ਕਰੋਨਾਵਾਇਰਸ ਤੋਂ ਬਚਾਅ ਲਈ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਜਨਤਾ ਕਰਫਿਊ ਦੌਰਾਨ ਭਾਵੇਂ ਸਭ ਕੁਝ ਬੰਦ ਰਿਹਾ ਪਰ ਸ੍ਰੀ ਦਰਬਾਰ ਸਾਹਿਬ ਵਿੱਚ ਆਮ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਗੁਰਬਾਣੀ ਦੇ ਕੀਰਤਨ ਦਾ ਸਾਰਾ ਦਿਨ ਪ੍ਰਵਾਹ ਸਾਰਾ ਦਿਨ ਚੱਲਿਆ ਹੈ। ਅੱਜ ਸੜਕੀ, ਰੇਲ ਅਤੇ ਹਵਾਈ ਆਵਾਜਾਈ ਮੁਕੰਮਲ ਬੰਦ ਹੋਣ ਕਾਰਨ ਸ਼ਰਧਾਲੂ ਨਹੀਂ ਪੁੱਜੇ ਪਰ ਗੁਰੂ ਘਰ ਵਿੱਚ ਤੜਕਸਾਰ ਤੋਂ ਕਿਵਾੜ ਖੁੱਲ੍ਹਣ ਮਗਰੋਂ ਸਾਰੀ ਮਰਿਆਦਾ ਆਮ ਵਾਂਗ ਚੱਲੀ। ਰਾਗੀ ਜੱਥਿਆਂ ਨੇ ਕੀਰਤਨ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਗੁਰੂ ਘਰ ਦੇ ਦੁਆਰ ਖੁੱਲ੍ਹੇ ਰੱਖੇ ਗਏ ਹਨ, ਤਾਂ ਜੋ ਸੰਗਤ ਇਸ ਔਖੇ ਸਮੇਂ ਵਿੱਚ ਗੁਰੂ ਘਰ ਅਰਦਾਸ ਕਰ ਸਕੇ। ਪੂਰੀ ਮਰਿਆਦਾ ਪਹਿਲਾਂ ਵਾਂਗ ਹੀ ਬਹਾਲ ਰੱਖੀ ਗਈ ਹੈ। ਜਨਤਾ ਕਰਫਿਊ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਘੱਟੋ ਘੱਟ ਅਮਲਾ ਡਿਊਟੀ ’ਤੇ ਸੱਦਿਆ ਗਿਆ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਮੁਕੰਮਲ ਬੰਦ ਰਹੇ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਗੁਰੂ ਘਰ ਵਿੱਚ ਕੀਤੇ ਜਾਂਦੇ ਗੁਰਬਾਣੀ ਦੇ ਕੀਰਤਨ ਨਾਲ ਜੋੜੀ ਰੱਖਣ ਲਈ ਟੀਵੀ ਚੈਨਲ ਤੋਂ ਸਿੱਧਾ ਪ੍ਰਸਾਰਨ ਸਾਰਾ ਦਿਨ ਜਾਰੀ ਰੱਖਿਆ ਗਿਆ ਹੈ। ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦਾਂ ਵਿਖੇ ਵੀ ਮਰਿਆਦਾ ਕਾਇਮ ਰੱਖੀ ਗਈ ਹੈ। ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੰਗਤ ਲਈ ਲੰਗਰ ਤਿਆਰ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਅੱਜ ਸੰਗਤ ਦੀ ਗਿਣਤੀ ਵਧੇਰੇ ਘੱਟ ਰਹੀ। ਸਰਾਵਾਂ ਵਿੱਚ ਵੀ ਸੰਗਤ ਨਾਂ ਮਾਤਰ ਰਹੀ ਹੈ। ਵਿਰਾਸਤੀ ਗਲੀ, ਜੋ ਰੋਜ਼ਾਨਾ ਯਾਤਰੂਆਂ ਨਾਲ ਭਰੀ ਦਿਖਾਈ ਦਿੰਦੀ ਸੀ, ’ਚ ਅੱਜ ਸੁੰਨਸਾਨ ਰਹੀ। ਇਥੇ ਰੈਸਟੋਰੈਂਟ ਅਤੇ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਮੁਕੰਮਲ ਬੰਦ ਰਹੀਆਂ।
INDIA ਦਰਬਾਰ ਸਾਹਿਬ ਸਮੂਹ ’ਚ ਜਾਰੀ ਰਿਹਾ ਗੁਰਬਾਣੀ ਕੀਰਤਨ ਦਾ ਪ੍ਰਵਾਹ