ਦਸਤਾਰ- ਇੱਕ ਵਿਲੱਖਣ ਪਹਿਚਾਣ

ਇੰਸ.ਗੁਰਪ੍ਰੀਤ ਸਿੰਘ ਚੰਬਲ
(ਸਮਾਜ ਵੀਕਲੀ)

ਦੁਨੀਆ ਦੇ ਕਿਸੇ ਵੀ ਖਿੱਤੇ ਦੇ ਮਨੁੱਖ ਦੀ ਪਹਿਚਾਣ ਉਸ ਦੀ ਬੋਲੀ,ਪਹਿਰਾਵੇ ਅਤੇ ਰਹਿਣ-ਸਹਿਣ ਦੇ ਢੰਗ ਤੋਂ ਕੀਤੀ ਜਾਂਦੀ ਹੈ ਪਰ ਅਜੋਕੇ ਯੁੱਗ ਵਿੱਚ ਦੌਰ ਕੁਝ ਅਜਿਹਾ ਚੱਲ ਰਿਹਾ ਹੈ ਕਿ ਕਿਸੇ ਵੀ ਖਿੱਤੇ ਦੇ ਮਨੁੱਖ ਦੀ ਸੁਭਾਵਿਕ ਪਹਿਚਾਣ ਉਸ ਦੇ ਪਹਿਨੇ ਹੋਏ ਖੇਤਰੀ ਰੰਗ-ਢੰਗ ਦੇ ਕੱਪੜਿਆਂ ਤੋਂ ਸਹਿਜੇ ਹੀ ਕੀਤੀ ਜਾ ਸਕਦੀ ਹੈ ਅਤੇ ਉਸ ਦੀ ਪੂਰੀ ਵੇਸਭੂਸ਼ਾ ਉਸ ਦੀ ਬੋਲੀ ਅਤੇ ਅਚਾਰ-ਵਿਹਾਰ ਤੋਂ ਨਾਪੀ ਜਾ ਸਕਦੀ ਹੈ। ਹਰ ਮਨੁੱਖ ਦਾ ਖਾਣ-ਪੀਣ,ਰਹਿਣ-ਸਹਿਣ ਅਤੇ ਪਹਿਨਣ ਦਾ ਆਪਣਾ ਇੱਕ ਅਕੀਦਾ ਹੁੰਦਾ ਹੈ।

ਸਦੀਆਂ ਤੋਂ ਮਨੁੱਖ ਆਪਣਾ ਤਨ ਢਕਣ ਲਈ ਤਰ੍ਹਾਂ-ਤਰ੍ਹਾਂ ਦੇ ਵਸਤਰਾਂ ਦੀ ਵਰਤੋਂ ਕਰਦਾ ਆਇਆ ਹੈ। ਹਰ ਮੁਲਕ,ਖਿੱਤੇ ਅਤੇ ਧਰਮ ਆਧਾਰਿਤ ਖਿੱਤੇ ਦੇ ਪਹਿਰਾਵੇ ਦੀ ਪਹਿਚਾਣ ਭਿੰਨ ਹੁੰਦੀ ਹੈ। ਪਹਿਰਾਵੇ ਦੀ ਇਸ ਪਹਿਚਾਣ ਦਾ ਇੱਕ ਹਿੱਸਾ ਸਿਰ ਉੱਪਰ ਬੰਨ੍ਹਿਆ ਕੱਪੜਾ ਵੀ ਹੁੰਦਾ ਹੈ ਜਿਸ ਨੂੰ ਕਿ ਦਸਤਾਰ ਕਿਹਾ ਜਾਂਦਾ ਹੈ। ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮੂਲ ਅਰਥ ਹੈ ਸਿਰ ਉੱਪਰ ਸੰਵਾਰ ਕੇ ਬੰਨ੍ਹਿਆ ਹੋਇਆ ਸਾਫ-ਸੁਥਰਾ ਕੱਪੜਾ। ਦਸਤਾਰ ਸਿਰਫ ਇੱਕ ਕੱਪੜਾ ਹੀ ਨਹੀਂ ਹੈ ਸਗੋਂ ਸਮਾਜਿਕ,ਧਾਰਮਿਕ ਅਤੇ ਰਾਜਨੀਤਿਕ ਪੱਖੋਂ ਵੀ ਇਸ ਦੀ ਇੱਕ ਖਾਸ ਅਹਿਮੀਅਤ ਹੈ। ਇਸ ਕਰਕੇ ਇਸ ਨੂੰ ਇੱਕ ਅਹਿਮ ਸਮਾਜਿਕ ਰੁਤਬਾ ਹਾਸਿਲ ਹੈ ਜਿਸ ਨੂੰ ਕਿ ਸਰਦਾਰੀ ਕਿਹਾ ਜਾਂਦਾ ਹੈ।

