ਅਮਰੀਕਾ ਪ੍ਰਧਾਨ ਟਰੰਪ ਦਾ ‘ਗੋਰਾ ਨਸਲਵਾਦੀ’ ਚਿਹਰਾ ਬੇਨਕਾਬ

US President Donald Trump

 14 ਜੁਲਾਈ, 2019 ਨੂੰ ਅਮਰੀਕਾ ਪ੍ਰਧਾਨ ਡੋਨਾਲਡ ਟਰੰਪ ਨੇ ਇਕ ਟਵੀਟ ਰਾਹੀਂ ਅਮਰੀਕੀ ਕਾਂਗਰਸ ਦੀਆਂ ਚਾਰ ਔਰਤ ਪ੍ਰਤੀਨਿਧਾਂ ਅਲੈਗਜੈਂਡਰੀਆ ਓਕਾਸੀਓ ਕੋਰਟੇਜ਼ (ਨਿਊਯਾਰਕ), ਇਲਹਾਨ ਉਮਰ (ਮਿਨੀਮੋਟਾ), ਰਸ਼ੀਦਾ ਤਲਾਇਬ (ਮਿਸ਼ੀਗਨ) ਅਤੇ ਆਇਨਾ ਐਸ ਪ੍ਰੈਸਲੀ (ਮੈਸਾਚੂਟਿਸ) ਜੋ ਡੈਮੋਕੂਟਿਕ ਪਾਰਟੀ ਨਾਲ ਸਬੰਧਿਤ ਹਨ, ਗੈਰ-ਗੋਰੀਆਂ ਹਨ, ਤੇ ਸਿੱਧਾ ਨਸਲਵਾਦੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਵਿਚ ਵਾਪਸ ਚਲੇ ਜਾਣਾ ਚਾਹੀਦਾ ਹੈ ਜਿਥੋਂ ਉਹ ਮੂਲ ਰੂਪ ਵਿਚ ਆਈਆਂ ਹਨ ਅਤੇ ਜਿੰਨਾਂ ਦੀਆਂ ਸਰਕਾਰਾਂ ਬੁਰੀ ਤਰ੍ਹਾਂ ਨੇਸਤੋ-ਨਾਬੂਦ ਹੋ ਰਹੀਆਂ ਹਨ ਅਤੇ ਦੇਸ਼ ਜੁਰਮਾਂ ਨਾਲ ਲਬਰੇਜ਼ ਹਨ। ਉਨ੍ਹਾਂ ਨੂੰ ਉਥੋਂ ਦੀਆਂ ਸਮੱਸਿਆਵਾਂ ਦੂਰ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ। ਜਦੋਂ ਠੀਕ ਹੋ ਜਾਣ ਵਾਪਸ ਆ ਜਾਣਾ ਚਾਹੀਦਾ ਹੈ ਅਤੇ ਦਸਣਾ ਚਾਹੀਦਾ ਹੈ ਕਿ ਐਸਾ ਕਿਵੇਂ ਸੰਭਵ ਹੋ ਸਕਿਆ।

ਦਰਬਾਰਾ ਸਿੰਘ ਕਾਹਲੋਂ

ਪ੍ਰਧਾਨ ਟਰੰਪ ਦੀ ਇਸ ਟਿੱਪਣੀ ਨਾਲ ਅਮਰੀਕੀ ਰਾਜਨੀਤੀ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਰਾਜਨੀਤਕ ਭਾਈਚਾਰੇ, ਮਾਨਵਵਾਦੀ ਸੰਸਥਾਵਾਂ ਅਤੇ ਲੋਕਤੰਤਰੀ ਉੱਚ ਕਦਰਾਂ-ਕੀਮਤਾਂ ਦੇ ਹਾਮੀ ਸੰਗਠਨਾਂ ਵਿਚ ਉਬਾਲ ਆ ਗਿਆ। ਬ੍ਰਿਟੇਨ ਪ੍ਰਧਾਨ ਮੰਤਰੀ ਟਰੇਸਾ ਮੇਅ ਨੇ ਟਰੰਪ ਦੇ ਐਸੇ ਅਲਫਾਜ਼ ਨਾ ਮੰਨਣਯੋਗ ਦਸੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਅਨੇਕਤਾਵਾਦੀ ਸਮਾਜ ਵਿਚ ਅਜਿਹਾ ਸੋਚਿਆ ਨਹੀਂ ਜਾ ਸਕਦਾ। ਬ੍ਰਿਟਿਸ਼ ਲੇਬਰ ਸਾਂਸਦ ਡੇਵਿਡ ਲੈਸੇ ਦੀ ਤਨੰਜ ਸੀ ਕਿ 1950ਵਿਆਂ ਦਾ ਸਿੱਧਾ ਨਸਲਵਾਦ ਵਾਈਟ ਹਾਊਸ ਤੋਂ ਨਿਕਲ ਰਿਹਾ ਹੈ। ਇਕੋ-ਇੱਕ ਕਾਲੇ ਰਪਬਲੀਕਨ ਸੈਨੇਟਰ ਟਿਮ ਸਕਾਟ ਨੇ ਇਸ ਹਮਲਾਵਰ ਨਸਲਵਾਦੀ ਭਾਸ਼ਾ ਨੂੰ ਅਤਿ ਨਿੰਦਣਯੋਗ ਕਿਹਾ। ਨੌਂ ਵਾਰੀ ਕਾਂਗਰਸ ਮੈਂਬਰ ਬਣੇ ਰਿਪਬਲੀਕਨ ਮਾਈਕ ਟਰਨਰ ਨੇ ਟਰੰਪ ਨੂੰ ਨਸਲਵਾਦੀ ਟਿੱਪਣੀ ਲਈ ਮੁਆਫ਼ੀ ਮੰਗਣ ਲਈ ਕਿਹਾ। ਸਾਰੇ ਦੇਸ਼ ਨੂੰ ਨਫ਼ਰਤ ਉਪਰ ਉੱਠ ਕੇ ਕੰਮ ਕਰਨ ਦੀ ਤੰਬੀਹ ਕੀਤੀ।

ਜੇ ਡੈਮੋ¬ਕ੍ਰੈਟ ਕਾਂਗਰਸ ਪ੍ਰਤੀਨਿਧ ਅਮਰੀਕੀ ਪ੍ਰਧਾਨ ਦੀ ਅਤਿ ਨਿੰਦਣਯੋਗ ਟਿੱਪਣੀ ਕਰਕੇ ਇਨ੍ਹਾਂ ਔਰਤ ਪ੍ਰਤੀਨਿਧਾਂ ਦੀ ਹਮਾਇਤ ’ਤੇ ਆਏ, ਕਾਂਗਰਸ ਸਦਨ ਦੀ ਸਪੀਕਰ ਨੇ ਡੈਮੋ¬ਕ੍ਰੈਟਿਕ ਪਾਰਟੀ ਵਲੋਂ ਸਦਨ ਵਿਚ ਪ੍ਰਧਾਨ ਵਿਰੁੱਧ ਨਿੰਦਾ ਪ੍ਰਸਤਾਵ ਲਿਆਂਦਾ ਜੋ ਬਹੁਮਤ ਨਾਲ ਪਾਸ ਕੀਤਾ, ਤਾਂ ਤਿੱਖੇ ਪ੍ਰਤੀਕਰਮ ਵਜੋਂ ਉਨ੍ਹਾਂ ਨੂੰ ਸਮਾਜਵਾਦੀ ਅਤੇ ਪੁੱਠੇ ਰਸਤੇ ਪਏ ਕਹਿੰਦੇ ਅਗਲੇ ਦਿਨ 15 ਜੁਲਾਈ ਨੂੰ ਟਵੀਟ ਕੀਤਾ ਕਿ ਬਹੁਤ ਮਾੜੀ ਗੱਲ ਹੈ ਡੈਮੋ¬ਕ੍ਰੈਟ ਉਨ੍ਹਾਂ ਲੋਕਾਂ ਦਾ ਸਾਥ ਦੇ ਰਹੇ ਹਨ ਜੋ ਸਾਡੇ ਦੇਸ਼ ਬਾਰੇ ਮੰਦਾ ਬੋਲਦੇ ਹਨ ਅਤੇ ਇਸਰਾਈਲ ਨੂੰ ਨਫ਼ਰਤ ਕਰਦੇ ਹਨ। ਇਹ ਔਰਤਾਂ ਖੱਬੇ ਪੱਖੀ ਰੈਡੀਕਲ ਹਨ ਅਤੇ ਉਨ੍ਹਾਂ ਨੂੰ ਉਸ ਤੋਂ, ਦੇਸ਼ ਅਤੇ ਇਸਰਾਈਲ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਸਾਡੇ ਦੇਸ਼ ਨਾਲ ਸਮੱਸਿਆ ਹੈ, ਜੋ ਕੋਈ ਇਸ ਦੇਸ਼ ਵਿਚ ਨਹੀਂ ਰਹਿਣਾ ਚਾਹੁੰਦਾ ਤਾਂ ਉਸ ਨੂੰ ਇਹ ਦੇਸ਼ ਛੱਡ ਕੇ ਚਲੇ ਜਾਣਾ ਚਾਹੀਦਾ ਹੈ।

