ਰਾਜਸਥਾਨ ਦੇ 17 ਸਾਲ ਦੇ ਨੌਜਵਾਨ ਨਿਸ਼ਾਨੇਬਾਜ਼ ਦਿਵਿਆਂਸ਼ ਸਿੰਘ ਪੰਵਾਰ ਨੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਲਈ ਚੌਥਾ ਓਲੰਪਿਕ ਕੋਟਾ ਸਥਾਨ ਹਾਸਲ ਕੀਤਾ। ਆਪਣੀ ਦੂਜੀ ਸੀਨੀਅਰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੇ ਦਿਵਿਆਂਸ਼ ਨੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 249.0 ਦੇ ਕੁੱਲ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਸਿਰਫ਼ 0.4 ਅੰਕ ਨਾਲ ਸੋਨ ਤਗ਼ਮੇ ਤੋਂ ਖੁੰਝ ਗਿਆ, ਜਿਸ ਨੂੰ ਚੀਨ ਦੇ ਜਿਚੇਂਗ ਹੁਈ ਨੇ 249.4 ਅੰਕ ਬਣਾ ਕੇ ਆਪਣੇ ਨਾਮ ਕਰ ਲਿਆ। ਰੂਸ ਦੇ ਗ੍ਰਿਗਰੀ ਸ਼ਾਮਾਕੋਵ ਨੂੰ 227.5 ਅੰਕ ਦੇ ਸਕੋਰ ਨਾਲ ਕਾਂਸੀ ਮਿਲੀ। ਇਹ ਭਾਰਤ ਦਾ ਚੌਥਾ ਓਲੰਪਿਕ 2020 ਟੋਕੀਓ ਓਲੰਪਿਕ ਕੋਟਾ ਹੈ, ਇਸ ਤੋਂ ਪਹਿਲਾਂ ਅੰਜੁਮ ਮੌਦਗਿਲ ਅਤੇ ਅਪੂਰਵੀ ਚੰਦੇਲਾ (10 ਮੀਟਰ ਏਅਰ ਰਾਈਫਲ ਮਹਿਲਾ) ਅਤੇ ਸੌਰਭ ਚੌਧਰੀ (10 ਮੀਟਰ ਏਅਰ ਪਿਸਟਲ ਪੁਰਸ਼) ਨੇ ਵਿਸ਼ਵ ਕੱਪ ਅਤੇ ਬੀਤੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਓਲੰਪਿਕ ਸਥਾਨ ਹਾਸਲ ਕੀਤਾ ਸੀ। ਜੈਪੁਰ ਦੇ ਦਿਵਿਆਂਸ਼ ਨੇ ਕੁੱਲ 629.2 ਅੰਕ ਨਾਲ ਤੀਜੇ ਸਥਾਨ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਹੋਰ ਭਾਰਤੀਆਂ ਵਿੱਚ ਰਵੀ ਕੁਮਾਰ ਨੇ 624.1 ਅੰਕ ਨਾਲ 44ਵਾਂ, ਜਦਕਿ ਦੀਪਕ ਕੁਮਾਰ ਨੇ 622.6 ਅੰਕ ਨਾਲ 57ਵਾਂ ਸਥਾਨ ਹਾਸਲ ਕੀਤਾ। ਦਿਵਿਆਂਸ਼ ਨੇ ਤਗ਼ਮਾ ਅਤੇ ਕੋਟਾ ਜਿੱਤਣ ਮਗਰੋਂ ਕਿਹਾ, ‘‘ਆਪਣੇ ਦੇਸ਼ ਲਈ ਕੋਟਾ ਜਿੱਤ ਕੇ ਕਾਫ਼ੀ ਮਾਣ ਮਹਿਸੂਸ ਹੋ ਰਿਹਾ ਹੈ। ਮੈਨੂੰ ਫਾਈਨਲ ਮੈਚ ਤੋਂ ਕਾਫ਼ੀ ਅਨੁਭਵ ਪ੍ਰਾਪਤ ਹੋਇਆ। ਇਹ ਕਾਫ਼ੀ ਮੁਸ਼ਕਲ ਟੂਰਨਾਮੈਂਟ ਸੀ, ਜਿਸ ਵਿੱਚ ਅਨੁਭਵੀ ਨਿਸ਼ਾਨੇਬਾਜ਼ ਅਤੇ ਓਲੰਪਿਕ ਹਿੱਸਾ ਲੈ ਰਹੇ ਸਨ।’’ ਚੀਨ ਨੇ ਇਸ ਮੁਕਾਬਲੇ ਵਿੱਚ ਆਪਣੇ ਜ਼ਿਆਦਾਤਰ ਦੋ ਕੋਟੇ ਹਾਸਲ ਕਰ ਲਏ, ਜਦੋਂਕਿ ਦੋ ਉਪਲਬਧ ਕੋਟੇ ਭਾਰਤ ਅਤੇ ਰੂਸ ਦੇ ਖਾਤੇ ਵਿੱਚ ਗਏ। ਕੱਲ੍ਹ ਦਿਵਿਆਂਸ਼ ਨੇ ਅੰਜੁਮ ਮੌਦਗਿਲ ਨਾਲ ਮਿਲ ਕੇ ਲਿਊ ਰੁਜ਼ੂਆਨ ਅਤੇ ਯਾਂਗ ਹਾਓਰਾਨ ਦੀ ਚੀਨੀ ਜੋੜੀ ਨੂੰ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ 17-15 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਸੀ। ਇਹ ਭਾਰਤ ਦਾ ਚੀਨ ਵਿੱਚ ਵਿਸ਼ਵ ਕੱਪ ’ਚ ਤੀਜਾ ਤਗ਼ਮਾ ਹੈ ਅਤੇ ਤਗ਼ਮਾ ਸੂਚੀ ਵਿੱਚ ਦੇਸ਼ ਚੋਟੀ ’ਤੇ ਹੈ। ਮਨੂ ਭਾਕਰ ਅਤੇ ਸੌਰਭ ਚੌਧਰੀ ਦੀ ਜੋੜੀ ਨੇ ਕੱਲ੍ਹ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਰਾਈਫਲ, ਪਿਸਟਲ ਅਤੇ ਸ਼ਾਟਗੰਨ ਵਿੱਚ 12 ਮੁਕਾਬਲਿਆਂ ਵਿੱਚ ਦੋ-ਦੋ ਨਾਲ ਵੱਧ ਤੋਂ ਵੱਧ 24 ਕੋਟਾ ਸਥਾਨ ਹਾਸਲ ਕੀਤੇ ਜਾ ਸਕਦੇ ਹਨ। ਦਿਨ ਦੇ ਹੋਰ ਮੁਕਾਬਲਿਆਂ ਵਿੱਚ ਪੁਰਸ਼ 25 ਮੀਟਰ ਰੈਪਿਡ ਫਾਇਰ ਮੁਕਾਬਲੇ ਵਿੱਚ ਆਦਰਸ਼ ਸਿੰਘ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਕਰਨ ਵਾਲਾ ਨਿਸ਼ਾਨਚੀ ਰਿਹਾ, ਜਿਸ ਨੇ ਕੁਆਲੀਫਾਈਂਗ ਵਿੱਚ 583 ਅੰਕ ਦੇ ਸਕੋਰ ਨਾਲ ਦਸਵਾਂ ਸਥਾਨ ਹਾਸਲ ਕੀਤਾ। ਅਨੀਸ਼ ਭਾਨਵਾਲਾ ਨੇ 578 ਅੰਕ ਨਾਲ 29ਵਾਂ ਸਥਾਨ ਹਾਸਲ ਕੀਤਾ।
Sports ਦਿਵਿਆਂਸ਼ ਨੇ ਇੱਕ ਗੋਲੀ ਨਾਲ ਦੋ ‘ਨਿਸ਼ਾਨੇ’ ਫੁੰਡੇ