ਜੇਕਰ ਦਸਤਾਰ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਕਦੋਂ ਅਤੇ ਕਿੱਥੇ ਹੋਈ ਇਸ ਬਾਰੇ ਇਤਿਹਾਸ ਵਿੱਚ ਕੋਈ ਪੱਕਾ ਪ੍ਰਮਾਣ ਤਾਂ ਨਹੀਂ ਮਿਲਦਾ ਪਰ ਫਿਰ ਵੀ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਖੋਜਕਾਰਾਂ ਦੁਆਰਾ ਕੀਤੀ ਖੋਜ ਤੋਂ ਇਹ ਪਤਾ ਚਲਦਾ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਈਸਾ ਮਸੀਹ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਪੱਗੜੀ ਜਾਂ ਦਸਤਾਰ ਬੰਨ੍ਹੀ ਜਾ ਰਹੀ ਹੈ। ਪ੍ਰੰਤੂ ਸਿੱਖ ਧਰਮ ਨਾਲ ਇਸ ਦਾ ਨਾਤਾ ਸਿੱਖ ਧਰਮ ਦੀ ਹੋਂਦ ਨਾਲ ਹੀ ਸ਼ੁਰੂ ਹੁੰਦਾ ਹੈ। ਪੂਰੇ ਵਿਸ਼ਵ ਵਿੱਚ ਸਥਾਪਤ ਅੰਮ੍ਰਿਤਧਾਰੀ ਜਾਂ ਸਹਿਜਧਾਰੀ ਸਿੱਖ ਦਸਤਾਰ ਸਜਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ।

ਵੱਖ-ਵੱਖ ਖਿੱਤਿਆਂ ਦੀਆਂ ਭਾਸ਼ਾਵਾਂ ਵਿੱਚ ਦਸਤਾਰ ਨੂੰ ਵੱਖੋ-ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਅੰਗਰੇਜ਼ੀ ਭਾਸ਼ਾ ਵਿੱਚ ਟਰਬਨ, ਫਰੈਂਚ ਵਿੱਚ ਟਲਬੈਂਡ, ਲਾਤੀਨੀ ਭਾਸ਼ਾ ਵਿੱਚ ਮਾਈਟਰ, ਈਰਾਨੀ ਭਾਸ਼ਾ ਵਿੱਚ ਸੁਰਬੰਦ, ਸੰਸਕ੍ਰਿਤ ਭਾਸ਼ਾ ਵਿੱਚ ਉਸ਼ਨੀਸ਼ ਅਤੇ ਯੂਰਪੀ ਭਾਸ਼ਾਈ ਖੇਤਰਾਂ ਵਿੱਚ ਇਸ ਨੂੰ ਟਰਬਾਂਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਇਹ ਗੱਲ ਦੇਖਣਯੋਗ ਹੈ ਕਿ ਜੇਕਰ ਸੰਸਾਰ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਦਸਤਾਰ ਨਾਮ ਦੀ ਹੋਂਦ ਹੈ ਤਾਂ ਵਾਕਈ ਦਸਤਾਰ ਸਮੁੱਚੇ ਵਿਸ਼ਵ ਨਾਲ ਕਿਸੇ ਨਾ ਕਿਸੇ ਪਾਸਿਓਂ ਜੁੜੀ ਹੋਈ ਕਹੀ ਜਾ ਸਕਦੀ ਹੈ। ਸਿੱਖ ਧਰਮ ਆਧੁਨਿਕ ਯੁੱਗ ਦਾ ਨਵੀਨਤਮ ਧਰਮ ਹੈ ਅਤੇ ਇਸ ਦੀ ਹੋਂਦ ਵੀ ਕੋਈ ਬਹੁਤੀ ਪੁਰਾਣੀ ਨਹੀਂ ਹੈ। ਸਿੱਖ ਧਰਮ ਵਿੱਚ ਦਸਤਾਰ ਨੂੰ ਬਹੁਤ ਹੀ ਅਹਿਮ ਦਰਜਾ ਦਿੱਤਾ ਜਾਂਦਾ ਹੈ।

ਇੰਜ ਕਹਿ ਲਈਏ ਕਿ ਦਸਤਾਰ ਤੋਂ ਬਿਨਾਂ ਸਿੱਖ ਦੀ ਕੋਈ ਹਸਤੀ ਹੀ ਨਹੀਂ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸਿੱਖਾਂ ਨਾਲ ਦਸਤਾਰ ਦਾ ਨਾਤਾ ਇੰਜ ਹੈ ਜਿਵੇਂ ਨਹੁੰ ਦਾ ਮਾਸ ਨਾਲ, ਖੂਨ ਦਾ ਦਿਲ ਨਾਲ ਹੈ। ਸੰਸਾਰ ਦੇ ਹੋਰ ਵੀ ਬਹੁਤ ਸਾਰੇ ਧਰਮ ਹਨ ਜਿਨ੍ਹਾਂ ਵਿੱਚ ਦਸਤਾਰ ਬੰਨ੍ਹੀ ਜਾਂਦੀ ਰਹੀ ਹੈ ਜਿਵੇਂ ਕਿ ਇਤਿਹਾਸਕ ਹਵਾਲਿਆਂ ਮੁਤਾਬਕ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਵੀ ਆਪਣੇ ਪਾਵਨ ਸਿਰ ਤੇ ਦਸਤਾਰ ਸਜਾਉਂਦੇ ਸਨ ਇਸੇ ਕਰਕੇ ਹੀ ਤੁਸੀਂ ਅੱਜ ਸ਼ਾਹੀ ਇਮਾਮਾਂ ਅਤੇ ਮੌਲਵੀਆਂ ਦੇ ਸਿਰ ਉੱਪਰ ਦਸਤਾਰ ਬੰਨ੍ਹੀ ਵੇਖਦੇ ਹੋ।

