(ਸਮਾਜ ਵੀਕਲੀ)
ਜਾਦੂ ਅਤੇ ਕਲਾ ਉਹ ਹੁੰਦੇ ਹਨ ਜੋ ਸਿਰ ਚੜ੍ਹਕੇ ਬੋਲਣ, ਜਿਹਨਾ ਨੂੰ ਸੁਣ ਤੇ ਦੇਖ ਲੋਕ ਅੱਛ ਅੱਛ ਕਰ ਉਠਣ ਤੇ ਜਾਂ ਫੇਰ ਦੰਦਾਂ ਹੇਠ ਉਂਗਲ ਦਬਾਉੰਣ ਵਾਸਤੇ ਮਜਬੂਰ ਹੋ ਜਾਣ । ਕਲਾ ਕੁਦਰਤ ਦੀ ਦਾਤ ਵੀ ਹੋ ਸਕਦੀ ਤੇ ਕਮਾਈ ਹੋਈ ਵੀ ਹੋ ਸਕਦੀ ਹੈ, ਪਰ ਇਕ ਗੱਲ ਪੂਰੇ ਯਕੀਨ ਨਾਲ ਕਹੀ ਚਾ ਸਕਦੀ ਹੈ ਕਿ ਧਰਤੀ ਦੇ ਹਰ ਜੀਵ ਕੋਲ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ, ਹਾਂ ! ਇਹ ਵੱਖਰੀ ਗੱਲ ਹੈ ਕਿ ਕੋਈ ਆਪਣੇ ਅੰਦਰਲੀ ਕਲਾ ਨੂੰ ਪਹਿਚਾਣ ਕੇ ਉਸ ਨੂੰ ਆਪਣੀ ਮਿਹਨਤ ਨਾਲ ਹੋਰ ਨਿਖਾਰ ਲੈਂਦਾ ਹੈ ਕੇ ਕਈਆਂ ਦੇ ਅੰਦਰਲੀ ਕਲਾ ਉਹਨਾਂ ਦੀ ਆਲਸ ਕਾਰਨ ਸਾਰੀ ਉਮਰ ਉਹਨਾ ਦੇ ਅੰਦਰ ਹੀ ਉਸਲ਼ਵੱਟੇ ਭੰਨਦੀ ਹੋਈ ਦਮ ਤੋੜ ਜਾਂਦੀ ਹੈ ।ਕਲਾ ਦਿਲ ਦਾ ਵਿਸ਼ਾ ਹੁੰਦੀ ਹੈ, ਜੇਕਰ ਇਸ ਨੂੰ ਦਿਮਾਗ ਦਾ ਵਿਸ਼ਾ ਬਣਾ ਲਿਆ ਜਾਵੇ ਤਾਂ ਕਿਸੇ ਕਲਾਕਾਰ ਨੂੰ ਕਦੇ ਵੀ ਅੱਗੇ ਨਹੀਂ ਵਧਣ ਦੇਂਦੀ ਤੇ ਉਸ ਦੇ ਅੰਦਰ ਹੰਕਾਰ ਪੈਦਾ ਕਰਕੇ ਉਸਦੇ ਪੱਤਂਨ ਦਾ ਕਾਰਨ ਬਣ ਜਾਂਦੀ ਹੈ ।
ਪਿਛਲੇ ਕੁੱਜ ਕੁ ਮਹੀਨਿਆਂ ਤੋਂ ਪੰਜਾਬ ਦੇ ਕਲਾਕਾਰਾਂ ਦੀ ਬੁੱਧੀ ਨੂੰ ਗ੍ਰਹਿਣ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ । ਗੁਰਦਾਸ ਮਾਨ ਵਰਗੇ ਵਧੀਆ ਲਿਖਾਰੀ ਤੇ ਗਾਇਕ ਨੇ ਆਪਣੀ ਮਾਂ ਬੇਲੀ ਦੀ ਕਈ ਦਹਾਕੇ ਕਮਾਈ ਖਾਣ ਦੇ ਬਾਦ ਵਿੱਚ ਮਾਸੀ ਨੂੰ ਮਾਂ ਬਣਾਉਣ ਦੇ ਚੱਕਰ ਵਿੱਚ ਆਪਣੇ ਪਿਛਵਾੜੇ ਬੱਤੀ ਲੈਣ ਦੇ ਤਜਰਬਿਆਂ ਦੀ ਗੱਲ ਸਾਂਝੀ ਕਰਕੇ ਆਪਣੀ ਮਿੱਟੀ ਪੁਲੀਤ ਕਰਵਾ ਲਈ ਤੇ ਆਪਣੇ ਸਫਲਤਾ ਦੇ ਮੁਕਾਮ ਚ ਮੁੜ ਹੀਰੋ ਤੋਂ ਜੀਰੋ ਬਣ ਗਿਆ ।
ਦਲਜੀਤ ਦੁਸਾਂਝ ਨੇ ਆਪਣੇ ਇਕ ਗੀਤ ਚ ਮਾਈ ਭਾਗੋ ਦੀ ਤੁਲਣਾ ਇਕ ਅਧੁਨਿਕ ਮੁਟਿਆਰ ਨਾਲ ਕਰਕੇ ਇਤਿਹਾਸ ਤੇ ਵਿਰਸੇ ਤੋਂ ਪੈਦਲ ਹੋਣ ਦਾ ਸਬੂਤ ਦੇ ਕੇ ਤੌਏ ਤੌਏ ਕਰਵਾਈ ਤੇ ਫਿਰ ਮੁਆਫੀ ਮੰਗ ਲਈ।
ਪਿਛੇ ਜਿਹੇ ਜਸਵੀਰ ਜੱਸੀ ਨੇ ਬਾਬਾ ਗੁਰੂ ਨਾਨਕ ਦੇਵ ਨੂੰ ਕੋਰੋਨਾ ਵਾਸਤੇ ਜਿੰਮੇਵਾਰ ਠਹਿਰਾ ਕੇ ਬਥੇਰੀ ਕੁਤੇਖਾਣੀ ਕਰਵਾਈ ਤੇ ਬਾਅਦ ਚ ਭੁੱਲ ਬਖਸ਼ਾ ਲਈ ।
