ਜਲੰਧਰ ਅਦਾਲਤ ’ਚ ਇਕ ਕੇਸ 47 ਵਰ੍ਹੇ ਪੁਰਾਣਾ;
50 ਕੇਸਾਂ ਦੀ ਸੁਣਵਾਈ 30 ਵਰ੍ਹਿਆਂ ਤੋਂ ਕਿਸੇ ਤਣ-ਪੱਤਣ ਨਾ ਲੱਗੀ
ਜਦੋਂ ਨਿਆਂ ਲਈ ਬਿਰਖ਼ ਹੋਣਾ ਪੈ ਜਾਏ, ਫਿਰ ਕੋਈ ਮਾਂ ਨਹੀਂ ਬਚਦੀ ਜਿਸ ਕੋਲ ਦੁੱਖ ਰੋਇਆ ਜਾ ਸਕੇ। ਬੱਚੇ ਵੀ ਨਿਆਂ ਦੀ ਉਡੀਕ ’ਚ ਬੁਢਾਪੇ ’ਚ ਪੈਰ ਰੱਖ ਲੈਣ, ਇਨਸਾਫ਼ ਦੀ ਫਿਰ ਕੀ ਤੁਕ ਰਹਿ ਜਾਂਦੀ ਹੈ। ਜਲੰਧਰ ਜ਼ਿਲ੍ਹੇ ਦਾ ਇੱਕ ਕੇਸ 47 ਵਰ੍ਹਿਆਂ ਤੋਂ ਅਦਾਲਤ ’ਚ ਚੱਲ ਰਿਹਾ ਹੈ ਜੋ ਪੰਜਾਬ ਦਾ ਸਭ ਤੋਂ ਵੱਧ ਪੁਰਾਣਾ ਕੇਸ ਹੈ। ਐਨੇ ਲੰਮੇ ਅਰਸੇ ਤੋਂ ਅਦਾਲਤ ’ਚ ਕੌਣ ਖੜ੍ਹਾ ਹੈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਜਲੰਧਰ ਅਦਾਲਤ ’ਚ 29 ਇਸ ਤਰ੍ਹਾਂ ਦੇ ਕੇਸ ਹਨ ਜੋ 1972 ਅਤੇ 1982 ਤੋਂ ਚੱਲ ਰਹੇ ਹਨ। ਕੇਂਦਰੀ ਨਿਆਂ ਮੰਤਰਾਲੇ ਦੇ ਵੇਰਵੇ ਦੱਸਦੇ ਹਨ ਕਿ ਪੰਜਾਬ ਭਰ ’ਚ ਇਸ ਵੇਲੇ 6.12 ਲੱਖ ਕੇਸ ਅਦਾਲਤਾਂ ’ਚ ਚੱਲ ਰਹੇ ਹਨ ਜਿਨ੍ਹਾਂ ’ਚੋਂ 3.43 ਲੱਖ ਕੇਸ ਫ਼ੌਜਦਾਰੀ ਹਨ। ਇਸ ਤੋਂ ਇਲਾਵਾ 4.66 ਲੱਖ ਕੇਸ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਚੱਲ ਰਹੇ ਹਨ। ਦੋਵਾਂ ਨੂੰ ਮਿਲਾ ਲਿਆ ਜਾਵੇ ਤਾਂ ਗਿਣਤੀ 10.78 ਲੱਖ ਹੋ ਜਾਂਦੀ ਹੈ। ਪੰਜਾਬ ’ਚ 30 ਸਾਲ ਤੋਂ ਵੱਧ ਅਰਸੇ ਤੋਂ ਚੱਲ ਰਹੇ ਕੇਸਾਂ ਦੀ ਗਿਣਤੀ 50 ਹੈ। ਦਾਦਿਆਂ ਵੱਲੋਂ ਦਾਇਰ ਕੇਸ ਹੁਣ ਪੋਤੇ ਝਗੜ ਰਹੇ ਹਨ। ਬਠਿੰਡਾ ਅਦਾਲਤ ’ਚ ਸਭ ਤੋਂ ਪੁਰਾਣਾ ਕੇਸ 1991 ਦਾ ਹੈ ਜੋ 28 ਵਰ੍ਹਿਆਂ ਤੋਂ ਚੱਲ ਰਿਹਾ ਹੈ। ਮੁਕਤਸਰ ਅਦਾਲਤ ’ਚ 25 ਵਰ੍ਹਿਆਂ ਵਾਲਾ ਸਭ ਤੋਂ ਪੁਰਾਣਾ ਕੇਸ ਹੈ। ਕਪੂਰਥਲਾ ਅਦਾਲਤ ਪੰਜਾਬ ’ਚੋਂ ਦੂਜੇ ਨੰਬਰ ’ਤੇ ਹੈ ਜਿੱਥੇ 14 ਕੇਸ ਕਰੀਬ 30 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਹਨ। ਤਿੰਨ ਦਹਾਕਿਆਂ ਤੋਂ ਉੱਪਰਲੇ ਅਰਸੇ ਦੇ ਕੇਸਾਂ ਵਿਚ ਲੁਧਿਆਣਾ ਵਿਚ ਤਿੰਨ, ਮੁਹਾਲੀ ਵਿਚ ਇੱਕ, ਪਟਿਆਲਾ ਵਿਚ ਦੋ ਅਤੇ ਸੰਗਰੂਰ ਦਾ ਇੱਕ ਕੇਸ ਹੈ। ਪੰਜਾਬ ਵਿਚ 134 ਅਜਿਹੇ ਕੇਸ ਅਜਿਹੇ ਹਨ ਜੋ 20 ਤੋਂ 