ਅਮਰੀਕਾ ਜੋ ਇਸ ਵਿਸ਼ਵ ਦੇ ਤਾਕਤਵਰ, ਅਗਾਂਹ ਵਧੂ, ਵਿਕਸਤ ਲੋਕਤੰਤਰੀ ਰਾਜ ਵਜੋਂ ਜਾਣਿਆ ਜਾਂਦਾ ਹੈ, ਜਿਥੇ ਉੱਚ ਲੋਕਤੰਤਰੀ ਕਦਰਾਂ-ਕੀਮਤਾ ਕਾਨੂੰਨ ਦੇ ਰਾਜ, ਮਨੁੱਖੀ ਅਜ਼ਾਦੀਆਂ, ਸਮਾਜਿਕ ਬਰਾਬਰੀ, ਇਨਸਾਫ ਆਪਸੀ ਭਾਈਚਾਰਕ ਮੇਲ-ਜੋਲ ਬਾਰੇ ਵੱਡੇ-ਵੱਡੇ ਦਾਅਵੇ ਯੂ.ਐਨ.ਓ. ਅਤੇ ਹੋਰ ਕੌਮਾਂਤਰੀ ਮੰਚਾਂ ’ਤੇ ਹੁੰਦੇ ਵੇਖੇ ਜਾਂਦੇ ਹਨ, ਦੇ 45 ਵੇਂ ਪ੍ਰਧਾਨ ਡਨਾਲਡ ਟਰੰਪ ਨੇ ਆਪਣੇ ਆਪ ਨੂੰ ‘ਸੁਪਰ ਨਸਲਵਾਦੀ’ ਪ੍ਰਧਾਨ ਸਾਬਤ ਕਰਕੇ ਬਦਨਾਮ ਕਰਕੇ ਰਖ ਦਿਤਾ ਹੈ।

ਇਹ ਚਾਰੇ ਔਰਤਾਂ ਕਾਂਗਰਸ ਸਦਨ ਅੰਦਰ 70ਵੇਂ ਦਹਾਕੇ ਵਿਚ ਭਾਰਤ ਦੀ ਸਾਸ਼ਕ ਕਾਂਗਰਸ ਪਾਰਟੀ ਨਾਲ ਸਬੰਧਿਤ ਪਾਰਲੀਮੈਂਟ ਵਿਚ ਆਪਣੀ ਪਾਰਟੀ ਦੀ ਸਰਕਾਰ ਵਿਰੁੱਧ ਖ਼ਰੀਆਂ-ਖ਼ਰੀਆਂ ਬੋਲਣ ਵਾਲੇੇ- ‘ਯੰਗ ਤੁਰਕਾਂ’ ਵਾਂਗ ‘ਇੱਕ ਟੋਲਾ’ ਵਜੋ ਮਸ਼ਹੂਰ ਹਨ ਕਿਉਂਕਿ ਉਹ ਟਰੰਪ ਪ੍ਰਸਾਸ਼ਨ ਦੀਆਂ ਪ੍ਰਵਾਸੀਆਂ, ਪਨਾਹਗੀਰਾਂ, ਸਿਹਤ ਅਤੇ ਟੈਕਸਾਂ ਸਬੰਧੀ ਲੋਕ ਵਿਰੋਧੀ ਨੀਤੀਆਂ ’ਤੇ ਆਏ ਦਿਨ ਬੇਬਾਜੀ ਅਤੇ ਨਿੱਡਰਤਾ ਨਾਲ ਹਮਲਾ ਕਰਦੀਆਂ ਹਨ। ਸ਼ਾਇਦ ਪ੍ਰਧਾਨ ਟਰੰਪ ਨੂੰ ਇਸ ਗੱਲ ਦਾ ਧਿਆਨ ਹੀ ਨਹੀਂ ਕਿ ਇਨ੍ਹਾਂ ਵਿਚੋਂ ਤਿੰਨ ਅਮਰੀਕਾ ਦੀਆਂ ਜੰਮ-ਪਲ ਹਨ ਜਦਕਿ ਸਿਰਫ਼ ਇੱਕ ਇਲਹਾਨ ਉਮਰ ਸੋਮਾਲੀਆ ਦੀ ਪਨਾਹਗੀਰ ਹੈ ਜੋ ਸੰਨ 1992 ਵਿਚ ਅਮਰੀਕਾ ਵਿਖੇ ਆਈ ਸੀ।

ਪ੍ਰੈਸ ਕਾਨਫਰੰਸ ਵਿਚ ਤਿੱਖੀ ਟਿੱਪਣੀ ਕਰਦੇ ਇਨ੍ਹਾਂ ਨੇੇ ਕਿਹਾ ਕਿ ਤੁਸੀਂ ਸਾਡੇ ’ਤੇ ਹਮਲਾ ਕਰ ਰਹੇ ਹੋ ਕਿ ਤੁਸੀਂ ਸਾਡੀ ਸ਼ਮੂਲੀਅਤ ਵਾਲਾ ਅਮਰੀਕਾ ਵੇਖਣਾ ਨਹੀਂ ਚਾਹੁੰਦੇ। ਦਰਅਸਲ ਤੁਸੀਂ ਤੁਹਾਡੇ ਦੁਆਰਾ ਲੁੱਟੇ ਜਾ ਰਹੇ ਡਰੇ-ਸਹਿਮੇ ਅਮਰੀਕਾ ’ਤੇ ਨਿਰਭਰ ਕਰ ਰਹੇ ਹੋ।