ਕੁਜ ਕੁ ਸਮਾ ਪਹਿਲਾ ਪੰਜਾਬੀ ਦੋ ਅਖੌਤੀ ਲੇਖਿਕਾਂ (ਜਿਹਨਾ ਚੋ ਇਕ ਕਵਿੱਤਰੀ ਸੀ ਤੇ ਇਕ ਕਵੀਜਨ ) ਨੇ ਪੰਜਾਬੀਆ ਤੋ ਕਾਫੀ ਗਾਲਾਂ ਖਾਣ ਤੋ ਬਾਅਦ ਕਵਿੱਤਰੀ ਨੇ ਤਾਂ ਮੁਆਫੀ ਮੰਗ ਲਈ ਸੀ ਜਦ ਕਿ ਕਵੀਜਨ ਦੀ ਅਨੰਦਪੁਰ ਸਾਹਿਬ ਵਵਿਖੇ ਕਾਫੀ ਗਿੱਦੜਕੁਟ ਕਰਕੇ ਭੁਗਤ ਸਵਾਰੀ ਗਈ ਸੀ ।
ਹੁਣ ਆਹ ਇਕ ਨਵਾਂ ਛੋਕਰਾ ਉਠਿਆ ਹੈ, ਜੋ ਅਕਲੋ ਤੇ ਸ਼ਕਲੋ ਦੋਨੇ ਤਰਾਂ ਪੈਦਲ ਹੈ । ਸਿੱਧੂ ਮੂਸੇ ਵਾਲਾ ਨਾਮ ਦਾ ਇਹ ਨੌਜਵਾਨ ਨਿਤ ਦਿਨ ਕੋਈ ਨ ਕੋਈ ਕੋਈ ਨਵਾਂ ਵਾਦ ਵਿਵਾਦ ਛੇੜਦਾ ਹੈ । ਇਸ ਦੇ ਗੀਤਾਂ ਚ ਕੋਈ ਸੱਭਿਆਚਾਰ ਜਾਂ ਵਿਰਸੇ ਦੀ ਕੋਈ ਰੰਗਣ ਨਹੀ ਹੁੰਦੀ ਸਿਰਫ ਆਪਣੇ ਗੀਤਾਂ ਚ ਆਪਣੀ ਮੈਂ ਨੂੰ ਹੀ ਪੱਠੇ ਪਾਉਣ ‘ਤੇ ਜ਼ੋਰ ਦਿੰਦਾ ਹੈ ਜਾਂ ਹਥਿਆਰਾਂ ਨੂੰ ਪਰੋਮੋਟ ਕਰਦਾ ਹੈ । ਬੇਸ਼ਕ ਇਸ ਗਾਇਕ ਦੇ ਕਾਫੀ ਵੱਡੀ ਸੰਖਿਆ ਵਿਚ ਫੈਨ ਹਨ, ਪਰ ਇਸ ਦੇ ਗੀਤਾਂ ਦਾ ਵਿਰਸਾਗਤ ਮਹੱਤਵ ਜੀਰੋ ਹੈ । ਇਸ ਦੁਆਰਾ ਬਹੁਤੇ ਗੀਤ ਪੰਜਾਬ ਵਿਚ ਪੰਜਾਬ ਪੁਲਿਸ ਦੀ ਸਰਪਰਸਤੀ ਹੇਠ ਚਿੱਟੇ ਦਿਨ ਬਦਮਾਸੀ ਟਾਈਪ ਗੈਂਗਸਟਰ ਕਲਚਰ ਨੂੰ ਉਤਸ਼ਾਹਤ ਕਰ ਰਹੇ ਹਨ । ਆਪਣੇ ਆਪ ਨੂੰ ਹਿੰਦੀ ਫਿਲਮ ਐਕਟਰ ਸੰਜੇ ਦੱਤ ਸਮਝਣ ਵਾਲਾ ਇਹ ਗਾਇਕ ਮੀਡੀਏ ਵਾਲਿਆ ਨੂੰ ਵੀ ਆਏ ਦਿਨ ਸ਼ਰੇਆਮ ਗਿੱਦੜ ਧਮਕੀਆਂ ਤੇ ਭਬਕੀਆਂ ਦੇਂਦਾ ਰਹਿੰਦਾ ਹੈ ।
ਸਿੱਧੂ ਮੂਸੇ ਵਾਲਾ ਸੰਗੀਤ ਸੱਨਅਤ ਦੇ ਦੂਸਰੇ ਬਹੁਤੇ ਕਲਾਕਾਰਾ ਨੂੰ ਟਿਚ ਕਰਕੇ ਜਾਣਦਾ ਹੈ । ਇਸ ਤਰਾਂ ਲਗਦੈ ਕਿ ਸ਼ੋਹਰਤ ਉਸ ਦੇ ਦਿਮਾਗ ਨੂੰ ਪੂਰੀ ਚੜ੍ਹ ਗਈ ਹੈ ਜਿਸ ਕਰਕੇ ਪਿਛਲੇ ਦਿਨੀ ਉਸ ਨੇ ਬੱਬੂ ਮਾਨ ਸਮੇਤ ਆਪਣੇ ਤੋਂ ਹੋਰ ਸੀਨੀਅਰ ਕਲਾਕਾਰਾਂ ਨੂੰ ਵੀ ਬੁੱਢੇ ਤੇ ਸਮਾਂ ਵਿਹਾਅ ਚੁੱਕੇ ਕਲਾਕਾਰ ਕਹਿ ਦਿੱਤਾ, ਜਿਸ ਕਰਕੇ ਦੋਹਾਂ ਕਲਾਕਾਰਾਂ ਦੇ ਪਰਸੰਸ਼ਕਾਂ ਵਿਚਕਾਰ ਪਿਛਲੇ ਕਈ ਦਿਨਾ ਤੋ ਸ਼ੋਸ਼ਲ ਮੀਡੀਏ ਉਤੇ ਵੱਡੀ ਚਰਚਾ ਛਿੜੀ ਹੋਈ ਹੈ ਜਿਸ ਕਾਰਨ ਇਕ ਦੂਜੇ ਨੂੰ ਗਾਲੀ ਗਲੋਚ ਦਾ ਸਿਲਸਿਲਾ ਵੀ ਜੋਰਾਂ ‘ਤੇ ਚੱਲ ਰਿਹਾ ਹੈ ਜੋ ਕਿ ਬਹੁਤ ਮਾੜੀ ਗੱਲ ਹੈ ।
