ਨਵੀਂ ਦਿੱਲੀ, (ਸਮਾਜ ਵੀਕਲੀ): ਤਖ਼ਤ ਹਜ਼ੂਰ ਸਾਹਿਬ ਮਗਰੋਂ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਮੇਟੀ ਨੂੰ ਦਾਨ ’ਚ ਮਿਲੇ ਸੋਨੇ ਚਾਂਦੀ ਨਾਲ ਕੋਵਿਡ ਹਸਪਤਾਲ ਬਣਾਉਣ ਦਾ ਫ਼ੈਸਲਾ ਕਰਦਿਆਂ ਅੱਜ ਸੋਨਾ ਚਾਂਦੀ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੌਂਪ ਦਿੱਤਾ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 125 ਬਿਸਤਰਿਆਂ ਦਾ ਇਹ ਹਸਪਤਾਲ 60 ਦਿਨਾਂ ਵਿੱਚ ਤਿਆਰ ਹੋਵੇਗਾ, ਹਸਪਤਾਲ ’ਚ 125 ਬੈੱਡਾਂ ਵਿੱਚੋਂ 35 ਆਈਸੀਯੂ ਬੈੱਡ ਤੇ ਬੱਚਿਆਂ ਲਈ 4 ਆਈਸੀਯੂ ਬੈੱਡ ਤੋਂ ਇਲਾਵਾ ਔਰਤਾਂ ਲਈ ਵੱਖਰੇ ਵਾਰਡ ਹੋਣਗੇ। ਉਨ੍ਹਾਂ ਦੱਸਿਆ ਕਿ ਹੁਣ ਤਾਂ ਇਹ ਹਸਪਤਾਲ ਕਰੋਨਾ ਮਰੀਜ਼ਾਂ ਲਈ ਬਣਾਇਆ ਜਾਣਾ ਹੈ ਪਰ ਬਾਅਦ ਵਿਚ ਇਸ ਜਨਰਲ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਮੁਤਾਬਕ, ‘ਜਿਨ੍ਹਾਂ ਨੇ ਗੁਰੂ ਘਰ ਵਿੱਚ ਸੋਨਾ ਤੇ ਚਾਂਦੀ ਦਾਨ ਕੀਤਾ ਹੈ, ਉਨ੍ਹਾਂ ਦੀਆਂ ਭਾਵਨਾਵਾਂ ਦਾ ਕੋਈ ਮੁੱਲ ਨਹੀਂ ਹੈ। ਜਦੋਂ ਅਸੀਂ 400 ਬੈੱਡਾਂ ਦਾ ਕਰੋਨਾ ਕੇਅਰ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਸੀ ਤਾਂ ਸਾਡੇ ਕੋਲ ਇੱਕ ਵੀ ਆਕਸੀਜਨ ਕੰਸਨਟਰੇਟਰ ਨਹੀਂ ਸੀ ਪਰ ਕੁਝ ਘੰਟਿਆਂ ਵਿਚ ਹੀ 100 ਕੰਸਨਟਰੇਟਰ ਪ੍ਰਾਪਤ ਹੋ ਗਏ ਸਨ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly