ਦਰੱਖਤ ਕੱਟਣ ’ਤੇ ਰੋਕ, ਮੈਟਰੋ ਸ਼ੈੱਡ ਪ੍ਰਾਜੈਕਟ ’ਤੇ ਨਹੀਂ: ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਮੁੰਬਈ ਦੀ ਆਰੇ ਕਾਲੋਨੀ ਵਿਚ ਮੈਟਰੋ ਕਾਰ ਸ਼ੈੱਡ ਉਸਾਰਨ ’ਤੇ ਕੋਈ ਰੋਕ ਨਹੀਂ ਲਾਈ ਗਈ ਹੈ। ਸਿਖ਼ਰਲੀ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਸਬੰਧੀ ਹੁਕਮ ਸਿਰਫ਼ ਦਰੱਖਤ ਕੱਟੇ ਜਾਣ ਬਾਰੇ ਹਨ। ਸੁਪਰੀਮ ਕੋਰਟ ਨੇ ਮੁੰਬਈ ਨਗਰ ਨਿਗਮ ਨੂੰ ਕੱਟੇ ਗਏ ਰੁੱਖਾਂ ਦੀ ਗਿਣਤੀ ਬਾਰੇ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਅਦਾਲਤ ਨੇ ਨਿਗਮ ਨੂੰ ਇਹ ਵੀ ਪੁੱਛਿਆ ਹੈ ਕਿ ਹਰਿਆਲੀ ਵਾਲੇ ਇਸ ਅਹਿਮ ਇਲਾਕੇ ਵਿਚ ਜੰਗਲਾਤ ਦੇ ਘਟਣ ਤੇ ਨਵੇਂ ਬੂਟੇ ਲਾਏ ਜਾਣ ਬਾਰੇ ਕੀ ਕਦਮ ਚੁੱਕੇ ਗਏ ਹਨ। ਨਿਗਮ ਵੱਲੋਂ ਪੇਸ਼ ਹੋਏ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਦਾਲਤੀ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਕੋਈ ਦਰੱਖਤ ਨਹੀਂ ਕੱਟਿਆ ਗਿਆ ਹੈ। ਪਟੀਸ਼ਨਕਰਤਾਵਾਂ ਦੇ ਵਕੀਲ ਨੇ ਦੋਸ਼ ਲਾਇਆ ਕਿ ਰੁੱਖ ਚੁੱਕਣ ਬਹਾਨੇ ਪ੍ਰਾਜੈਕਟ ਦਾ ਕੰਮ ਜਾਰੀ ਰੱਖਿਆ ਜਾ ਰਿਹਾ ਹੈ। ਇਸ ’ਤੇ ਅਦਾਲਤ ਨੇ ਕਿਹਾ ਕਿ ਸ਼ੈੱਡ ਪ੍ਰਾਜੈਕਟ ਉੱਤੇ ਕੋਈ ਰੋਕ ਨਹੀਂ ਹੈ ਪਰ ਅਗਲੇ ਹੁਕਮਾਂ ਤੱਕ ਦਰੱਖਤ ਕੱਟਣ ’ਤੇ ਰੋਕ ਜਾਰੀ ਰਹੇਗੀ। ਵਕੀਲ ਮਹਿਤਾ ਨੇ ਪਟੀਸ਼ਨਾਂ ਦਾ ਜਵਾਬ ਦਾਖ਼ਲ ਕਰਨ ਲਈ ਅਦਾਲਤ ਕੋਲੋਂ ਸਮਾਂ ਮੰਗਿਆ ਹੈ।
ਇਸ ਤੋਂ ਇਲਾਵਾ ਮੁੰਬਈ ਮੈਟਰੋ ਅਥਾਰਿਟੀ ਕੋਲੋਂ ਵੀ ਕੁਝ ਜਵਾਬ ਮੰਗੇ ਗਏ ਹਨ ਤੇ ਇਲਾਕੇ ਵਿਚਲੇ ਦਰੱਖਤਾਂ ਦੀਆਂ ਫੋਟੋਆਂ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ।

Previous articleਐਗਜ਼ਿਟ ਪੋਲ: ਭਾਜਪਾ ਦੀ ਜਿੱਤ ਦੇ ਅਨੁਮਾਨ
Next articleਪਾਕਿ ਨੂੰ ਠੋਕਵਾਂ ਜਵਾਬ ਦੇਵੇਗੀ ਥਲ ਸੈਨਾ: ਰਾਜਨਾਥ