ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਧਰਮਸੋਤ ਮੁੜ ਗ੍ਰਿਫ਼ਤਾਰ

ਅਮਲੋਹ (ਸਮਾਜ ਵੀਕਲੀ) : ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਅੱਜ ਬਾਅਦ ਦੁਪਹਿਰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਗ੍ਰਿਫ਼ਤਾਰੀ ਉਦੋਂ ਹੋਈ ਜਦੋਂ ਉਹ ਅਮਲੋਹ ਨੇੜਲੇ ਪਿੰਡ ਭੱਦਲਥੂਹਾ ਦੇ ਇਕ ਪੈਲੇਸ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ। ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਅਤੇ ਜੰਗਲਾਤ ਵਿਭਾਗ ’ਚ ਘਪਲੇ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਲੰਘੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ), 13(2) ਤਹਿਤ ਕੇਸ ਦਰਜ ਕਰ ਕੇ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2 ਕਰੋੜ 37 ਲੱਖ 12 ਹਜ਼ਾਰ 596 ਰੁਪਏ ਸੀ ਜਦਕਿ ਖਰਚਾ 8 ਕਰੋੜ 76 ਲੱਖ 30 ਹਜ਼ਾਰ 888 ਰੁਪਏ ਸੀ ਜੋ 6 ਕਰੋੜ 39 ਲੱਖ 18 ਹਜ਼ਾਰ 292 ਰੁਪਏ ਵੱਧ ਸੀ।

ਭਾਵ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਨਾਲੋਂ 269 ਪ੍ਰਤੀਸ਼ਤ ਵੱਧ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਮੰਤਰੀ ਦੀ ਹੋਰ ਜਾਇਦਾਦ ਦਾ ਪਤਾ ਲਗਾਉਣ ਲਈ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਵੱਲੋਂ ਕਾਂਗਰਸ ਦਾ ਸਾਬਕਾ ਵਿਧਾਇਕਾਂ ਤੇ ਮੰਤਰੀਆਂ ਦੇ ਖਿਲਾਫ ਸਰੋਤਾਂ ਤੋਂ ਜ਼ਿਆਦਾ ਮਾਮਲਿਆਂ ਦੀ ਜਾਂਚ ਵਿੱਢੀ ਹੋਈ ਹੈ। ਆਉਂਦੇ ਦਿਨਾਂ ਦੌਰਾਨ ਹੋਰਾਂ ਕਾਂਗਰਸੀ ਆਗੂਆਂ ਦੀ ਵੀ ਗ੍ਰਿਫ਼ਤਾਰੀ ਸੰਭਵ ਹੈ। ਇਸ ਸਬੰਧੀ ਜਦੋਂ ਧਰਮਸੋਤ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਜੀਲੈਂਸ ਵੱਲੋਂ ਅਗਾਊਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਸਰਕਾਰ ਦੇ ਇਸ਼ਾਰੇ ’ਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਜਦੋਂ ਕਿ ਧਰਮਸੋਤ ਨੂੰ ਗ੍ਰਿਫ਼ਤਾਰ ਕਰ ਕੇ ਪਹਿਲਾਂ ਵੀ ਪੁਲੀਸ ਰਿਮਾਂਡ ਹਾਸਲ ਕਰ ਕੇ ਵਿਜੀਲੈਂਸ ਪੁੱਛ-ਗਿੱਛ ਕਰ ਚੁੱਕੀ ਹੈ।

 

Previous articleEuropean states dispatch rescue teams to Turkey, Syria after deadly quakes
Next articleUS teams deploying quickly to support Turkish rescue efforts: Biden