ਸਿੱਖ ਧਰਮ ਵਿੱਚ ਦਸਤਾਰ ਬੰਨ੍ਹਣੀ ਸਿੱਖ ਦਾ ਮੁੱਢਲਾ ਫਰਜ਼ ਹੈ ਇਸ ਤੋਂ ਬਿਨਾਂ ਸਿੱਖ ਸਿੱਖ ਨਹੀਂ ਰਹਿੰਦਾ ਸਗੋਂ ਉਹ ਇੱਕ ਅਧੂਰਾ ਵਿਅਕਤੀ ਮੰਨਿਆ ਜਾਂਦਾ ਹੈ। ਸਿੱਖ ਦੇ ਕਿਰਦਾਰ ਦੀ ਮੂਲ ਪਛਾਣ ਹੀ ਉਸ ਦੀ ਪੱਗ,ਪੱਗੜੀ ਜਾਂ ਦਸਤਾਰ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਭਨਾਂ ਗੁਰੂ ਸਾਹਿਬਾਨਾਂ ਨੇ ਇਸ ਪਵਿੱਤਰ ਦਸਤਾਰ ਨੂੰ ਆਪਣੀ ਪੌਸ਼ਾਕ ਦਾ ਇੱਕ ਅਹਿਮ ਹਿੱਸਾ ਬਣਾਇਆ ਅਤੇ ਆਪਣੇ ਸਿਰ ਤੇ ਇਸ ਨੂੰ ਸਜਾਇਆ ਇੱਥੋਂ ਤੱਕ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਤਾਰ ਦੇ ਨਾਲ ਕਲਗੀ ਸਜਾ ਕੇ ਇਸ ਦੀ ਸ਼ਾਨ ਵਿੱਚ ਹੋਰ ਵੀ ਵਾਧਾ ਕੀਤਾ ਹੈ।

ਮਾਰੂ ਰਾਗ ਵਿੱਚ ਦਰਜ ਇਸ ਸ਼ਬਦ ਵਿੱਚ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਜੇ ਤੂੰ ਧਰਮ ਦੀ ਪੁਸਤਕ ਹਦੀਸ ਦੀ ਸਿੱਖਿਆ ਅਨੁਸਾਰ ਜੀਵਨ ਢਾਲ ਲਵੇਂ ਤੇ ਆਪਣੀ ਸੋਚ ਪਵਿੱਤਰ ਕਰਕੇ ਇਹ ਜਾਣ ਲਵੇਂ ਕਿ ਪ੍ਰਮਾਤਮਾ ਤੇਰੇ ਨਾਲੋਂ ਵੱਧ ਅਕਲਮੰਦ ਹੈ। ਪ੍ਰਮਾਤਮਾ ਨੇ ਤੈਨੂੰ ਖੂਬਸੂਰਤ ਬਣਾਇਆ ਹੈ ਤੂੰ ਮਨਮਤ ਅਨੁਸਾਰ ਉਸ ਦੀ ਬਣਾਈ ਕਾਇਆਂ ਨਾਲ ਖਿਲਵਾੜ ਕਰਕੇ ਤੋੜ ਭੰਨ ਨਾ ਕਰ। ਸਾਬਤ ਸੂਰਤ ਰਹਿ ਇਹ ਸਾਰੇ ਕੰਮ ਹੀ ਤੇਰੇ ਸਿਰ ਦੀ ਦਸਤਾਰ ਬਣਨਗੇ ਅਤੇ ਜਗਤ ਵਿੱਚ ਤੇਰੀ ਇੱਜ਼ਤ ਦਾ ਵਸੀਲਾ ਬਣਨਗੇ। ਇਸੇ ਦਸਤਾਰ ਸਦਕਾ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਤੇਰੀ ਇੱਜ਼ਤ ਬਣੇਗੀ।

13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਵੇਲੇ ਗੁਰੂ ਸਾਹਿਬ ਦਾ ਪੰਜਾਂ ਪਿਆਰਿਆਂ ਅਤੇ ਸਮੂਹ ਖਾਲਸਾ ਪੰਥ ਨੂੰ ਇਹ ਹੁਕਮ ਹੋਇਆ ਕਿ ਹਰ ਇੱਕ ਸਿੱਖ ਅੰਮ੍ਰਿਤ ਛਕ ਕੇ ਪੰਜਾਂ ਕਕਾਰਾਂ ਦਾ ਧਾਰਨੀ ਹੋਵੇਗਾ ਅਤੇ ਸਿਰ ਤੇ ਦਸਤਾਰ ਸਜਾਵੇਗਾ। ਸਿੱਖ ਦੁਆਰਾ ਸਜਾਈ ਦਸਤਾਰ ਇੱਕ ਵਾਰੀ ਜੇਕਰ ਉਤਾਰ ਦਿੱਤੀ ਜਾਵੇ ਤਾਂ ਦੁਬਾਰਾ ਉਸ ਨੂੰ ਆਪਣੇ ਸਿਰ ਤੇ ਟੋਪੀ ਵਾਂਗ ਸਜਾਉਣ ਦੀ ਮਨਾਹੀ ਹੈ। ਦਸਤਾਰ ਹਮੇਸ਼ਾ ਇੱਕ-ਇੱਕ ਲੜ ਖੋਲ੍ਹ ਕੇ ਹੀ ਉਤਾਰਨੀ ਚਾਹੀਦੀ ਹੈ ਅਤੇ ਇੱਕੋ ਵਾਰ ਇੱਕਠੀ ਟੋਪੀ ਵਾਂਗ ਉਤਾਰਨੀ ਵਰਜਿਤ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਸਿੱਖ ਨੂੰ ਹਰ ਵਾਰ ਦਸਤਾਰ ਸਜਾਉਣ ਵੇਲੇ ਕੇਸਾਂ ਨੂੰ ਕੰਘੇ ਨਾਲ ਸਾਫ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਸਿੱਖ ਧਰਮ ਦੇ ਮਰਿਆਦਾ ਸਰੋਤ ਰਹਿਤਨਾਮਿਆਂ ਵਿੱਚ ਦਸਤਾਰ ਸਜਾਉਣ ਸੰਬੰਧੀ ਮਰਿਆਦਾ ਦਾ ਉਲੇਖ ਕੀਤਾ ਗਿਆ ਹੈ।