ਅਜੋਕੇ ਵਿਸ਼ਵ ਵਿਚ ਪਾਪੂਲਿਸਟ, ਨਸਲਵਾਦੀ, ਜਾਤੀਵਾਦੀ, ਬਹੁਗਿਣਤੀ ਵਾਦੀ, ਰਾਸ਼ਟਰਵਾਦੀ ਰਾਜਨੀਤੀ ਦੀ ਕਿਸ਼ਤੀ ’ਤੇ ਸਵਾਰ ਹੋ ਕੇ ਸੱਤਾ ਪ੍ਰਾਪਤ ਕਰਨਾ ਅਤੇ ਸੱਤਾ ਵਿਚ ਬਣੇ ਰਹਿਣਾ ਰਾਜਨੀਤੀਵਾਨਾਂ ਦਾ ਵਰਤਾਰਾ ਬਣ ਗਿਆ ਹੈ। ਰਾਜਨੀਤਕ ਉੱਚ ਕਦਰਾਂ ਕੀਮਤਾਂ, ਲੋਕਤੰਤਰੀ ਸਿਧਾਂਤ, ਪਾਰਟੀ ਵਿਚਾਧਾਰਾ ਅਤੇ ਸੰਗਠਨਾਤਮਿਕ ਸ਼ਕਤੀ ਅੱਜ ਕੋਈ ਮਹੱਤਵ ਨਹੀਂ ਰਖਦੀਆਂ।
ਪ੍ਰਧਾਨ ਟਰੰਪ ਦੀ ਅੱਖ ਨਸਲਪ੍ਰਸਤ, ‘ਅਮਰੀਕਾ ਫਰਸਟ’, ਅਮਰੀਕੀ ਗੋਰੀ ਬਹੁ-ਗਿਣਤੀ ਅਧਾਰਤ ਰਾਸ਼ਟਰਵਾਦ ਨੀਤੀਆਂ ’ਤੇ ਸਵਾਰ ਹੋ ਕੇ ਮੁੜ ਪ੍ਰਧਾਨ ਪਦ ਪ੍ਰਾਪਤ ਕਰਨ ’ਤੇ ਹੈ। ਅਗਲੇ ਸਾਲ ਸੰਨ 2020 ਵਿਚ ਪ੍ਰਧਾਨਗੀ ਪਦ ਲਈ ਚੋਣ ਮੁਹਿੰਮ ਦਾ ਮੈਦਾਨ ਗਰਮ ਹੋਵੇਗਾ। ਇਸ ਲਈ ਉਸਨੇ ਆਪਣੀ ਨਸਲਵਾਦੀ ਨੀਤੀਆਂ ਰਾਹੀਂ ਅਮਰੀਕੀ ਬਹੁਗਿਣਤੀ ਗੋਰਿਆਂ ਨੂੰ ਲੁਭਾਉਣ ਦਾ ਕਾਰਜ ਅਰੰਭ ਦਿਤਾ ਹੈ।

ਸਾਬਕਾ ਪ੍ਰਧਾਨ ਬਾਰਾਕ ਓਬਾਮਾ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ, ਮੈਕਸੀਕੋ ਵਾਸੀਆਂ ਨੂੰ ‘ਬਲਾਤਕਾਰੀ’ ਕਹਿਣਾ, ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੇ ਨਾਗਰਕਿਾਂ ਦੀ ਅਮਰੀਕਾ ਵਿਚ ਆਉਣ ’ਤੇ ਪਾਬੰਦੀ ਲਗਾਉਣਾ, ਅਫਰੀਕੀਆਂ ਨੂੰ ਇਹ ਕਹਿ ਕੇ ਜ਼ਲੀਲ ਕਰਨਾ ਕਿ ਉਨ੍ਹਾਂ ਵਿਚੋਂ ਜੋ ਅਮਰੀਕਾ ਆਉਂਦੇ ਹਨ ਵਾਪਸ ਆਪਣੀਆਂ ਗੰਦੀਆਂ ਝੁੱਗੀਆਂ ਵਿਚ ਨਹੀਂ ਜਾਂਦੇ, ਅਫਰੀਕੀ ਦੇਸ਼ਾਂ ਅਤੇ ਹੈਤੀ ਤੋਂ ਅਮਰੀਕਾ ਆਉਣ ਵਾਲੇ ਸਭ ਏਡਜ਼ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ਦੀ ਥਾਂ ਨਾਅਰਵੇ ਦੇਸ ਦੇ ਲੋਕ ਅਮਰੀਕਾ ਆਉਣੇ ਚਾਹੀਦੇ ਹਨ ਮੈਕਸੀਕੋ ਸਰਹੱਦ ’ਤੇ ਤਾਂ ਕੰਧ ਉਸਾਰਨੀ ਅਤਿ ਜ਼ਰਰੂੀ ਹੈ ਤਾਂ ਕਿ ਜਰਾਇਮ ਪੇਸ਼ਾ ਅਤੇ ਗੁਰਬੱਤ ਮਾਰੇ ਲੋਕ ਅਮਰੀਕਾ ਵਿਚ ਨਾ ਘੁੱਸ ਸਕਣ।