ਇਸ ਦੁਨੀਆ ਚ ਹਰ ਜੀਵ ਵਿਲੱਖਣ ਹੈ, ਜਿਸ ਕਰਕੇ ਇਕ ਦੀ ਦੂਜੇ ਨਾਲ ਤੁਲਨਾ ਕਰਨਾ ਇਕ ਬਿਲਕੁਲ ਨਿਰਮੂਲ ਤੇ ਸਰਾਸਰ ਗਲਤ ਵਰਤਾਰਾ ਹੈ । ਇਸੇ ਤਰਾ ਕਲਾਕਾਰ ਹਨ । ਹਰ ਕਲਾਕਾਰ ਦਾ ਆਪਣੀ ਕਲਾ ਦੀ ਪੇਸ਼ਕਾਰੀ ਦਾ ਆਪਣੇ ਹੀ ਇਕ ਨਿਰਾਲਾ ਢੰਗ ਹੁੰਦਾ ਹੈ, ਪਰ ਜੇਕਰ ਕੋਈ ਕਲਾਕਾਰ ਆਪਣੇ ਆਪ ਨੂੰ ਵਧੀਆ ਦੱਸਕੇ ਦੂਸਰਿਆ ਦੀ ਨਿੰਦਾ ਕਰਦਾ ਹੈ ਤਾਂ ਇਹ ਉਸਦਾ ਇਕ ਮੂਰਖਾਨਾ ਵਰਤਾਰਾ ਹੁੰਦਾ ਹੈ ਤੇ ਜੇਕਰ ਉਸ ਦੇ ਪਰਸੰਸਕ ਵੀ ਅਜਿਹਾ ਕਰਦੇ ਹਨ ਤਾਂ ਉਹਨਾ ਨੂੰ ਪਰਸੰਸਕ ਹੋਣ ਦੀ ਬਜਾਏ ਫਿਰ ਭੇਡਾੰ ਮੰਨਿਆ ਜਾਣਾ ਵਧੇਰੇ ਸਹੀ ਹੈ ।
ਗੀਤ ਲੇਖਕਾਂ ਚ ਮੈ ਨਿੱਜੀ ਤੌਰ ‘ਤੇ ਦੇਬੀ ਮਖਸੂਸ ਪੁਰੀ, ਸ਼ਮਸ਼ੇਰ ਸੰਧੂ, ਬਾਬੂ ਸਿੰਘ ਮਾਨ ਮਰਾੜਾਵਾਲਾ, ਦੇਵ ਥਰੀਕੇ ਵਾਲਾ, ਬੱਬੂ ਮਾਨ, ਸਤਿੰਦਰ ਸਰਤਾਜ, ਰਾਜ ਕਾਕੜਾ, ਮੰਗਲ ਹਠੂਰ, ਸੰਗਤਾਰ ਤੇ ਗੁਰਦਾਸ ਮਾਨ ਨੂੰ ਚੰਗੇ ਲਿਖਾਰੀ ਗਿਣਦਾ ਹਾਂ ਜਦ ਕਿ ਹੁਣਵੇ ਗਾਇਕਾਂ ਚ ਦੇਬੀ, ਬੱਬੂ ਮਾਨ, ਸਤਿੰਦਰ ਸਰਤਾਜ, ਮਨਮੋਹਨ ਵਾਰਿਸ ਭਰਾ, ਹਰਭਜਨ ਮਾਨ ਮੇਰੇ ਪਸੰਦੀਦਾ ਗਾਇਕ ਹਨ । ਤੁਹਾਡੀ ਪਸੰਦ ਇਸ ਤੋ ਅਲੱਗ ਹੋ ਸਕਦੀ ਹੈ ਜੋ ਕਿ ਇਕ ਕੁਦਰਤੀ ਵਰਤਾਰਾ ਹੈ ।
ਜਿਥੋ ਤੱਕ ਬੱਬੂ ਮਾਨ ਦੀ ਗੱਲ ਹੈ ਤਾਂ ਮੈ ਇਹ ਨਿਰਸੰਕੋਚ ਕਹਿ ਸਕਦਾ ਹਾਂ ਕਿ ਭਾਵੇ ਮੈਂ ਉਸ ਦਾ ਫੈਨ ਤਾਂ ਨਹੀ, ਪਰ ਅਜ ਤੱਕ ਉਸ ਦੇ ਬਹੁਤੇ ਗੀਤ ਜੋ ਮੈ ਸੁਣੇ ਹਨ ਉਹਨਾਂ ਵਿਚ ਉਸ ਨੂੰ ਬੋਲੀ, ਸੱਭਿਆਚਾਰ ਤੇ ਵਿਰਸੇ ਨਾਲ ਜੁੜੇ ਕਲਾਕਾਰ ਵਜੋਂ ਹੀ ਪਾਇਆ ਹੈ । ਉਸ ਦੇ ਗੀਤ ਸਿਆਣੀਆ ਮੱਤਾਂ ਵੀ ਹਨ, ਵਿਰਸੇ, ਬੋਲੀ ਤੇ ਸੱਭਿਆਚਾਰ ਦੀ ਤਰਜਮਾਨੀ ਵੀ ਕਰਦੇ ਹਨ । ਲੱਚਰਤਾ ਕਿਧਰੇ ਦੂਰ ਦੂਰ ਤੱਕ ਵੀ ਨਜਰ ਨਹੀ ਆਉਦੀ, ਦੋ ਅਰਥੀ ਕਾਮ ਉਕਸਾਊ ਸ਼ਬਦਾਂ ਦੀ ਉਹ ਵਰਤੋ ਨਹੀਂ ਕਰਦਾ ਤੇ ਬੋਲੀ ਹਮੇਸ਼ਾ ਹਾਥੀ ਲੱਛੇਦਾਰ ਤੇ ਪੂਰੇ ਠੁੱਕ ਵਾਲੀ ਵਰਤਦਾ ਹੈ । ਇਸ ਦੇ ਨਾਲ ਹੀ ਗਾਇਕੀ ਖੇਤਰ ਦੇ ਵੱਡੇ ਛੋਟੇ ਹਰ ਕਲਾਕਾਰ ਦਾ ਦਿਲੋ ਸਤਿਕਾਰ ਕਰਦਾ ਹੈ । ਬੱਬੂ ਨੇ ਹਰ ਵਿਸ਼ੇ ‘ਤੇ ਲਿਖਿਆ ਤੇ ਗਾਇਆ ਹੈ । ਉਸ ਨੇ ਹਮੇਸ਼ਾ ਲੋਕ ਹਿਤਾ ਦੀ ਗੱਲ ਕੀਤੀ ਹੈ :