ਸਿੱਖ ਧਰਮ ਵਿੱਚ ਹਰ ਮਰਦ ਅਤੇ ਇਸਤਰੀ ਜੋ ਅੰਮ੍ਰਿਤ ਛਕ ਕੇ ਗੁਰੂ ਕਾ ਸਿੰਘ ਸਜਦਾ ਹੈ ਉਸ ਨੂੰ ਸਿਰ ਉੱਪਰ ਦਸਤਾਰ ਸਜਾਉਣ ਦਾ ਹੁਕਮ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਸਾਹਿਬ ਦੇ ਅਕੀਦੇ ਤੇ ਚਲਦਿਆਂ ਦਸਤਾਰ ਦੀ ਪ੍ਰਥਾ ਚਾਲੂ ਰੱਖੀ ਅਤੇ ਦਸਤਾਰ ਦੀ ਸ਼ਾਨ ਨੂੰ ਚਾਰ ਚੰਦ ਲਾਉਂਦੇ ਹੋਏ ਸ਼ੇਰ-ਏ-ਪੰਜਾਬ ਨੇ ਆਪਣੀ ਦਸਤਾਰ ਉੱਪਰ ਉਸ ਸਮੇਂ ਦਾ ਸਭ ਤੋਂ ਕੀਮਤੀ ਹੀਰਾ ਕੋਹਿਨੂਰ ਕਲਗੀ ਵਿੱਚ ਜੜਵਾਇਆ। ਇਸ ਤੋਂ ਇਲਾਵਾ ਸਿੱਖ ਰਾਜ ਦੀਆਂ ਸਮੂਹ ਮਿਸਲਾਂ ਦੇ ਸਰਦਾਰਾਂ ਨੇ ਵੀ ਦਸਤਾਰ ਸਜਾ ਕੇ ਸਿੱਖੀ ਦੀ ਆਨ,ਬਾਨ ਅਤੇ ਸ਼ਾਨ ਨੂੰ ਬਰਕਰਾਰ ਰੱਖਿਆ ਇਹੀ ਕਾਰਨ ਹੈ ਕਿ ਅੱਜ ਪੂਰੇ ਸੰਸਾਰ ਵਿੱਚ ਸਿੱਖਾਂ ਨੂੰ ਇਸ ਦਸਤਾਰ ਕਰਕੇ ਇੱਕ ਵਿਸ਼ੇਸ਼ ਰੁਤਬਾ ਅਤੇ ਪਹਿਚਾਣ ਹਾਸਲ ਹੈ।

ਦਸਤਾਰ ਨੂੰ ਪੱਗ,ਪੱਗੜੀ,ਦੁਮਾਲਾ,ਕੇਸਕੀ ਆਦਿ ਸਤਿਕਾਰਤ ਸ਼ਬਦਾਂ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ। ਗੁਰੂ ਸਾਹਿਬ ਦੀ ਲਾਡਲੀ ਫੌਜ ਨਿਹੰਗ ਸਿੰਘ ਜੋ ਆਪਣੇ ਸਿਰ ਤੇ ਦਸਤਾਰ ਸਜਾਉਂਦੇ ਹਨ ਉਸ ਨੂੰ ਦੁਮਾਲਾ ਕਿਹਾ ਜਾਂਦਾ ਹੈ ਅਤੇ ਸਿੱਖ ਬੀਬੀਆਂ ਜੋ ਆਪਣੇ ਸਿਰ ਤੇ ਦਸਤਾਰ ਸਜਾਉਂਦੀਆਂ ਹਨ ਉਸ ਨੂੰ ਕੇਸਕੀ ਕਿਹਾ ਜਾਂਦਾ ਹੈ। ਆਮ ਆਦਮੀ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਉਹ ਜੋ ਦਸਤਾਰ ਸਜਾਉਂਦੇ ਹਨ ਉਸ ਨੂੰ ਪੱਗ ਜਾਂ ਪੱਗੜੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਹਰ ਸਿੱਖ ਨੂੰ ਦਸਤਾਰ ਦੇ ਹੇਠਾਂ ਕੇਸਾਂ ਨੂੰ ਸੰਭਾਲ ਕੇ ਰੱਖਣ ਲਈ ਘੱਟੋ-ਘੱਟ ਦੋ ਜਾਂ ਤਿੰਨ ਮੀਟਰ ਦਾ ਕੱਪੜਾ ਕੇਸਕੀ ਦੇ ਰੂਪ ਵਿੱਚ ਬੰਨ੍ਹਣ ਦਾ ਵੀ ਹੁਕਮ ਹੈ।