ਰਿਪਬਲੀਕਨ ਆਗੂ ਅਤੇ ਪ੍ਰਤੀਨਿਧ ਜੋ ਪ੍ਰਧਾਨ ਟਰੰਪ ਦੇ ਪਿੱਠੂ ਹਨ, ਜਿੰਨਾਂ ਵਿਚ ਉਨ੍ਹਾਂ ਨਾਲ ਗੋਲਫ ਖੇਡਣ ਵਾਲਾ ਜੋਟੀਦਾਰ ਸੈਨੇਟਰ Çਲੰਡਸੇ ਗ੍ਰਾਹਮ ਪ੍ਰਮੁੱਖ ਹੈ, ਦਾ ਕਹਿਣਾ ਹੈ ਕਿ ਟਰੰਪ ਕਾਲਿਆਂ, ਮੁਸਲਮਾਨਾਂ, ਹਿਸਪੈਨਿਕਾਂ, ਪ੍ਰਵਾਸੀਆਂ, ਪਨਾਹਗੀਰਾਂ ਵਿਰੋਧੀ ਨਹੀਂ ਹਨ। ਚਾਰ ਬੀਬੀਆਂ ਦੇ ‘ਟੋਲੇ’ ਬਾਰੇ ਕਹਿਣਾ ਹੈ ਇਹ ਕਮਿਊਨਿਸਟ ਹਨ। ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਪ੍ਰਵਾਸੀਆਂ ਲਈ ਮੁਫ਼ਤ ਸਿਹਤ ਸੇਵਾਵਾਂ ਦੀ ਮੰਗ ਕਰਦੀਆਂ ਹਨ। ਪ੍ਰਧਾਨ ਦੀਆਂ ਅਮਰੀਕੀਆਂ ਲਈ ਲਾਹੇਵੰਦ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਿਰੋਧ ਕਰਦੀਆਂ ਹਨ।
ਲੇਕਿਨ ਪ੍ਰਧਾਨ ਟਰੰਪ ਦੀ ਕਰਨੀ ਅਤੇ ਕਥਨੀ ਦੋਵੇਂ ਗੈਰ-ਗੋਰੇ ਅਮਰੀਕੀ ਨਾਗਰਕਿਾਂ, ਪ੍ਰਵਾਸੀਆਂ, ਪਨਾਹਗੀਰਾਂ ਵਿਰੋਧੀ ਹੈ ਜੋ ਇਸ ਦੇਸ਼ ਦੀ ਤਰੱਕੀ ਲਈ ਪੀੜ੍ਹੀ ਦਰ ਪੀੜ੍ਹੀ ਜਾਂ ਵਿਦੇਸ਼ਾਂ ਤੋਂ ਇੱਥੇ ਆ ਕੇ ਵੱਡਾ ਯੋਗਦਾਨ ਪਾਉਣ ਲਈ ਮੰਨੇ ਜਾਂਦੇ ਹਨ।