⁃ ਬੱਤੀ ਲਾਲ ਜਦੋਂ ਲੰਘੇ, ਸਾਡੇ ਮਾਰਦੀ ਹੈ ਡੰਡੇ ।
⁃ ਕਰਜੇ ਦੀ ਮਾਰ, ਲੋਟੂ ਸਰਕਾਰ
⁃ ਰਾਜ ਮਹਾਂ ਦੇ ਬਾਗ ਦਿਖਾਵਾਂ, ਰੁਖਾਂ ਨੁੰ ਲੱਗਣ ਮਖਾਣੇ, ਆ ਜਾ ਇਸ਼ਕ ਪੁਰੇ ਚ ਬਹਿਕੇ, ਸੁਣੀਏ ਸਦੀਕ ਦੇ ਗਾਣੇ ।
⁃ ਇਕ ਬਾਬਾ ਨਾਨਕ ਸੀ, ਦਿਸ ਨੇ ਤੁਰਕੇ ਦੁਨੀਆ ਗਾਹ ਤੀ, ਅਜ ਕਲ੍ਹ ਦੇ ਬਾਬੇ ਨੇ ਬੱਤੀ ਲਾਲ ਗੱਡੀ ‘ਤੇ ਲਾ ਤੀ
⁃ ਥੱਪੜ ਮਾਰਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ ।
ਸੋ ਇਹ ਤਾਂ ਕੁਜ ਕੁ ਉਦਾਹਰਣਾ ਹਨ ਜੋ ਉਸ ਦੀ ਕਲਮ ਦਾ ਕਮਾਲ ਪੇਸ਼ ਕਰਦੀਆ ਹਨ, ਪਰ ਹੁਣ ਪਰਸੋ ਤੋ ਉਸ ਦਾ “ਅੜਬ” ਸਿਰਲੇਖ ਹੇਠ ਗੀਤ ਇਕ ਰਿਲੀਜ ਹੋਇਆ ਹੈ, ਉਸ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ । ਦਸ ਮਿੰਟ ਲੰਮਾ ਇਹ ਗੀਤ ਸ਼ੋਸ਼ਲ ਮੀਡੀਏ ‘ਤੇ ਧੜੱਲੇ ਨਾਲ ਚੱਲ ਰਿਹਾ ਹੈ । ਤਿੰਨਾਂ ਕੁ ਦਿਨਾ ਵਿਚ ਕਈ ਮਿਲੀਅਨ ਹਿੱਟ ਲੈ ਚੁੱਕਾ ਹੈ ਤੇ ਆਉਣ ਵਾਲੇ ਇਕ ਦੋ ਦਿਨਾਂ ਚ ਇਹ ਗੀਤ ਪੰਜਾਬੀ ਦਾ ਹੁਣ ਤੱਕ ਦਾ ਸਭ ਤੋ ਮਸਹੂਰ ਗੀਤ ਬਣ ਜਾਣ ਦੀ ਪੂਰੀ ਸੰਭਾਵਨਾ ਹੈ।
ਸਾਡਾ ਸਭਨਾ ਦਾ ਫਰਜ ਬਣ ਜਾਂਦਾ ਹੈ ਕਿ ਇਸ ਤਰਾਂ ਦੇ ਸਾਫ ਸੁਥਰੇ ਤੇ ਵਿਰਸੇ ਨਾਲ ਜੁੜੇ ਗਾਇਕ ਨੂੰ ਭਰਵਾ ਹੁੰਗਾਰਾ ਭਰੀਏ ਤਾਂ ਕਿ ਆਪਣੇ ਸਮਾਜ ਵਿਚੋ ਜਿਥੇ ਅਸੱਭਿਅਕ ਗਾਇਕੀ ਦਾ ਲੱਕ ਤੋੜਿਆ ਜਾ ਸਕੇ ਉਸ ਦੇ ਨਾਲ ਹੀ ਕੱਚ ਘਰੜ ਗਾਇਕਾਂ ਦਾ ਵੀ ਸਫਾਇਆ ਕੀਤਾ ਜਾ ਸਕੇ ਤਾਂ ਕਿ ਬੋਲੀ, ਸੱਭਿਆਚਾਰ ਤੇ ਵਿਰਸੇ ਦੀ ਰਾਖੀ ਕੀਤੀ ਜਾ ਸਕੇ ।
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)
24/08/2020
ਭਾਗ – 2
ਥੱਪੜ ਮਾਰਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ
ਬੇਨਤੀ : ਇਸ ਲੇਖ ਨੂੰ ਇਸਦੇ ਪਹਿਲੇ ਭਾਗ ਨਾਲ ਜੋੜਕੇ ਪੜਿਆ ਜਾਵੇ ਜੀ।
