ਪੰਜਾਬ ਪੁਲੀਸ ਦੇ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਪੈਨਲਾਂ ਸਬੰਧੀ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਇੱਕ ਸੀਨੀਅਰ ‘ਅਹੁਦੇਦਾਰ’ ਵੱਲੋਂ ਸਾਮੰਤ ਗੋਇਲ, ਮੁਹੰਮਦ ਮੁਸਤਫ਼ਾ ਅਤੇ ਦਿਨਕਰ ਗੁਪਤਾ ’ਤੇ ਆਧਾਰਿਤ ਆਈਪੀਐੱਸ ਅਧਿਕਾਰੀਆਂ ਦਾ ਪੈਨਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉੱਧਰ, ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੇ ਸੂਤਰਾਂ ਨੇ 1987 ਬੈਚ ਦੇ ਅਧਿਕਾਰੀਆਂ ਦਿਨਕਰ ਗੁਪਤਾ, ਮਿਥਲੇਸ਼ ਤਿਵਾੜੀ ਅਤੇ ਵਿਰੇਸ਼ ਕੁਮਾਰ ਭਾਵੜਾ ’ਤੇ ਆਧਾਰਿਤ ਪੈਨਲ ਹੋਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਅਤੇ ਪੁਲੀਸ ਵਿਭਾਗ ਵਿੱਚ ਇਸ ਗੱਲ ਦੀ ਭਰਵੀਂ ਚਰਚਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1987 ਬੈਚ ਦੇ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ ਨੂੰ ਸੂਬੇ ਦਾ ਡੀਜੀਪੀ ਨਿਯੁਕਤ ਕਰਨ ਸਬੰਧੀ ਸਿਧਾਂਤਕ ਤੌਰ ’ਤੇ ਫੈਸਲਾ ਕਰ ਲਿਆ ਗਿਆ ਹੈ ਤੇ ਇਸ ਸਬੰਧੀ ਰਸਮੀ ਹੁਕਮ ਕਿਸੇ ਵੀ ਵੇਲੇ ਜਾਰੀ ਕੀਤੇ ਜਾ ਸਕਦੇ ਹਨ। ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਇੱਕ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਯੂਪੀਐੱਸਸੀ ਵੱਲੋਂ ਜਿਨ੍ਹਾਂ ਆਈਪੀਐੱਸ ਅਧਿਕਾਰੀਆਂ ਦਾ ਪੈਨਲ ਤਿਆਰ ਕੀਤਾ ਗਿਆ ਹੈ, ਉਸ ਸਬੰਧੀ ਕਮਿਸ਼ਨ ਵੱਲੋਂ ਅਧਿਕਾਰਤ ਤੌਰ ’ਤੇ ਰਾਜ ਸਰਕਾਰ ਨੂੰ ਜਾਣਕਾਰੀ ਫਿਲਹਾਲ ਨਹੀਂ ਭੇਜੀ ਗਈ। ਇਸ ਲਈ ਕਮਿਸ਼ਨ ਦਾ ਪੱਤਰ ਮਿਲਣ ਤੋਂ ਬਾਅਦ ਹੀ ਡੀਜੀਪੀ ਦੀ ਨਿਯੁਕਤੀ ਸਬੰਧੀ ਹੁਕਮ ਜਾਰੀ ਕੀਤੇ ਜਾਣਗੇ। ਸੂਤਰਾਂ ਦਾ ਦੱਸਣਾ ਹੈ ਕਿ ਪੁਲੀਸ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਜਾ ਰਹੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਅੱਜ ਮੁੱਖ ਮੰਤਰੀ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਵੀ ਕੀਤੀ ਗਈ। ਯੂਪੀਐੱਸਸੀ ਵੱਲੋਂ ਸੋਮਵਾਰ ਨੂੰ ਕੀਤੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਡੀਜੀਪੀ ਸੁਰੇਸ਼ ਅਰੋੜਾ ਹੀ ਸ਼ਾਮਲ ਹੋਏ ਸਨ। ਭਾਰਤ ਸਰਕਾਰ ਵਿਚਲੇ ਉੱਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਮੁੱਖ ਸਕੱਤਰ ਵੱਲੋਂ ਹੀ ਮੁਹੰਮਦ ਮੁਸਤਫਾ ਅਤੇ ਐੱਸ. ਚਟੋਪਾਧਿਆਏ ਨੂੰ ਪੈਨਲ ਵਿੱਚ ਰੱਖਣ ਦੀ ਡਟ ਕੇ ਮੁਖਾਲਫਤ ਕੀਤੀ ਗਈ। ਸੂਤਰਾਂ ਦਾ ਦੱਸਣਾ ਹੈ ਕਿ ਦੋਵਾਂ ਅਧਿਕਾਰੀਆਂ ਨੂੰ ਯੂਪੀਐੱਸਸੀ ਵੱਲੋਂ ਤਿਆਰ ਕੀਤੇ ਪੈਨਲ ਸਬੰਧੀ ਭਾਵੇਂ ਪੂਰੀ ਜਾਣਕਾਰੀ ਹੈ ਤੇ ਸਰਕਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਪਰ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਹੈ। ਸਰਕਾਰ ਵੱਲੋਂ ਸੋਮਵਾਰ ਨੂੰ ਇਹ ਜਾਣਕਾਰੀ ਫੈਲਾਈ ਗਈ ਕਿ 1985 ਬੈਚ ਦੇ ਆਈਪੀਐੱਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੂੰ ਡੀਜੀਪੀ ਲਾਇਆ ਜਾ ਸਕਦਾ ਹੈ। ਉੱਧਰ, ਕਮਿਸ਼ਨ ਦੇ ਸੂਤਰਾਂ ਦਾ ਦੱਸਣਾ ਹੈ ਕਿ ਪੈਨਲ ਵਿੱਚ ਸ੍ਰੀ ਮੁਸਤਫ਼ਾ ਦਾ ਨਾਮ ਹੋਣ ਦੇ ਆਸਾਰ ਘੱਟ ਹੀ ਹਨ। ਇਸ ਤਰ੍ਹਾਂ ਸਰਕਾਰ ਵੱਲੋਂ ਹੀ ਮੀਡੀਆ ਵਿੱਚ ਭੰਬਲਭੂਸੇ ਵਾਲੇ ਸਥਿਤੀ ਪੈਦਾ ਕਰ ਦਿੱਤੀ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਦਿਨਕਰ ਗੁਪਤਾ ਨੂੰ ਸੰਭਾਵੀ ਡੀਜੀਪੀ ਨਿਯੁਕਤ ਕੀਤੇ ਜਾਣ ਤੋਂ ਕਾਂਗਰਸ ਦੇ ਸੂਬਾਈ ਅਤੇ ਕੇਂਦਰੀ ਆਗੂ ਨਾਖੁਸ਼ ਹਨ। ਕਾਂਗਰਸੀ ਆਗੂ ਦੋਸ਼ ਲਾਉਂਦੇ ਸਨ ਕਿ ਡੀਜੀਪੀ ਸੁਰੇਸ਼ ਅਰੋੜਾ ਅਤੇ ਦਿਨਕਰ ਗੁਪਤਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਕਰੀਬੀ ਹਨ। ਇਹੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਡੀਜੀਪੀ ਦੀ ਨਿਯੁਕਤੀ ਵਿੱਚ ਦਿਲਚਸਪੀ ਦਿਖਾਈ ਜਾ ਰਹੀ ਸੀ। ਇੰਜ, ਇਹ ਮੁੱਦਾ ਰਾਜਸੀ ਰੰਗਤ ਵੀ ਲੈ ਸਕਦਾ ਹੈ।