ਪਿਛਲੇ ਕੁੱਝ ਸਮੇਂ ਤੋਂ ਡੈਮੋ¬ਕ੍ਰਟਿਕ ਪਾਰਟੀ ਵਿਚ ਧੜੇਬੰਦੀ ਪੈਦਾ ਹੋਣ ਕਰਕੇ ਪ੍ਰਧਾਨ ਟਰੰਪ ਨੇ ਚਾਰ ਗੈਰ-ਗੋਰਾ ਪ੍ਰਤੀਨਿਧ ਡੈਮੋ¬ਕ੍ਰੈਟਾ ’ਤੇ ਹਮਲਾ ਕਰਕੇ ਇਸਦਾ ਰਾਜਨੀਤਕ ਲਾਹਾ ਲੈਣ ਦੀ ਘਟੀਆ ਸਟੰਟ ਬਾਜ਼ ਨੀਤੀ ਅਪਣਾਈ ਹੈ। ਇਸ ਖੱਬੇ ਪੱਖੀ ਟੋਲੇ ਅਤੇ ਹਮਾਇਤੀਆਂ ਦੀ ਉਦਾਰਵਾਦੀ ਡੈਮੋ¬ਕ੍ਰਟਿਕ ਸਪੀਕਰ ਨੈਂਸੀ ਪੇਲੋਸੀ ਦੇ ਗਰੁੱਪ ਨਾਲ ਅੰਦਰੂਨੀ ਜੰਗ ਤੇਜ਼ ਹੋਈ ਪਈ ਸੀ। ਪਿੱਛਲੇ ਦਿਨੀਂ ਡੈਮੋ¬ਕ੍ਰੈਟਾਂ ਅਤੇ ਰਿਪਬਲੀਕਨਾਂ ਦਰਮਿਆਨ ਅਮਰੀਕੀ-ਮੈਕਸੀਕਨ ਸਰਹੱਦ ’ਤੇ ਡੱਕੇ ਪ੍ਰਵਾਸੀਆਂ ਦੀਆਂ ਸਹੂਲਤਾਂ ਲਈ ਧੰਨ ਜਾਰੀ ਕਰਨ ਲਈ ਹੋਈ ਸਹਿਮਤੀ ਨੂੰ ਲੈ ਕੇ ਇਹ ਜੰਗ ਹੋਰ ਤੇਜ਼ ਹੋ ਗਈ ਕਿਉਂਕਿ ‘ਟੋਲਾ ਅਤੇ ਹਮਾਇਤੀ’ ਉਨ੍ਹਾਂ ਪ੍ਰਵਾਸੀਆਂ ਦੇ ਮੰਦੇ ਹਾਲ ਲਈ ਪ੍ਰਧਾਨ ਨੂੰ ਜੁਮੇਂਵਾਰ ਠਹਿਰਾਉਣਾ ਚਾਹੁੰਦੇ ਸਨ, ਜਿਸ ਤੋਂ ਟਾਲਾ ਵੱਟਿਆ ਗਿਆ ਸੀ। ਖੱਬੇ ਪੱਖੀ ਡੈਮੋ¬ਕ੍ਰੈਟ ਸਮਝਦੇ ਹਨ ਕਿ ਐਸੀਆਂ ਉਦਾਰਵਾਦੀ ਨੀਤੀਆਂ ਦਾ ਭਵਿੱਖੀ ਚੋਣ ਮੁਹਿੰਮ ਵਿਚ ਲਾਹਾ ਰਿਪਬਲੀਕਨ ਅਤੇ ਪ੍ਰਧਾਨ ਟਰੰਪ ਉਠਾਉਣਗੇ। ‘ਸਵਿੰਗ ਵੋਟ’ ਆਪਣੇ ਹੱਕ ਵਿਚ ਜੁਟਾਉਣ ਵਿਚ ਸਫ਼ਲ ਹੋ ਸਕਣਗੇ।
ਡੋਨਾਲਡ ਟਰੰਪ ਨੇ ਅਮਰੀਕੀ ਪ੍ਰਧਾਨ ਹੋਣ ਨਾਤੇ ਵਿਸ਼ਵ ਦੇ ਦੂਸਰੇ ਦੇਸ਼ਾਂ ਦੇ ਆਗੂਆਂ ਨੂੰ ਨੀਵਾਂ-ਦਿਖਾਉਣ, ਮੰਦਾ-ਚੰਗਾ ਕਹਿਣ ਅਤੇ ਪਿਛਲੀਆਂ ਸੰਧੀਆਂ ਤੋੜਨ ਤੋਂ ਕੋਈ ਕਸਰ ਬਾਕੀ ਨਹੀਂ ਛੱਡੀ। ਜਲਵਾਯੂ ਸਬੰਧੀ ਪੈਰਿਸ ਸੰਧੀ ਵਿਚੋਂ ਬਾਹਰ ਆਉਣਾ, ਈਰਾਨ ਨਾਲ ਪ੍ਰਮਾਣੂ ਸੰਧੀ ਤੋਂ ਲਾਂਭੇ ਹੋਣਾ, ਕੈਨੇਡਾ ਅਤੇ ਮੈਕਸੀਕੋ ਨਾਲ ਨਾਫਟਾ ਸੰਧੀ ਤੋੜ ਕੇ ਮੁੜ੍ਹ ਵੱਖੋ-ਵੱਖ ਵਪਾਰਕ ਸੰਧੀਆਂ ਕਰਨੀਆਂ, ਕੈਨੇਡਾ ਅਤੇ ਪੱਛਮੀ ਦੇਸ਼ਾਂ ਤੋਂ ਸਟੀਲ ਅਤੇ ਅਲਮੂਨੀਅਮ ਅਯਾਤ ’ਤੇ ਭਾਰੀ ਟੈਕਸ ਠੋਕਣੇ, ਚੀਨ ਤੋਂ ਆਯਾਤ ’ਤੇ ਭਾਰੀ ਟੈਕਸ ਠੋਕਣੇ ਆਦਿ ‘ਸਭ ਅਮਰੀਕਾ ਫਰਸਟ’ ਦੀ ਆੜ ਹੇਠ ‘ਵਾਈਟ ਅਮਰੀਕਾ ਫਰਸਟ’ ਅਧੀਨ ਨਸਲਵਾਦੀ ਨੀਤੀ ਅਧੀਨ ਨਿਰਣੇ ਲਏ ਗਏ। ਇਹ ਸਾਰੇ ਨਿਰਣੇ ਇਕ ਯੋਜਨਾ ਬੱਧ ਨੀਤੀ ਅਧੀਨ ਪ੍ਰਧਾਨ ਟਰੰਪ ਅਤੇ ਉਸਦੀ ਟੀਮ ਨੇ ਉਸ ਨੂੰ ਵਿਸ਼ਵ ਅੰਦਰ ਇਕ ਤਾਕਤਵਰ ਅਤੇ ਲੱਠਮਾਰ ਨਸਲੀ ਆਗੂ ਸਥਾਪਿਤ ਕਰਨ ਲਈ ਕੀਤੇ ਤਾਂ ਕਿ ਮੁੜ੍ਹ ਪ੍ਰਧਾਨਗੀ ਪਦ ਦੀ ਜ਼ੋਰਦਾਰ ਢੰਗ ਨਾਲ ਦਾਅਵੇਦਾਰੀ ਠੋਕ ਸਕੇ।

