ਕੋਲਕਾਤਾ (ਸਮਾਜ ਵੀਕਲੀ) : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਮੁੜ ਵਾਪਸੀ ਦੀ ਭਰੋਸਾ ਜਤਾਉਂਦਿਆਂ ਅੱਜ ਕਿਹਾ ਕਿ ਸੂਬੇ ਦੇ ਲੋਕ ਆਪਣੀ ਅਸਲੀ ਨੇਤਾ ਨੂੰ ਸੱਤਾ ’ਚ ਵਾਪਸ ਲਿਆਉਣ ਦਾ ਮਨ ਬਣਾ ਚੁੱਕੇ ਹਨ। ਕਿਸ਼ੋਰ, ਜਿਸ ਦੀ ਟੀਮ ਆਈ-ਪੀਏਸੀ ਤ੍ਰਿਣਮੂਲ ਕਾਂਗਰਸ ਲਈ ਚੋਣ ਮੁਹਿੰਮ ਦੀ ਯੋਜਨਾ ਬਣਾ ਰਹੀ ਹੈ, ਨੇ ਸੱਜਰੇ ਟਵੀਟ ’ਚ ਕਿਹਾ ਕਿ ਦੇਸ਼ ’ਚ ਜਮਹੂਰੀਅਤ ਲਈ ਇੱਕ ਮੁੱਖ ਲੜਾਈ ਪੱਛਮੀ ਬੰਗਾਲ ’ਚ ਲੜੀ ਜਾਵੇਗੀ। ਉਨ੍ਹਾਂ ਕਿਹਾ ਸੂਬੇ ਦੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਵਾਪਸ ਸੱਤਾ ਵਿੱਚ ਆਵੇ ਅਤੇ ਦੋ ਮਈ ਨੂੰ ਨਤੀਜਿਆਂ ਦੇ ਐਲਾਨ ਨਾਲ ਲੋਕ ਇਸ ਟਵੀਟ ਨੂੰ ਦੁਬਾਰਾ ਕੱਢ ਕੇ ਦੇਖ ਸਕਦੇ ਹਨ। ਭਾਜਪਾ ਨੇ ਕਿਹਾ ਕਿ ਪ੍ਰਸ਼ਾਂਤ ਨੂੰ ਬੰਗਾਲ ਦੀ ਜ਼ਮੀਨੀ ਸਚਾਈ ਦਾ ਪਤਾ ਨਹੀਂ ਹੈ।