ਕੁੱਜ ਦਿਨ ਪਹਿਲਾਂ ਉਕਤ ਸਿਰਲੇਖ ਤਹਿਤ ਪੰਜਾਬੀ ਗਾਇਕ ਬਬੂ ਮਾਨ ਦੇ ਨਵੇਂ ਗੀਤ ਬਾਰੇ ਗੱਲ ਕੀਤੀ ਸੀ ਜਿਸ ਦਾ ਇੱਕੋ ਇਕ ਮਕਸਦ ਇਹ ਸੀ ਕਿ ਪੰਜਾਬੀ ਗਾਇਕੀ ਚ ਪਿਛਲੇ ਸਮੇਂ ਤੋਂ ਆ ਰਹੇ ਨਿਘਾਰ ਨੂੰ ਠੱਲ੍ਹ ਪਾਉੰਣ ਵਾਸਤੇ, ਉਹਨਾਂ ਗਾਇਕਾਂ ਤੇ ਗੀਤ ਲੇਖਕਾਂ ਦੀ ਹੌਂਸਲਾ ਅਫਜਾਈ ਕੀਤੀ ਜਾਵੇ, ਜੋ ਸਮਾਜਕ , ਸੱਭਿਆਚਾਰਕ ਤੇ ਵਿਰਸਾਗਤ ਕਦਰਾਂ ਕੀਮਤਾਂ ਨਾਲ ਜੁੜਕੇ, ਨਵੀਆ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਵਾਸਤੇ ਆਪਣੀ ਕਲਾ ਦੀ ਪੇਸ਼ਕਾਰੀ ਕਰਕੇ ਆਪਣਾ ਬਣਦਾ ਫਰਜ ਅਦਾ ਕਰ ਰਹੇ ਹਨ ।
ਗਾਇਕੀ ਨਿਰਾ ਮਨੋਰੰਜਨ ਜਾਂ ਸੁਆਦ ਆਨੰਦ ਹੀ ਨਹੀਂ ਹੁੰਦੀ ਬਲਕਿ ਇਸ ਦੇ ਨਾਲ ਇਸ ਦਾ ਮਕਸਦ ਸੰਬੰਧਿਤ ਸਮਾਜ ਨੂੰ ਇਕ ਸਾਰਥਿਕ ਸੁਨੇਹਾ ਦੇਣਾ ਵੀ ਹੁੰਦਾ ਹੈ ਤੇ ਜੇਕਰ ਉਹ ਸੁਨੇਹਾ ਪ੍ਰਭਾਵਸ਼ਾਲੀ ਢੰਗ ਨਾਲ ਦਿੱਤਾ ਜਾਵੇ ਤੇ ਸੁਨੇਹਾ ਲੋਕਾਂ ਦੇ ਦਿਲੋਂ ਦਿਮਾਗ ‘ਤੇ ਛਾ ਜਾਵੇ ਤਾਂ ਜਿੱਥੇ ਕਲਾਕਾਰ ਨੂੰ ਜੱਸ ਕੀਰਤੀ ਦੀ ਪ੍ਰਾਪਤੀ ਹੁੰਦੀ ਹੈ, ਉੱਥੇ ਸਮਾਜ ਦਾ ਵੀ ਬਹੁਤ ਕੁੱਜ ਸਵਰ ਜਾਂਦਾ ਹੈ ।
ਮੇਰਾ ਮਕਸਦ ਇੱਥੇ ਬੱਬੂ ਮਾਨ ਦੀਆ ਤਾਰੀਫ਼ਾਂ ਦੇ ਪੁਲ ਬੰਨ੍ਹਣਾ ਨਹੀਂ, ਪਰ ਸੱਚਾਈ ਤੋਂ ਮੁਨਕਰ ਵੀ ਤਾਂ ਨਹੀ ਹੋਇਆ ਜਾ ਸਕਦਾ । ਬੱਬੂ ਮਾਨ ਨੇ ਪਿਛਲੇ ਪੰਛੀ ਤੀਹ ਸਾਲ ਦੇ ਅਰਸੇ ਚ ਹਰ ਵਿਸ਼ੇ ‘ਤੇ ਲਿਖਿਆ ਤੇ ਗਾਇਆ ਹੈ , ਉਸ ਦੇ ਕੁੱਜ ਗੀਤ ਲੱਚਰ ਕਿਸਮ ਦੇ ਵੀ ਹੋਣਗੇ ਜਾਂ ਇਸ ਤਰਾਂ ਦੇ ਵੀ ਹੋਣਗੇ ਜੋ ਸਾਡੇ ਵਿੱਚੋਂ ਕਈਆ ਦੀ ਸੋਚ ਨਾਲ ਮੇਚਵੇਂ ਨਹੀਂ ਹੋਣਗੇ , ਪਰ ਇਹ ਇਕ ਉਵੇਂ ਹੀ ਆਲੱਗ ਵਿਸ਼ਾ ਹੈ ਜਿਵੇਂ ਕਿਸੇ ਨੂੰ ਮਾਂਹ ਮੁਆਫਕ ਤੇ ਕਿਸੇ ਨੂੰ ਮਾਂਹ ਬਾਦੀ ਹੁੰਦੇ ਹਨ । ਦੂਜੇ ਸ਼ਬਦਾਂ ਚ ਇਹ ਕਿ ਸੋਚ ਤੇ ਪਸੰਦ ਆਪੋ ਆਪਣੀ ।
ਦੂਜੀ ਗੱਲ ਇਹ ਕਿ ਇਸ ਜਗਤ ਵਿੱਚ ਕੋਈ ਵੀ ਸੋਹਲਾਂ ਕਲਾ ਸੰਪੂਰਨ ਹੋਣ ਦਾ ਦਾਅਵਾ ਨਹੀਂ ਠੋਕ ਸਕਦਾ, ਹਰ ਇਨਸਾਨ ਤੋਂ ਗਲਤੀਆਂ ਹੁੰਦੀਆਂ ਹਨ ਕੇ ਇਹ ਕੋਈ ਅਲੋਕਾਰੀ ਵਰਤਾਰਾ ਨਹੀਂ । ਜੇਕਰ ਬੱਬੂ ਮਾਨ ਦੀ ਪਿਛਲੇ ਸਾਲਾਂ ਦੀ ਪੇਸ਼ਕਾਰੀ ਦਾ ਸਮੁੱਚਾ ਮੁਲਾਂਕਣ ਕੀਤਾ ਜਾਵੇ ਤਾਂ ਸਮਾਜਿਕ, ਸੱਭਿਆਚਾਰਕ ਤੇ ਵਿਰਸਾਗਤ ਗਾਇਕੀ ਚ ਉਹ ਸਹਿਜੇ ਹੀ ਮੈਰਿਟ ਚ ਖੜ੍ਹਦਾ ਹੈ ।