30 ਵਰ੍ਹਿਆਂ ਤੋਂ ਚੱਲ ਰਹੇ ਹਨ ਜਦਕਿ 10 ਤੋਂ 20 ਵਰ੍ਹਿਆਂ ਤੋਂ ਚੱਲਦੇ ਕੇਸਾਂ ਦਾ ਅੰਕੜਾ 933 ਹੈ। ਨਜ਼ਰ ਮਾਰੀਏ ਤਾਂ ਪੰਜਾਬ ਦੀਆਂ ਅਦਾਲਤਾਂ ਵਿਚ 69.6 ਫ਼ੀਸਦੀ ਕੇਸ ਇੱਕ ਸਾਲ ਤੋਂ ਚੱਲ ਰਹੇ ਹਨ। ਪੰਜਾਬ ਵਿਚ 65,974 ਕੇਸ ਤਾਂ ਬਜ਼ੁਰਗਾਂ ਵੱਲੋਂ ਦਾਇਰ ਕੀਤੇ ਹੋਏ ਹਨ ਜਦਕਿ 83,295 ਕੇਸ ਔਰਤਾਂ ਨੇ ਦਾਇਰ ਕੀਤੇ ਹੋਏ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਲੰਮਾ ਤਜਰਬਾ ਰੱਖਣ ਵਾਲੇ ਐਡਵਕੋਟ ਜਸਮੇਲ ਸਿੰਘ ਬਰਾੜ ਦਾ ਕਹਿਣਾ ਸੀ ਕਿ ਸਪੀਡੀ ਡਿਸਪੋਜ਼ਲ (ਜਲਦੀ ਨਿਬੇੜੇ) ਲਈ ਹੁਣ ਨਵੀਆਂ ਸੋਧਾਂ ਹੋਈਆਂ ਹਨ ਜਿਨ੍ਹਾਂ ਤਹਿਤ ਗਵਾਹੀ ਲਈ ਤਿੰਨ-ਤਿੰਨ ਮੌਕੇ ਨਿਰਧਾਰਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਕੇਸ ਕਾਨੂੰਨੀ ਪੇਚੀਦਗੀਆਂ ਵਿਚ ਫਸ ਜਾਂਦੇ ਹਨ ਅਤੇ ਕੇਸਾਂ ਦੇ ਲਟਕਣ ਦੇ ਹੋਰ ਵੀ ਕਈ ਕਾਰਨ ਬਣ ਜਾਂਦੇ ਹਨ। ਅੰਕੜਾ ਵੇਖੀਏ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ 2,986 ਕੇਸਾਂ ਨੂੰ ਦੋ ਦਹਾਕੇ ਤੋਂ ਵੱਧ ਸਮਾਂ ਚੱਲਦਿਆਂ ਨੂੰ ਹੋ ਗਿਆ ਹੈ ਜਦਕਿ 72,901 ਕੇਸ ਹਾਈ ਕੋਰਟ ਵਿਚ 10 ਤੋਂ 20 ਸਾਲਾਂ ਤੋਂ ਚੱਲ ਰਹੇ ਹਨ। ਬਠਿੰਡਾ ਜ਼ਿਲ੍ਹੇ ਦੀਆਂ ਅਦਾਲਤਾਂ ਵਿਚ ਇਸ ਵੇਲੇ 31,822 ਕੇਸ ਅਤੇ ਅੰਮ੍ਰਿਤਸਰ ਵਿਚ 1.51 ਲੱਖ ਕੇਸ ਚੱਲ ਰਹੇ ਹਨ। ਇਸੇ ਤਰ੍ਹਾਂ ਲੁਧਿਆਣਾ ਅਦਾਲਤਾਂ ਵਿਚ 1.19 ਲੱਖ, ਪਟਿਆਲਾ ਵਿਚ 51,849, ਜਲੰਧਰ ਵਿਚ 58,081 ਅਤੇ ਗੁਰਦਾਸਪੁਰ ਵਿਚ 24,930 ਕੇਸ ਚੱਲ ਰਹੇ ਹਨ। ਹਾਲਾਂਕਿ ਪੰਜਾਬ ਵਿਚ ਬਹੁਤੇ ਕੇਸਾਂ ਦਾ ਨਿਪਟਾਰਾ ਹੋ ਵੀ ਰਿਹਾ ਹੈ ਪਰ ਫਿਰ ਵੀ ਅਦਾਲਤਾਂ ਨੂੰ ਸਾਹ ਨਹੀਂ ਆ ਰਿਹਾ। ਜ਼ਿਲ੍ਹਾ ਮਾਨਸਾ ਦੇ ਐੱਸ.ਐੱਸ.ਪੀ ਨਰਿੰਦਰ ਭਾਰਗਵ ਦਾ ਪ੍ਰਤੀਕਰਮ ਸੀ ਕਿ ਜਦੋਂ ਤੋਂ ਸਮਾਜ ਦੀ ਇਖ਼ਲਾਕੀ ਮੁੱਲਾਂ ਤੋਂ ਦੂਰੀ ਵਧੀ ਹੈ, ਉਦੋਂ ਤੋਂ ਉਥਲ-ਪੁਥਲ, ਸਵਾਰਥ, ਲਾਲਸਾ ਤੇ ਲੜਾਈ-ਝਗੜੇ ਵਧੇ ਹਨ। ਹਾਲਾਂਕਿ ਪੁਲੀਸ ਕੇਸਾਂ ਦੀ ਸਫ਼ਲ ਦਰ ਪਹਿਲਾਂ ਨਾਲੋਂ ਸੁਧਰੀ ਹੈ।