ਦਿਸ਼ਾ ਰਵੀ ਤਿਹਾੜ ਜੇਲ੍ਹ ’ਚੋਂ ਰਿਹਾਅ

ਨਵੀਂ ਦਿੱਲੀ (ਸਮਾਜ ਵੀਕਲੀ) : ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਮੰਗਲਵਾਰ ਰਾਤ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਇੱਥੋਂ ਦੀ ਇੱਕ ਅਦਾਲਤ ਨੇ ਉਸ ਨੂੰ ਸੰਘਰਸ਼ਸ਼ੀਲ ਕਿਸਾਨਾਂ ਨਾਲ ਸਬੰਧਤ ਟੂਲਕਿੱਟ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਅਧਿਕਾਰੀਆਂ ਨੇ ਕਿਹਾ , ‘‘ਰਿਹਾਈ ਸਬੰਧੀ ਸਾਰੀਆਂ ਕਾਰਵਾਈ ਮੁਕੰਮਲ ਹੋਣ ਮਗਰੋਂ ਜੇਲ੍ਹ ਪ੍ਰਸ਼ਾਸਨ ਨੇ ਦਿਸ਼ਾ ਨੂੰ ਰਿਹਾਅ ਕਰ ਦਿੱਤਾ ਹੈ।’’ ਇਸ ਤੋਂ ਪਹਿਲਾਂ ਸਥਾਨਕ ਅਦਾਲਤ ਨੇ ਪੁਲੀਸ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਨੂੰ ‘ਅੱਧ-ਅਧੂਰੇ’ ਦੱਸਦਿਆਂ 22 ਸਾਲ ਦੀ ਰਵੀ ਨੂੰ ਜ਼ਮਾਨਤ ਦੇ ਦਿੱਤੀ ਸੀ। ਉਸ ਨੂੰ ਜ਼ਮਾਨਤ ਇੱਕ ਲੱਖ ਰੁਪਏ ਦੇ ਮੁਚੱਲਕੇ ’ਤੇ ਮਿਲੀ।

ਦਿੱਲੀ ਪੁਲੀਸ ਨੇ ਉਸ ਦਾ ਚਾਰ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਉਸ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਦਿਸ਼ਾ ਰਵੀ ਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਵਿਚਾਲੇ ਸਿੱਧੇ ਤੌਰ ’ਤੇ ਕੋਈ ਸਬੰਧ ਨਜ਼ਰ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਟੂਲਕਿੱਟ ਮਾਮਲੇ ਵਿੱਚ ਦਿਸ਼ਾ ਅੱਜ ਦਿੱਲੀ ਪੁਲੀਸ ਸਾਈਬਰ ਸੈੱਲ ਦੇ ਦਫ਼ਤਰ ਪਹੁੰਚੀ। ਉਸ ਤੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ “ਟੂਲਕਿੱਟ ਗੂਗਲ ਡੌਕ” ਦੀ ਜਾਂਚ ਸਬੰਧੀ ਪੁੱਛ ਪੜਤਾਲ ਕੀਤੀ ਗਈ। ਕੁੱਝ ਘੰਟਿਆਂ ਦੀ ਪੁੱਛ ਪੜਤਾਲ ਬਾਅਦ ਉਸ ਨੂੰ ਪੁਲੀਸ ਉਥੋਂ ਲੈ ਗਈ।

Previous articleਪੰਜਾਬ ’ਚ ਪੈਰ ਪਸਾਰ ਰਿਹਾ ਕਰੋਨਾ: ਸਰਕਾਰ ਵੱਲੋਂ ਪਹਿਲੀ ਮਾਰਚ ਤੋਂ ਇਕੱਠਾਂ ਉਤੇ ਰੋਕ
Next articleਕਾਨੂੰਨ ਵਾਪਸ ਨਾ ਲਏ ਤਾਂ ਸੰਸਦ ਦਾ ਘਿਰਾਓ ਕਰਨਗੇ ਕਿਸਾਨ: ਟਿਕੈਤ