ਸਿੱਖ ਗੁਰੂਆਂ ਤੋਂ ਬਾਅਦ ਅਜੋਕੇ ਸਮੇਂ ਤੱਕ ਦਾ ਜੇ ਸਿੱਖ ਇਤਿਹਾਸ ਘੋਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਸਿੱਖ ਧਰਮ ਦੀਆਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ,ਜਰਨੈਲਾਂ,ਯੋਧਿਆਂ ਅਤੇ ਧਾਰਮਿਕ ਤੇ ਰਾਜਨੀਤਿਕ ਸਿੱਖ ਲੀਡਰਾਂ ਨੇ ਦਸਤਾਰ ਸਜਾਈ ਹੈ ਅਤੇ ਇਸ ਦਸਤਾਰ ਦੀ ਸ਼ਾਨ ਅਤੇ ਸਿੱਖਾਂ ਦੇ ਅਣਖੀਲੇ ਤੇ ਜੁਝਾਰੂ ਰੁਤਬੇ ਨੂੰ ਕਾਇਮ ਰੱਖਣ ਲਈ ਸਮੇਂ-ਸਮੇਂ ਤੇ ਜ਼ਾਬਰ ਹਕੂਮਤ ਨਾਲ ਲੜਾਈ ਲੜੀ ਹੈ। ਆਧੁਨਿਕ ਯੁੱਗ ਵਿੱਚ ਵੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਉੱਥੋਂ ਦੀਆਂ ਸਰਕਾਰਾਂ ਕਾਨੂੰਨੀ ਤੌਰ ਤੇ ਦਸਤਾਰ ਬੰਨ੍ਹਣ ਦੀ ਮਾਨਤਾ ਨਹੀਂ ਦੇ ਰਹੀਆਂ ਹਨ ਜਿਸ ਕਰਕੇ ਤਕਰੀਬਨ ਬਹੁਤੇ ਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੂੰ ਆਪਣੀ ਦਸਤਾਰ ਬੰਨ੍ਹਣ ਦੇ ਹੱਕ ਲਈ ਕਾਨੂੰਨੀ ਲੜਾਈ ਲੜਨੀ ਪੈ ਰਹੀ ਹੈ।

ਵਿਦੇਸ਼ੀ ਮੁਲਕਾਂ ਅਮਰੀਕਾ,ਕੈਨੇਡਾ,ਆਸਟ੍ਰੇਲੀਆ ਅਤੇ ਹੋਰ ਬਹੁਤ ਸਾਰੇ ਮੁਲਕਾਂ ਵਿੱਚ ਸਿੱਖਾਂ ਨੂੰ ਕਾਨੂੰਨੀ ਤੌਰ ਤੇ ਦਸਤਾਰ ਬੰਨ੍ਹਣ ਦਾ ਹੱਕ ਵੀ ਹਾਸਿਲ ਹੈ। ਸਿੱਖਾਂ ਨੇ ਆਪਣੀ ਯੋਗਤਾ ਸੁਹਜ ਅਤੇ ਦੂਰ ਅੰਦੇਸ਼ੀ ਨਾਲ ਕਈ ਵਿਦੇਸ਼ੀ ਮੁਲਕਾਂ ਵਿੱਚ ਉੱਥੋਂ ਦੀ ਸਿਆਸਤ ਅਤੇ ਪ੍ਰਸ਼ਾਸਨਿਕ ਅਹੁਦਿਆਂ ਉੱਪਰ ਵੀ ਮਾਣਯੋਗ ਸਥਾਨ ਹਾਸਲ ਕੀਤੇ ਹਨ ਅਤੇ ਅਜਿਹੇ ਵਿਸ਼ੇਸ਼ ਅਹੁਦੇ ਹਾਸਲ ਕਰਨ ਵਾਲੇ ਬਹੁਤਾ ਕਰਕੇ ਪੱਗੜੀਧਾਰੀ ਸਿੱਖ ਹੀ ਹਨ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਹੋਵੇ ਜਾਂ ਫਿਰ ਬਰਤਾਨਵੀ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਹੋਵੇ ਜਾਂ ਫਿਰ ਕੈਨੇਡਾ ਦੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਦਾ ਜਗਮੀਤ ਸਿੰਘ ਹੀ ਕਿਉਂ ਨਾ ਹੋਵੇ ਇਹ ਸਭ ਦਸਤਾਰਧਾਰੀ ਸਾਬਤ ਸੂਰਤ ਸਿੱਖ ਹਨ।