ਆਪੋ ਆਪਣੀ ਸੋਚ, ਉਮਰ ਤੇ ਸੁਭਾਅ ਮੁਤਾਬਕ ਕਿਸੇ ਕਲਾਕਾਰ ਦੇ ਫੈਨ ਜਾਂ ਪ੍ਰਸ਼ੰਸਕ ਹੋਣਾ ਕੋਈ ਬੁਰਾ ਨਹੀਂ ਹੁੰਦਾ, ਪਰ ਬੁਰਾ ਹੁੰਦਾ ਹੈ ਜਦੋਂ ਅਸੀਂ ਕਿਸੇ ਦਾ ਪਰਸੰਸ਼ਕ/ਫੈਨ ਬਣਕੇ ਦੂਸਰਿਆਂ ਵਾਸਤੇ ਆਪਣੇ ਮਨ ਵਿੱਚ ਈਰਖਾਲੂ ਰੁਚੀਆ ਪਾਲ ਕੇ ਆਚੇਤ ਜੀਂ ਸੁਚੇਤ ਤੌਰ ‘ਤੇ ਮਾਨਸਿਕ ਰੋਗੀ ਹੋ ਜਾਂਦੇ ਹਾਂ, ਆਪਸ ਵਿੱਚ ਗਾਲੀ ਗਲੋਚ ਕਰਦੇ ਹਾਂ, ਇਕ ਦੂਸਰੇ ਨੂੰ ਭੱਦੀ ਸ਼ਬਦਾਵਲੀ ਬੋਲਦੇ ਹਾਂ, ਮਰਨ ਮਾਰਨ ਦੀਆ ਧਮਕੀਆਂ ਦੇਂਦੇ ਹਾਂ, ਗਰੁੱਪ ਤੇ ਗੈਂਗ ਬਾਜ਼ੀਆਂ ਕਰਨ ਦਾ ਕਮਲ ਕੁੱਟਦੇ ਹੋਏ ਇਹ ਵੀ ਭੁੱਲ ਜਾਂਦੇ ਹਾਂ ਕਿ ਕਲਾ ਮਾਨਣ ਵਾਸਤੇ ਹੁੰਦੀ ਹੈ, ਨਾ ਕਿ ਲੜਨ ਮਰਨ ਤੇ ਵੈਰ ਪਾਉਣ ਵਾਸਤੇ।
ਸਾਡੇ ਕਲਾਕਾਰ, ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ, ਜੋ ਚੰਗੀ ਪੇਸ਼ਕਾਰੀ ਕਰਦੇ ਹਨ, ਉਹਨਾ ਦੀ ਕਲਾ ਨੂੰ ਰੱਜਕੇ ਮਾਣੋ ਤੇ ਦਿਲ ਖੋਹਲਕੇ ਦਾਦ ਦਿਓ ਤਾਂ ਕਿ ਅਗਲੀ ਵਾਰ ਉਹ ਕੁੱਜ ਹੋਰ ਅਨੋਖਾ ਤੇ ਵਧੀਆ ਲੈ ਕੇ ਆਉਣ ।
ਪਿਛਲੇ ਲੇਖ ਚ ਸਿੱਧੂ ਮੂਸੇਵਾਲੇ ਬਾਰੇ ਵੀ ਗੱਲ ਕੀਤੀ ਸੀ । ਬੇਸ਼ੱਕ ਉਹ ਵੀ ਬਹੁਤ ਚੰਗਾ ਗਾਉਂਦਾ ਹੈ ਤੇ ਉਸ ਦੇ ਪਰਸੰਸਕਾ ਦਾ ਘੇਰਾ ਵੀ ਬੜਾ ਵਿਸ਼ਾਲ ਹੈ, ਪਰ ਉਹ ਅਜੇ ਉਮਰ ਦੇ ਉਸ ਪੜਾਅ ਚ ਹੈ, ਜਿਸ ਵਿੱਚ ਮਨੁੱਖੀ ਬਿਰਤੀ ਥੋੜ੍ਹੀ ਜਿਹੀ ਸ਼ੋਹਰਤ ਨਾਲ ਫੁਕਰੇਪਨ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਬੋਲਣ ਵੇਲੇ ਬਿਨਾਂ ਸੋਚਿਆ, ਵੱਡਾ ਛੋਟਾ ਦੇਖਿਆਂ, ਬਿਨਾ ਮਤਲਬ ਬੋਲ ਕੇ ਖਾਹਮੁਖਾਹ ਆਪੇ ਹੀ ਆਪਣੇ ਵਾਸਤੇ ਮੁਸੀਬਤ ਸਹੇੜ ਜਾਂਦੀ ਹੈ । ਸਿੱਧੂ ਨੂੰ ਆਲਤੂ ਫਾਲਤੂ ਦੀ ਬਿਆਨਬਾਜੀ ਕਰਨ ਦੀ ਬਜਾਏ ਆਪਣੇ ਕਿੱਤੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਸਫਲਤਾ ਦੇ ਮੁਕਾਮ ਤੇ ਪਹੰਚਣਾ ਤੇ ਟਿਕੇ ਰਹਿਣਾ ਦੋਵੇਂ ਗੱਲਾਂ ਅਲੱਗ ਅਲੱਗ ਹਨ । ਜੋ ਕਲਾਕਾਰ ਇਕ ਵਾਰ ਸਫਲਤਾ ਦੇ ਮੁਕਾਮ ‘ਤੇ ਪਹੁੰਚ ਜਾਂਦਾ ਹੈ, ਉਸ ਪ੍ਰਤੀ ਲੋਕਾਂ ਦੀਆਂ ਸੰਭਾਵਨਾਵਾਂ ਹੋਰ ਵੱਧ ਜਾਂਦੀਆਂ ਹਨ, ਤੇ ਫਿਰ ਜਿਹਨਾਂ ‘ਤੇ ਖਰਾ ਉਤਰਨ ਵਾਸਤੇ ਕਲਾਕਾਰ ਨੂੰ ਹੋਰ ਵਧੇਰੇ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਮੁਕਾਮ ‘ਤੇ ਇਕ ਛੋਟੀ ਜਿਹੀ ਭੁੱਲ ਵੀ ਪੱਤਨ ਦਾ ਕਾਰਨ ਪਣ ਸਕਦੀ ਹੈ, ਪੰਜਾਬੀ ਦੇ ਨਾਮਵਰ ਗਾਇਕ ਗੁਰਦਾਸ ਮਾਨ ਦੀ ਉਦਾਹਰਣ ਪੇਸ਼ ਕੀਤੀ ਜਾ ਸਕਦੀ ਹੈ । ਸੋ ਨਿਮਰਤਾ, ਸਲੀਕਾ ਤੇ ਤਹਿਜ਼ੀਬ ਵਾਲੀ ਬੋਲਬਾਣੀ ਦੇ ਨਾਲ ਸਖ਼ਤ ਮਿਹਨਤ ਬੁਲੰਦੀ ‘ਤੇ ਬਣੇ ਰਹਿਣ ਵਾਸਤੇ ਜ਼ਰੂਰੀ ਹੁੰਦੀ ਹੈ ਤੇ ਇਹਨਾਂ ਦਾ ਲੜ ਘੁੱਟਕੇ ਫੜਨ ਦੇ ਨਾਲ ਨਾਲ ਹੰਕਾਰ ਦਾ ਤਿਆਗ ਕਰਕੇ ਸਹਿਜ ਭਾਵੀ ਬਿਰਤੀ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਇਹ ਉਕਤ ਸਾਰੀਆਂ ਗੱਲਾਂ ਮੂਸੇਵਾਲੇ ਨੂੰ ਭਵਿੱਖ ਚ ਸਮਝਣੀਆਂ ਤੇ ਅਪਣਾਉਣੀਆਂ ਪੈਣਗੀਆਂ ਜੇਕਰ ਉਸ ਨੇ ਆਪਣਾ ਭਵਿੱਖ ਸੁਨਹਿਰਾ ਬਣਾਈ ਰੱਖਣਾ ਹੈ ਤਾਂ, ਨਹੀਂ ਇਕ ਵਾਰ ਆਤਿਸ਼ਬਾਜੀ ਵਾਂਗ ਅਸਮਾਨੇ ਚੜਕੇ ਪਟਾਕਾ ਵੱਜਕੇ ਮੂਹਦੇ ਮੂੰਹ ਧਰਤੀ ‘ਤੇ ਆ ਡਿਗਣ ਵਾਲੀ ਗੱਲ ਕਦੇ ਵੀ ਹੋ ਸਕਦੀ ਹੈ ।
ਬਹੁਤੇ ਲੋਕ ਸ਼ੋਸ਼ਲ ਮੀਡੀਏ ‘ਤੇ ਮਿਲੇ ਹੁੰਗਾਰੇ ਨੂੰ ਹੀ ਕਿਸੇ ਕਲਾਕਾਰ ਦੀ ਸਫਲਤਾ ਅਸਫਲਤਾ ਦਾ ਪੈਮਾਨਾ ਮੰਨ ਲੈਂਦੇ ਜਦ ਕਿ ਇਸ ਤਰਾਂ ਮੰਨਣਾ ਵੀ ਸਹੀ ਨਹੀਂ ਕਿਉਂਕਿ ਇਸ ਮੀਡੀਏ ਉੱਤੇ ਵੀ ਵੱਡੇ ਪੱਧਰ ‘ਤੇ ਹੇਰਾ-ਫੇਰੀ ਦੀਆ ਸੰਭਾਵਨਾਵਾਂ ਹਨ, ਇਸ ਮੀਡੀਏ ਉਤੇ ਲ਼ਾਇਕਾਂ ਤੇ ਡਿਸ਼ਲਾਇਕਾਂ ਦਾ ਬਜ਼ਾਰ ਗਰਮ ਹੈ । ਇਹਨਾਂ ਦੀ ਖਰੀਦ ਵੇਚ ਦੇ ਬਹੁਤ ਸਾਰੇ ਕਿੱਸੇ ਕਈ ਕਲਾਕਾਰਾਂ ਦੀ ਆਪਣੀ ਜ਼ੁਬਾਨੀ ਅੱਜ-ਕੱਲ੍ਹ ਸੁਣਨ ਨੂੰ ਆਮ ਹੀ ਮਿਲ ਰਹੇ ਹਨ ।
ਇਸ ਚਰਚਾ ਦੇ ਪਹਿਲੇ ਭਾਗ ‘ਤੇ ਜਿਹਨਾ ਪਿਆਰਿਆਂ ਨੇ ਟਿੱਪਣੀਆਂ ਰਾਹੀਂ ਆਪਣੇ ਬਹੁਮੁੱਲੇ ਵਿਚਾਰ ਪ੍ਰਗਟ ਕਰਕੇ ਚਰਚਾ ਨੂੰ ਅੱਗੇ ਤੋਰਿਆ , ਉਹਨਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਇਕ ਗੱਲ ਫੇਰ ਕਹਿਣਾ ਚਾਹਾਂਗਾ ਕਿ ਇਸ ਵੇਲੇ ਗੱਲ ਸਹੇ ਦੀ ਨਹੀਂ ਸਗੋਂ ਪਹੇ ਦੀ ਹੈ । ਸ਼ਾਇਦ ਤੁਹਾਨੂੰ ਬਹੁਤਿਆਂ ਨੂੰ ਲੱਗਿਆ ਹੋਵੇ ਕਿ ਮੈਂ ਪਿਛਲੇ ਭਾਗ ਵਿੱਚ ਇਕ ਪਾਸੜ ਲਿਖਿਆ ਹੈ ਤੇ ਅਜਿਹਾ ਹੋਵੇਗਾ ਵੀ, ਪਰ ਉਹ ਸਭ ਕੁੱਜ ਮੈਂ ਸੁਚੇਤ ਰੂਪ ਵਿੱਚ ਕੀਤਾ, ਜਿਸ ਦਾ ਮਕਸਦ ਸਿਰਫ ਇਹ ਸੀ ਜੇਕਰ ਕੋਈ ਕਲਾਕਾਰ ਚੰਗੇ ਰਚਨਾਤਮਿਕ ਪਾਸੇ ਵੁਲ ਤੁਰਦਾ ਹੈ ਤਾਂ ਉਸ ਨੂੰ ਸ਼ਾਬਾਸ਼ ਦਿੱਤੀ ਜਾਵੇ ਤੇ ਇਸ ਦੇ ਨਾਲ ਹੀ ਫੇਸ ਬੁੱਕ ਮਿੱਤਰਾਂ ਨੂੰ ਵੀ ਜਗਾਇਆ ਜਾਵੇ ਕਿ ਉਹ ਵੀ ਚਰਚਾ ਵਿੱਚ ਆਪਣੀ ਹਾਜ਼ਰੀ ਲਗਵਾਉਣ ।
