਕੱਲੀ ਹੀ ਉਸ ਨੂੰ ਸੰਭਾਲ ਰਹੀ ਹੈ। ਮਾਂ ਜਸਮੇਲ ਕੌਰ ਨੇ ਦੋਵੇਂ ਪੁੱਤਰਾਂ ਨੂੰ ਇਹ ਆਖ ਦਿੱਲੀ ਭੇਜ ਦਿੱਤਾ ਕਿ ‘ਤੁਸੀਂ ਖੇਤ ਬਚਾਓ’। ਦੋਵੇਂ ਭਰਾ ਆਖਦੇ ਹਨ ਕਿ ਉਹ ਆਪਣੇ ਪਿਤਾ ਦੇ ਖੇਤ ਬਚਾਉਣ ਲਈ ਰਾਜਧਾਨੀ ਆਏ ਹਨ। ਇਸੇ ਤਰ੍ਹਾਂ 12ਵੀਂ ਕਲਾਸ ‘ਚ ਪੜ੍ਹਦਾ ਅਰਸ਼ਦੀਪ ਸਕੂਲ ਵਰਦੀ ’ਚ ਧਰਨੇ ਵਿੱਚ ਬੈਠਾ ਹੈ। ਉਹ ਆਖਦਾ ਹੈ ਕਿ ਪਿਤਾ ਦੀ ਪੈਲੀ ਬਚ ਗਈ ਤਾਂ ਹੀ ਅੱਗੇ ਪੜ੍ਹ ਸਕਾਂਗਾ। ਉਹ ਦੱਸਦਾ ਹੈ ਕਿ ਵਰਦੀ ‘ਚ ਇਸ ਕਰਕੇ ਆਇਆ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ‘ਕੱਲੇ ਕਿਸਾਨ ਨਹੀਂ, ਉਨ੍ਹਾਂ ਦੇ ਮੁੰਡੇ ਵੀ ਆਏ ਹਨ।

ਦੂਜੇ ਪਾਸੇ ਬਹੁਤੇ ਕਿਸਾਨਾਂ ਤੇ ਜਵਾਨਾਂ ਨੇ ਆਪਣੇ ਘਰਾਂ ਵਿੱਚ ਖ਼ੁਸ਼ੀ ਦੇ ਪ੍ਰੋਗਰਾਮ ਛੱਡ ਕੇ ਦਿੱਲੀ ਨਾਲ ਟੱਕਰਨ ਨੂੰ ਪਹਿਲ ਦਿੱਤੀ ਹੈ। ਪਬਲਿਕ ਕਾਲਜ ਸਮਾਣਾ ਵਿੱਚ ਬਾਕਸਰ ਕੋਚ ਰਾਮ ਸਿੰਘ ਦੇ ਘਰ ਭਤੀਜੀ ਦਾ ਵਿਆਹ ਸੀ। ਦਿੱਲੀ ਅੰਦੋਲਨ ‘ਚ ਠੁਰ-ਠੁਰ ਕਰਦੇ ਬਜ਼ੁਰਗਾਂ ਦੀ ਤਸਵੀਰ ਦੇਖੀ। ਉਹ ਘਰ ਬਿਨਾਂ ਕਿਸੇ ਨੂੰ ਦੱਸੇ ਰਾਤ ਨੂੰ ਹੀ ਦਿੱਲੀ ਪਹੁੰਚ ਗਿਆ। ਉਹ ਆਖਦਾ ਹੈ ਕਿ ਜਿਨ੍ਹਾਂ ਬਜ਼ੁਰਗਾਂ ਦੀ ਉਮਰ ਪੋਤਿਆਂ ਨਾਲ ਖੇਡਣ ਦੀ ਹੈ, ਉਹ ਬੁਛਾੜਾਂ ਝੱਲ ਰਹੇ ਹਨ। ਵਿਆਹ ਨਾਲੋਂ ਜ਼ਮੀਨ ਪਹਿਲਾਂ ਹੈ। ਕੌਮਾਂਤਰੀ ਬਾਕਸਰ ਨੇ ਦੱਸਿਆ ਕਿ ਉਹ 9 ਦਸੰਬਰ ਨੂੰ ਮੁੜ ਪੂਰੀ ਟੀਮ ਨੂੰ ਨਾਲ ਲੈ ਕੇ ਦਿੱਲੀ ਜਾਵੇਗਾ।