ਦਸਤਾਰ ਪੰਜਾਬੀ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਵੀ ਹੈ ਕਿਉਂਕਿ ਪੰਜਾਬੀ ਲੋਕਾਂ ਦੀ ਪਛਾਣ ਤਾਂ ਪੱਗੜੀ ਤੋਂ ਹੀ ਹੁੰਦੀ ਹੈ। ਪੰਜਾਬੀ ਬੰਦਾ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਸਿਰ ਉੱਪਰ ਬੰਨ੍ਹੀ ਪੱਗ ਨਾਲ ਦੂਰੋਂ ਹੀ ਪਹਿਚਾਣਿਆ ਜਾ ਸਕਦਾ ਹੈ। ਸੱਭਿਆਚਾਰਕ ਪੱਖ ਤੋਂ ਵੀ ਦਸਤਾਰ ਨੂੰ ਵਿਸ਼ੇਸ਼ ਰੁਤਬਾ ਹਾਸਲ ਹੈ ਜਿਸ ਦਾ ਸੰਬੰਧ ਸਮਾਜਿਕ ਮਾਣ ਇੱਜ਼ਤ ਅਤੇ ਵਿਸ਼ੇਸ਼ ਸਮਾਜਿਕ ਰੁਤਬੇ ਨਾਲ ਹੈ। ਪੰਜਾਬੀ ਸਮਾਜ ਵਿੱਚ ਪੱਗ ਬਾਪ ਦੀ ਇੱਜ਼ਤ ਨੂੰ ਦਰਸਾਉਂਦੀ ਹੈ ਅਤੇ ਧੀ,ਪੁੱਤ ਦੁਆਰਾ ਸਮਾਜਿਕ ਮਾਣ ਮਰਿਆਦਾ ਵਿੱਚ ਰਹਿ ਕੇ ਆਪਣੇ ਪਿਓ ਦੀ ਪੱਗ ਨੂੰ ਕਿਸੇ ਦਾਗ ਤੋਂ ਬਚਾਉਣ ਲਈ ਪਿਓ ਦੁਆਰਾ ਆਪਣੇ ਬੱਚਿਆਂ ਨੂੰ ਆਪਣੀ ਪੱਗ ਦਾ ਵਾਸਤਾ ਪਾਇਆ ਜਾਂਦਾ ਹੈ।

ਪੰਜਾਬੀ ਸਮਾਜ ਵਿੱਚ ਵਿਆਹ ਦੀ ਰਸਮ ਵੇਲੇ ਮੁੰਡੇ ਦੇ ਵਿਆਹ ਵਾਲੇ ਦਿਨ ਪੱਗ ਬੰਨ੍ਹ ਕੇ ਸਿਹਰਾ ਤੇ ਕਲਗੀ ਲਗਾਈ ਜਾਂਦੀ ਹੈ ਕਿਉਂਕਿ ਪੱਗ ਪੰਜਾਬੀਆਂ ਦੀ ਇੱਜ਼ਤ,ਮਾਣ,ਅਣਖ ਅਤੇ ਧਾਰਮਿਕ ਚਿੰਨ੍ਹ ਦਾ ਪ੍ਰਤੀਕ ਹੈ। ਪੰਜਾਬੀ ਸਮਾਜ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਣ ਉਪਰੰਤ ਉਸ ਦੇ ਜੇਠੇ ਪੁੱਤਰ ਨੂੰ ਪਿਓ ਦੀ ਪੱਗ ਬੰਨ੍ਹ ਕੇ ਘਰ ਦੇ ਮੋਹਰੀ ਦਾ ਦਰਜਾ ਦੇ ਕੇ ਸਮੁੱਚੇ ਘਰ ਦੀ ਅਗਾਊਂ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ।

ਪੰਜਾਬੀ ਸੱਭਿਆਚਾਰ ਵਿੱਚ ਪੁਰਾਣੇ ਸਮਿਆਂ ਤੋਂ ਪੱਗ ਵਟਾਉਣ ਦੇ ਰਿਵਾਜ਼ ਦੀ ਪ੍ਰਥਾ ਵੀ ਚੱਲੀ ਆ ਰਹੀ ਹੈ ਜਿਸ ਦੇ ਤਹਿਤ ਦੋ ਆਦਮੀ ਜਿਨ੍ਹਾਂ ਵਿੱਚ ਆਪਸੀ ਪ੍ਰੇਮ-ਪਿਆਰ ਦੀ ਭਾਵਨਾ ਪ੍ਰਬਲ ਹੋਵੇ ਉਹ ਆਪਣੇ ਸਿਰ ਦੀ ਪੱਗ ਆਪਸ ਵਿੱਚ ਵਟਾਉਂਦੇ ਸਨ ਅਤੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਪੱਗਵੱਟ ਭਰਾਵਾਂ ਭਾਵ ਕਿ ਸਕੇ ਭਰਾਵਾਂ ਜਾਂ ਭਰਾਤਰੀ ਭਾਵ ਵਾਲਾ ਰਿਸ਼ਤਾ ਬਣ ਜਾਂਦਾ ਹੈ ਜਿਸ ਦੇ ਸਦਕੇ ਉਨ੍ਹਾਂ ਦੇ ਪਰਿਵਾਰਾਂ ਵਾਲੇ ਗੂੜ੍ਹੇ ਸੰਬੰਧ ਸਥਾਪਿਤ ਹੋ ਜਾਂਦੇ ਹਨ। ਪੱਗ ਵਿਅਕਤੀ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦੀ ਹੈ।