ਅਮਰੀਕਾ ਅੰਦਰ ਇਕ ਤਾਕਤਵਰ ਅਤੇ ਪ੍ਰਭਾਵਸ਼ਾਲੀ ਵਿਚਾਰਧਾਰਕ ਗਰੁੱਪ ਦਾ ਵੀ ਇਹੋ ਮੰਨਣਾ ਹੈ ਕਿ ਪ੍ਰਧਾਨ ਟਰੰਪ ਵਲੋਂ ‘ਗੋਰੇ ਰਾਸ਼ਟਰਵਾਦੀ ਨਸਲਵਾਦ’ ਨੂੰ ਹਵਾ ਦੇਣ ਦਾ ਮੁੱਖ ਮੰਤਵ ਮੁੜ੍ਹ ਪ੍ਰਧਾਨਗੀ ਪਦ ਹਾਸਿਲ ਕਰਨਾ ਹੈ। ਸੰਨ 2016 ਦੀ ਪ੍ਰਧਾਨਗੀ ਪਦ ਲਈ ਚੋਣ ਵੇਲੇ ਉਹ ਆਪਣੀਆਂ ਨਸਲਵਾਦੀ-ਰਾਸ਼ਟਰਵਾਦੀ ਟਿੱਪਣੀਆਂ ਕਰਕੇ ਸੱਜੇ ਪੱਖੀ ਅਤੇ ਘੱਟ ਪੜ੍ਹੇ ਲਿਖੇ ਅਮਰੀਕੀ ਲੋਕਾਂ ਦੀਆਂ ਵੋਟਾਂ ਹਾਸਿਲ ਕਰਨ ਵਿਚ ਸਫ਼ਲ ਹੋ ਗਿਆ ਸੀ।

ਅਮਰੀਕੀ ਪ੍ਰਧਾਨ ਕਿੰਨਾ ਕੱਟੜ ਨਸਲਵਾਦੀ ਵਿਅਕਤੀ ਅਤੇ ਆਗੂ ਹੈ ਇਸਦੀ ਪੁਸ਼ਟੀ 1970ਵੇਂ ਦਹਾਕੇ ਵਿਚ ਉਸ ਅਤੇ ਉਸਦੇ ਪਿਤਾ ਵਲੋਂ ਰੀਅਲ ਐਸਟੇਟ ਦਾ ਕੰਮ ਕਰਨ ਵੇਲੇ ਅਮਰੀਕੀ ਨਿਆਂ ਵਿਭਾਗ ਵੱਲੋਂ ਉਨ੍ਹਾਂ ਵੱਲੋਂ ਕਾਲੇ ਲੋਕਾਂ ਨੂੰ ਮਕਾਨ ਕਿਰਾਏ ’ਤੇ ਦੇਣ ਸਮੇਂ ਭੇਦ ਭਾਵ ਕਰਨ ਦੇ ਨੋਟਿਸ ਲੈਣ ਤੋਂ ਪਤਾ ਚਲਦਾ ਹੈ। ਅਟਲਾਂਟਿਕ ਸ਼ਹਿਰ ਦੀ ਹੋਟਲ ਅਤੇ ਕੈਸੀਨੋ ਐਸੋਸੀਏਸ਼ਨ ਦਾ ਸਾਬਕਾ ਪ੍ਰਧਾਨ ਜੈਕ ਓਡੋਨਲ ਦਾ ਕਹਿਣਾ ਹੈ ਕਿ ਟਰੰਪ ਕਿਸੇ ਕਾਲੇ ਨੂੰ ਆਪਣੇ ਧੰਨ ਦੇ ਲੇਖੇ-ਜੋਖੇ ਦਾ ਕੰਮ ਨਹੀਂ ਸੀ ਦਿੰਦਾ ਹੁੰਦਾ। ਇਸ ਦੇ ਨੇੜੇ ਹੋ ਕੇ ਵੇਖੋ ਕਿ ਇਹ ਕਿਵੇਂ ਨਸਲਵਾਦ ਵਿਰੁੱਧ ਜ਼ਹਿਰ ਉਗਲਦਾ ਹੈ।
ਆਪਣੇ ਆਲੋਚਨਾਕਾਰਾਂ ਨੂੰ ਉਹ ਕਦੇ ਨਹੀਂ ਬਖਸ਼ਦਾ। ਟੋਲਾ, ਮੈਂਬਰ ਇਲਹਾਨ ਉਮਰ ਦਾ ਕਹਿਣਾ ਹੈ ਕਿ ਹੁਣ ਅਸੀਂ ਅੱਖਾਂ ਬੰਦ ਕਰਕੇੇ ਨਾ ਰੱਖ ਸਕਦੇ। ਸਾਨੂੰ ਇਸ ਪ੍ਰਧਾਨ ਵਿਰੁੱਧ ਕਾਰਵਾਈ ਕਰਨ ਅਤੇ ਮਹਾਂਅਭਿਯੋਗ ਚਲਾਉਣ ਦੀ ਲੋੜ ਹੈ। ਨਸਲਵਾਦੀ ਵਿਵਾਦ ਬਾਅਦ ਤੁਰੰਤ ਟਰੰਪ ਪ੍ਰਸਾਸ਼ਨ ਨੇ ਉਨ੍ਹਾਂ ਲੋਕਾਂ ਵਿਰੁੱਧ ਛਾਪੇਮਾਰੀ ਸ਼ੁਰੂ ਕਰ ਦਿਤੀ ਜਿੰਨ੍ਹਾਂ ਵਿਰੁੱਧ ਦੇਸ਼ ਛੱਡ ਜਾਣ ਦੇ ਹੁਕਮ ਜਾਰੀ ਹੋ ਚੁੱਕੇ ਸਨ।
ਹਕੀਕਤ ਇਹ ਹੈ ਕਿ ਜਿਉਂ-ਜਿਉਂ ਅਮਰੀਕੀ ਪ੍ਰਧਾਨਗੀ ਪਦ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਪ੍ਰਧਾਨ ਟਰੰਪ ਅਤੇ ਉਸਦੀ ਜੁਡੰਲੀ ਦੀਆਂ ‘ਗੋਰਾ ਨਸਲਵਾਦੀ’ ਅਤੇ ‘ਗੋਰਾ ਰਾਸ਼ਟਰਵਾਦੀ’ ਨੀਤੀਆਂ ਤੇਜ਼ ਹੋ ਰਹੀਆਂ ਹਨ। ਜੇ ਡੈਮੋ¬ਕ੍ਰੈਟਾਂ ਦੀ ਅੰਦਰੂਨੀ ਖਾਨਾਜੰਗੀ ਨੇੜ ਦੇ ਭਵਿੱਖ ਵਿਚ ਖ਼ਤਮ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਇਕ ਅੱਗ ਫਕਣ ਵਾਲਾ ਤੇਜ-ਤਰਾਰ ਆਗੂ ਨਹੀਂ ਮਿਲਦਾ ਤਾਂ ਪ੍ਰਧਾਨ ਟਰੰਪ ਦਾ ਮੁੜ੍ਹ ਪ੍ਰਧਾਨਗੀ ਪ੍ਰਾਪਤ ਕਰਨ ਦਾ ਰਾਹ ਡੱਕਣਾ ਸੌਖਾ ਨਹੀਂ ਹੋਵੇਗਾ।

‘ਦਰਬਾਰਾ ਸਿੰਘ ਕਾਹਲੋਂ’
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
1-343-889-2550
ਕੈਨੇਡਾ।

Previous articleਨੰਬਰਦਾਰ ਯੂਨੀਅਨ ਵੱਲੋਂ ਬਿਜਲੀ ਵਿਭਾਗ ਨੂਰਮਹਿਲ ਖਿਲਾਫ਼ ਹੋਵੇਗਾ ਸੰਘਰਸ਼ – ਅਸ਼ੋਕ ਸੰਧੂ ਨੰਬਰਦਾਰ
Next articlePKL 7: Bengaluru Bulls overpower U Mumba in close contest