ਜਲਾਲਾਬਾਦ ਦੇ ਪਿੰਡ ਚੱਕ ਅਤਰ ਵਾਲਾ ਦਾ ਅੰਮ੍ਰਿਤਪਾਲ ਮਗਨਰੇਗਾ ‘ਚ ਠੇਕੇ ’ਤੇ ਨੌਕਰੀ ਕਰਦਾ ਹੈ, ਉਹ ਬਿਨਾਂ ਤਨਖਾਹ ਤੋਂ ਛੁੱਟੀ ਲੈ ਕੇ ਦਿੱਲੀ ਗਿਆ ਹੈ। ਉਸ ਦੀ ਭੂਆ ਦੀ ਲੜਕੀ ਦਾ ਵੀ ਹੁਣ ਵਿਆਹ ਸੀ। ਉਹ ਆਖਦਾ ਹੈ ਕਿ ਜ਼ਮੀਨ ਚਲੀ ਗਈ ਤਾਂ ਖਾਵਾਂਗੇ ਕੀ? ਭੈਣੀ ਮਹਿਰਾਜ ਦੇ ਰਘਬੀਰ ਸਿੰਘ ਨੇ ਆਪਣੇ ਮਸੇਰੇ ਭਰਾ ਦੇ ਵਿਆਹ ਨਾਲੋਂ ਦਿੱਲੀ ’ਚ ਘੋਲ ਦਾ ਸਾਂਝੀ ਬਣਨ ਨੂੰ ਪਹਿਲ ਦਿੱਤੀ। ਪਿੰਡ ਅਕਲੀਆ ਦੇ ਜੀਤ ਸਿੰਘ ਨੇ ਆਪਣੇ ਭਤੀਜੇ ਦਾ ਵਿਆਹ ਛੱਡ ਦਿੱਤਾ। ਉਹ ਆਖਦਾ ਹੈ ਕਿ ਸਿਰ ਧੜ ਦੀ ਲੱਗੀ ਹੋਵੇ, ਉਦੋਂ ਕੌਣ ਮੈਦਾਨ-ਏ-ਜੰਗ ਛੱਡਦਾ ਹੈ। ਇਹ ਇਨ੍ਹਾਂ ਕਿਸਾਨਾਂ ਦੀ ਇਸ ਘੋਲ ਨਾਲ ਵੱਡੀ ਸਾਂਝ ਹੈ ਕਿ ਉਨ੍ਹਾਂ ਨੂੰ ਬਾਕੀ ਸਭ ਕੁਝ ਬੌਣਾ ਲੱਗਦਾ ਹੈ। ਇਨ੍ਹਾਂ ਕਿਸਾਨਾਂ ਦਾ ਜਜ਼ਬਾ ਹੈ ਜੋ ਕੇਂਦਰੀ ਹਕੂਮਤ ਨੂੰ ਝੁਕਣ ਲਈ ਮਜਬੂਰ ਕਰ ਰਿਹਾ ਹੈ।

ਬੀਕੇਯੂ (ਉਗਰਾਹਾਂ) ਦੇ ਮਹਿਲਾ ਵਿੰਗ ਦੀ ਪ੍ਰਧਾਨ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਸਭ ਪਰਿਵਾਰਾਂ ਨੂੰ ਜ਼ਮੀਨਾਂ ਦੇ ਖੁੱਸਣ ਦਾ ਡਰ ਹੈ ਜਿਸ ਕਰਕੇ ਕੋਈ ਵੀ ਖ਼ੁਸ਼ੀ-ਗਮੀ ਉਨ੍ਹਾਂ ਦੇ ਜੋਸ਼ ਨੂੰ ਮੱਠਾ ਨਹੀਂ ਪਾ ਸਕੀ ਹੈ।

Previous articleਕੈਪਟਨ ਦੀ ਭਾਜਪਾ ਨਾਲ ਮਿਲੀਭੁਗਤ: ਕੇਜਰੀਵਾਲ
Next articleRussia-led security bloc backs WHO in fighting Covid-19