ਸਮਝਣ ਵਾਲੀ ਗੱਲ ਇਹ ਹੈ ਕਿ ਪ੍ਰਸੰਸਕ ਜਾਂ ਫੈਨ ਜਿਹਦੇ ਮਰਜ਼ੀ ਬਣੋ ਪਰ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦੀ ਜੁਰੂਅਤ ਜ਼ਰੂਰ ਰੱਖੋ, ਫੈਨ ਬਣਕੇ ਆਪਣੇ ਅੰਦਰ ਈਰਖਾਲੂ ਬਿਰਤੀ ਨਾ ਪਾਲੋ, ਕਲਾ ਦਾ ਆਨੰਦ ਮਾਣੋ, ਉਸ ਅੰਦਰਲੀ ਇਬਾਰਤ ਨੂੰ ਸਮਝੋ ਤੇ ਨਿਰੇ ਸ਼ੋਰ ਸ਼ਰਾਬੇ ਵਾਲੇ ਕੰਨ ਪਾੜਵੇਂ ਡੀ ਜੇ ਟਾਇਪ ਗੀਤ ਸੰਗੀਤ ਤੋਂ ਦੂਰ ਰਹਿਣ ਦੀ ਆਦਤ ਪਾਓ । ਫੈਨ ਹੋਣਾ ਤਾਂ ਹੀ ਚੰਗਾ ਜੇਕਰ ਇਹ ਤੰਗ ਸੋਚ, ਈਰਖਾ ਦੇ ਸਾੜੇ ਤੇ ਮਾਨਸਿਕ ਉਲਾਰਤਾ ਦਾ ਕਾਰਨ ਨਾ ਬਣਕੇ ਸਹਿਜ ਆਨੰਦ ਦੇਵੇ, ਵਰਨਾ ਸ਼ੋਸ਼ਲ ਮੀਡੀਏ ਤੇ ਜੋ ਕੁੱਜ ਅੱਜ-ਕੱਲ੍ਹ ਚੱਲ ਰਿਹਾ ਹੈ ਉਹ ਹਿੱਲੀ ਹੋਈ ਮਾਨਸਿਕਤਾ ਦੀ ਜਿਊਂਦੀ ਜਾਗਦੀ ਮਿਸਾਲ ਸਾਡੇ ਸਭ ਦੇ ਸਾਹਮਣੇ ਹੈ । ਆਖਿਰ ਚ ਇਹੀ ਕਹਾਂਗਾ ਹੈ ਕਿ ਕਲਾ ਦਾ ਕੋਈ ਘੇਰਾ ਨਹੀਂ ਹੁੰਦਾ, ਇਸ ਨੂੰ ਧੜਿਆ ਵਿੱਚ ਨਾ ਵੰਡੋ, ਕਲਾ ਜੋੜਦੀ ਹੈ ਤੋੜਦੀ ਨਹੀਂ, ਕਲਾ ਰੂਹ ਦੀ ਖ਼ੁਰਾਕ ਹੈ, ਇਹ ਆਨੰਦ ਦੇਂਦੀ ਹੈ, ਸੋ ਇਸ ਨੂੰ ਕਦੇ ਵੀ ਨਫਰਤ ਤੇ ਈਰਖਾ ਨਾਲ ਨਾ ਜੋੜੋ ਤੇ ਨਾ ਹੀ ਇਸ ਦੇ ਨਾਮ ‘ਤੇ ਨਫ਼ਰਤਾਂ ਫੈਲਾਓ । ਗਾਇਕ, ਲਿਖਾਰੀ ਤੇ ਬੁੱਧੀਜੀਵੀ ਆਪਣੀ ਕੌਮ ਦਾ ਸਰਮਾਇਆ ਹਨ, ਜੋ ਸਮਾਜ ਨੂੰ ਚੰਗੀ ਸੇਧ ਦੇਂਦੇ ਹਨ, ਉਹਨਾਂ ਦਾ ਦਿਲ ਖੋਹਲਕੇ ਸਤਿਕਾਰ ਕਰੋ ਤੇ ਦੋ ਸਮਾਜ ਵਿੱਚ ਗੰਦ ਪਾਉਂਦੇ ਹਨ ਉਹਨਾਂ ਦਾ ਡਟਕੇ ਤਿਰਸਕਾਰ ਕਰੋ ।
ਆਖਿਰ ਚ ਇਕ ਵਾਰ ਫਿਰ ਕਹਾਂਗਾ ਕਿ “ਅੜਬ ਪੰਜਾਬੀ” ਗੀਤ ਬੱਬੂ ਮਾਨ ਦੀ ਇਕ ਆਹਲਾ ਦਰਜੇ ਦੀ ਉਹ ਪੇਸ਼ਕਾਰੀ ਹੈ ਜਿਸ ਨੂੰ ਲੋਕ ਲੰਮਾ ਸਮਾਂ ਯਾਦ ਰੱਖਣਗੇ । ਇਸ ਵਾਸਤੇ ਉਹ ਵੱਡੀ ਵਧਾਈ ਦਾ ਪਾਤਰ ਹੈ ।
ਧੰਨਵਾਦ
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)
27/08/2020