ਪੰਜਾਬੀ ਸਮਾਜ ਵਿੱਚ ਘਰ ਦਾ ਮੋਹਰੀ ਬੰਦਾ ਪੱਗ ਜ਼ਰੂਰ ਬੰਨ੍ਹਦਾ ਹੈ। ਪੰਜਾਬੀ,ਪੰਜਾਬੀਅਤ ਅਤੇ ਪੰਜਾਬੀ ਕੌਮ ਦਾ ਮਾਣ ਹੈ ਪੱਗ ਅਤੇ ਪੱਗ ਦੁਆਰਾ ਹੀ ਇਸ ਜੱਗ ਉੱਤੇ ਸਰਦਾਰੀ ਜਿਉਂਦੀ ਰਹਿੰਦੀ ਹੈ। ਪੱਗ ਬੰਨ੍ਹਣ ਤੋਂ ਬਿਨਾਂ ਕੋਈ ਬੰਦਾ ਸਰਦਾਰ ਨਹੀਂ ਅਖਵਾ ਸਕਦਾ। ਚਾਹੇ ਕੋਈ ਵਿਅਕਤੀ ਕੇਸ ਕਤਲ ਕਰਵਾਉਂਦਾ ਹੋਵੇ ਪਰ ਸਿਰ ਉੱਪਰ ਪੱਗ ਬੰਨ੍ਹਣ ਕਰਕੇ ਕੋਈ ਦੂਸਰਾ ਵਿਅਕਤੀ ਉਸ ਨੂੰ ਸਰਦਾਰ ਜੀ ਕਹਿ ਕੇ ਹੀ ਸੰਬੋਧਿਤ ਕਰੇਗਾ।

ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦੌਰਾਨ ਵੀ ਅੰਗਰੇਜ਼ੀ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਸਿੱਖਾਂ ਨੇ ਲੜਾਈਆਂ ਲੜੀਆਂ ਹਨ। ਅੰਗਰੇਜ਼ੀ ਫੌਜ ਵਿੱਚ ਸਿੱਖ ਰੈਜੀਮੈਂਟ ਅਧੀਨ ਸਿੱਖਾਂ ਦੀ ਇੱਕ ਵਿਸ਼ੇਸ਼ ਟੁਕੜੀ ਫੌਜ ਦਾ ਹਿੱਸਾ ਬਣੀ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਿੱਖ ਰੈਜੀਮੈਂਟ ਦੇ ਸਾਰੇ ਜਵਾਨ ਸ਼ਸਤਰਧਾਰੀ ਹੋਣ ਦੇ ਨਾਲ ਦਸਤਾਰਧਾਰੀ ਵੀ ਸਨ। ਬਹੁਤੇ ਸਿੱਖ ਅੰਮ੍ਰਿਤਧਾਰੀ ਵੀ ਸਨ ਜਿਨ੍ਹਾਂ ਨੇ ਯੁੱਧ ਦੇ ਦੌਰਾਨ ਵੀ ਸਿੱਖੀ ਰਹਿਤ ਮਰਿਆਦਾ ਨੂੰ ਤੋੜ ਨਿਬਾਹਿਆ। ਬਹੁਤੇ ਅੰਗਰੇਜ਼ੀ ਲੋਕ ਬ੍ਰਿਟਿਸ਼ ਫੌਜ ਦੇ ਸਿੱਖ ਫੌਜੀਆਂ ਵਿਸ਼ੇਸ਼ ਸਨਮਾਨ ਦਿੰਦੇ ਸਨ ਅਤੇ ਉਹ ਇਨ੍ਹਾਂ ਦੇ ਪਹਿਰਾਵੇ ਅਤੇ ਬਹਾਦਰੀ ਦੇ ਕਾਇਲ ਸਨ।

ਸੋ ਅਸੀਂ ਦੇਖ ਸਕਦੇ ਹਾਂ ਕਿ ਚਾਹੇ ਭਗਤੀ ਕਾਲ ਹੋਵੇ ਚਾਹੇ ਅੰਗਰੇਜ਼ੀ ਰਾਜ ਦਾ ਕਾਲ ਹੋਵੇ ਅਤੇ ਚਾਹੇ ਮੁਗਲੀਆ ਹਕੂਮਤ ਦਾ ਕਾਲ ਹੋਵੇ ਦਸਤਾਰ ਦਾ ਇਤਿਹਾਸ ਹਮੇਸ਼ਾਂ ਹੀ ਚੜ੍ਹਦੀਕਲਾ ਵਾਲਾ ਰਿਹਾ ਹੈ। ਸਿੱਖ ਕੌਮ ਦੇ ਮਹਾਨ ਸੂਰਬੀਰਾਂ,ਜਰਨੈਲਾਂ,ਕੌਮ ਦੇ ਮਹਾਨ ਵਿਦਵਾਨਾਂ,ਸਿੱਖ ਰਾਜਨੀਤਿਕ ਲੀਡਰਾਂ ਆਦਿ ਸਭ ਨੇ ਹੀ ਦਸਤਾਰ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਿਆ ਹੈ ਅਤੇ ਇਸ ਤਾਜ ਦੀ ਖਾਤਰ ਅਤੇ ਧਰਮ ਖਾਤਰ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਮੱਥਾ ਵੀ ਲਾਇਆ ਹੈ। ਇਹੀ ਕਾਰਨ ਹੈ ਕਿ ਅੱਜ ਸਾਡੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਸੋਂਹਦੀਆਂ ਦਿਸਦੀਆਂ ਹਨ।

