ਦਿਹਾੜੀਦਾਰਾਂ ਦੀ ਪਾਈ ਪਾਈ ਸਬਜ਼ਬਾਗ ਦਿਖਾ ਕੇ ਉਡਾਈ

ਬਹਿਲੋਲਪੁਰ ਰੋਡ ‘ਤੇ ਇੱਕ ਕੰਪਨੀ ਇੱਕ ਦਫ਼ਤਰ ਖੋਲ੍ਹ ਕੇ ਦਰਜਨਾਂ ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਲੋਨ ਦੇਣ ਦਾ ਸਬਜ਼ਬਾਗ ਦਿਖਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਇਕੱਤਰ ਕਰ ਕੇ ਹੁਣ ਰੂਪੋਸ਼ ਹੋ ਗਈ। ਕੰਪਨੀ ਦੇ ਫ਼ਰਾਰ ਹੋਏ ਸਟਾਫ਼ ਵਿੱਚੋਂ ਇੱਕ ਕੈਸ਼ੀਅਰ ਨੂੰ ਲੋਕਾਂ ਵੱਲੋਂ ਮੌਕੇ ‘ਤੇ ਕਾਬੂ ਕਰ ਕੇ ਥਾਣਾ ਸਮਰਾਲਾ ਲਿਆਂਦਾ ਗਿਆ।
ਜਾਣਕਾਰੀ ਅਨੁਸਾਰ ਇਸ ਕੰਪਨੀ ਵੱਲੋਂ ਪਿੰਡਾਂ ਵਿੱਚ ਜਾ ਕੇ ਗਰੀਬ ਲੋਕਾਂ ਨੂੰ ਕਿਹਾ ਗਿਆ ਕਿ ਜੇਕਰ ਉਹ ਪੰਜਾਹ ਹਜ਼ਾਰ ਰੁਪਏ ਦਾ ਲੋਨ ਲੈਣਾ ਚਾਹੁੰਦੇ ਹਨ ਤਾਂ 1630 ਰੁਪਏ ਫ਼ਾਈਲ ਖਰਚਾ ਜਮ੍ਹਾਂ ਕਰਵਾਉਣਾ ਪਵੇਗਾ ਅਤੇ ਇਹ ਲੋਨ ਉਨ੍ਹਾਂ ਨੂੰ ਦੋ ਸਾਲਾਂ ਵਿੱਚ ਸਮੇਤ ਵਿਆਜ ਅਦਾ ਕਰਨਾ ਪਵੇਗਾ। ਇਸ ਅਖੌਤੀ ਕੰਪਨੀ ਵੱਲੋਂ 25-25 ਲੋਕਾਂ ਦਾ ਇੱਕ-ਇੱਕ ਗਰੁੱਪ ਤਿਆਰ ਕੀਤਾ ਗਿਆ। ਅਜਿਹੇ 12 ਗਰੁੱਪ ਸਾਹਮਣੇ ਆਏ, ਜਿਨ੍ਹਾਂ ਦੇ ਥਾਪੇ ਗਏ ਲੀਡਰ ਹਾਲ ਦੁਹਾਈ ਪਾ ਰਹੇ ਸਨ ਕਿ ਉਨ੍ਹਾਂ ਨਾਲ ਸਾਰੇ ਲੋਕ ਦਿਹਾੜੀ ਜੋਤਾ ਜਾਂ ਮਜ਼ਦੂਰੀ ਪੇਸ਼ੇ ਦੇ ਹਨ, ਜਿਨ੍ਹਾਂ ਦੀ ਖੂਨ ਪਸੀਨੇ ਦੀ ਕਮਾਈ ਇਨ੍ਹਾਂ ਠੱਗਾਂ ਵੱਲੋਂ ਲੋਨ ਦਾ ਲਾਲਚ ਦੇ ਕੇ ਠੱਗ ਲਈ ਗਈ ਹੈ। ਗਰੁੱਪ ਲੀਡਰ ਜਸਵੀਰ ਕੌਰ ਪਤਨੀ ਜਗਤਾਰ ਸਿੰਘ ਵਾਸੀ ਰਿਆ, ਨੇਹਾ ਪਤਨੀ ਜਸਵੰਤ ਸਿੰਘ ਵਾਸੀ ਹੇਡੋਂ ਬੇਟ, ਛਿੰਦਰਪਾਲ ਕੌਰ ਪਤਨੀ ਸਵਰਨ ਸਿੰਘ ਤੇ ਹਰਪਾਲ ਕੌਰ ਵਾਸੀ ਮਾਛੀਵਾੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋੜਵੰਦ ਪਰਿਵਾਰਾਂ ਤੋਂ ਫ਼ਾਈਲ ਚਾਰਜਿਜ ਦੇ ਨਾਂ ‘ਤੇ ਲੱਖਾਂ ਰੁਪਏ ਕੰਪਨੀ ਨੂੰ ਜਮ੍ਹਾਂ ਕਰਵਾਏ ਗਏ ਅਤੇ ਅੱਜ ਦੁਪਹਿਰ ਮੌਕੇ ਜਦੋਂ ਦੇਖਿਆ ਗਿਆ ਤਾਂ ਇਹ ਕੰਪਨੀ ਦੇ ਕਰਮਚਾਰੀ ਗਾਇਬ ਹੋ ਚੁੱਕੇ ਸਨ ਅਤੇ ਇਨ੍ਹਾਂ ਵਿੱਚੋਂ ਇੱਕ ਖਜ਼ਾਨਚੀ ਦੀ ਪੋਸਟ ‘ਤੇ ਕੰਮ ਕਰਦੇ ਵਿਅਕਤੀ ਨੂੰ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਠੱਗੀ ਦਾ ਸ਼ਿਕਾਰ ਹੋਏ ਜਸਵੰਤ ਸਿੰਘ, ਫ਼ੌਜੀ ਭਜਨ ਚੰਦ, ਮੱਖਣ ਸਿੰਘ, ਦਲੀਪ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਕੌਰ ਤੇ ਚਰਨਜੀਤ ਕੌਰ ਨੇ ਦੱਸਿਆ ਕਿ ਇਸ ਕੰਪਨੀ ਵੱਲੋਂ ਉਨ੍ਹਾਂ ਦੀ ਥੋੜ੍ਹੀ ਰਾਸ਼ੀ ਵੀ ਠੱਗੀ ਰਾਹੀਂ ਲੁੱਟ ਲਈ ਗਈ।
ਤਫ਼ਤੀਸ਼ ਅਧਿਕਾਰੀ ਏਐੱਸਆਈ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਕਾਬੂ ਕੀਤੇ ਗਏ ਵਿਅਕਤੀ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਉਹ ਇਨ੍ਹਾਂ ਲੋਕਾਂ ਦੇ ਪੈਸੇ ਵਾਪਸ ਕਰਵਾ ਦੇਵੇਗਾ। ਇਸ ਲਈ ਉਨ੍ਹਾਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਗਿਆ ਹੈ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਗਲੀ ਕਾਰਵਾਈ ਕਰ ਦਿੱਤੀ ਜਾਵੇਗੀ।
ਇਸ ਦੌਰਾਨ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਅਗਵਾਈ ਕਰਦਿਆਂ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਸਮਰਾਲਾ ਪੁੱਜੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਉਹ ਸਮਰਾਲਾ ਪੁਲੀਸ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਇਨ੍ਹਾਂ ਸੈਂਕੜੇ ਪਰਿਵਾਰਾਂ ਨਾਲ ਨੌਸਰ ਕਰਨ ਵਾਲੀ ਕੰਪਨੀ ਵਿਰੁੱਧ ਕਾਰਵਾਈ ਕਰਵਾ ਕੇ ਇਨ੍ਹਾਂ ਪਰਿਵਾਰਾਂ ਦੇ ਪੈਸੇ ਵਾਪਸ ਦਿਵਾਉਣ ਲਈ ਉਹ ਕੋਈ ਕਸਰ ਨਹੀਂ ਛੱਡਣਗੇ।

Previous articleਹੈਰੋਇਨ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ
Next articleਤੀਨਸੁਕੀਆ ਕਤਲ ਕਾਂਡ: ਤ੍ਰਿਣਮੂਲ ਕਾਂਗਰਸ ਦਾ ਵਫ਼ਦ ਪੀੜਤਾਂ ਨੂੰ ਮਿਲਿਆ