ਇਸੇ ਮਾਣ ਮਰਿਆਦਾ ਅਤੇ ਰਹਿਤ ਮਰਿਆਦਾ ਅਤੇ ਦਸਤਾਰ ਬੰਨ੍ਹਣ ਦੀ ਪ੍ਰੰਪਰਾ ਨੂੰ ਚਿਰੰਜੀਵੀ ਰੱਖਣ ਲਈ ਕੁਝ ਸਾਲ ਪਹਿਲਾਂ ਸਿੱਖ ਭਾਈਚਾਰੇ ਵੱਲੋਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦਿਵਸ ਦੇ ਅਵਸਰ ਤੇ ਵਿਸ਼ਵ ਦਸਤਾਰ ਦਿਵਸ ਮਨਾਉਣ ਦੀ ਪ੍ਰੰਪਰਾ ਆਰੰਭੀ ਗਈ ਸੀ ਜਿਸ ਦੇ ਤਹਿਤ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਦਸਤਾਰ ਦੀ ਅਹਿਮੀਅਤ,ਦਸਤਾਰ ਦੀ ਪ੍ਰੰਪਰਾ,ਦਸਤਾਰ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਜਾਂਦਾ ਹੈ। ਸਿੱਖ ਨੌਜਵਾਨਾਂ ਅੰਦਰ ਦਸਤਾਰ ਬੰਨ੍ਹਣ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਦੇਸ਼ ਵਿਦੇਸ਼ ਦੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਥਾਨਾਂ ਉੱਪਰ ਦਸਤਾਰ ਸਿਖਲਾਈ ਕੈਂਪ ਲਗਾਏ ਜਾਂਦੇ ਹਨ।

ਇਨ੍ਹਾਂ ਕੈਂਪਾਂ ਵਿੱਚ ਜਿੱਥੇ ਦਸਤਾਰ ਬੰਨ੍ਹਣ ਦੀ ਪ੍ਰੇਰਣਾ ਅਤੇ ਸਿਖਲਾਈ ਦਿੱਤੀ ਜਾਂਦੀ ਹੈ ਉੱਥੇ ਹੀ ਬਿਨਾਂ ਕਿਸੇ ਕੀਮਤ ਤੋਂ ਪੱਗਾਂ ਦੀ ਨਿਸ਼ਕਾਮ ਸੇਵਾ ਵੀ ਸਿੱਖ ਵੀਰਾਂ ਵੱਲੋਂ ਬਾਖੂਬੀ ਨਿਭਾਈ ਜਾ ਰਹੀ ਹੈ। ਅਜੋਕੇ ਸਮੇਂ ਵਿੱਚ ਸਿੱਖਾਂ ਨੂੰ ਸਿੱਖੀ ਨਾਲ ਅਤੇ ਦਸਤਾਰ ਨਾਲ ਪ੍ਰੇਮ ਪੈਦਾ ਕਰਨ ਲਈ ਵੱਖ ਵੱਖ ਸੰਸਥਾਵਾਂ ਵੱਲੋਂ ਦਸਤਾਰ ਦੀ ਅਹਿਮੀਅਤ ਸੰਬੰਧੀ ਲਿਟਰੇਚਰ ਛਾਪਿਆ ਜਾ ਰਿਹਾ ਹੈ ਅਤੇ ਵੰਡਿਆ ਜਾ ਰਿਹਾ ਹੈ। ਕਈ ਰਾਗੀ,ਕਵੀਸ਼ਰੀ ਅਤੇ ਢਾਡੀ ਜਥਿਆਂ ਵੱਲੋਂ ਦਸਤਾਰਾਂ ਨੂੰ ਪ੍ਰਮੋਟ ਕਰਨ ਅਤੇ ਦਸਤਾਰ ਦੀ ਅਹਿਮੀਅਤ ਦਰਸਾਉਂਦੀਆਂ ਕਵਿਤਾਵਾਂ ਅਤੇ ਕਵੀਸ਼ਰੀਆਂ ਵੀ ਗਾਈਆਂ ਜਾ ਰਹੀਆਂ ਹਨ।

ਇੰਸ.ਗੁਰਪ੍ਰੀਤ ਸਿੰਘ ਚੰਬਲ

ਜ਼ਿਲ੍ਹਾ ਸੈਨਿਕ ਬੋਰਡ,ਪਟਿਆਲਾ

ਸੰਪਰਕ ਨੰਬਰ: 98881-40052

ਈਮੇਲ:- [email protected]  

Previous articleIran to hold run-off parliamentary elections on Sept 11
Next articleਮਹਾਰਾਣੀ ਐਲਿਜ਼ਾਬੈੱਥ ਸਕਾਟਲੈਂਡ ਦੇ ਬਲਮੋਰਲ ਕੈਸਲ ਵਿਚ ਗਰਮੀਆਂ ਦੀਆਂ ਛੁੱਟੀਆਂ ਕੱਟਣ ਪਹੁੰਚੀ