ਕੋਲਕਾਤਾ (ਸਮਾਜ ਵੀਕਲੀ) : ਤ੍ਰਿਣਮੂਲ ਕਾਂਗਰਸ ਨੇ ਅੱਜ ਕਿਹਾ ਕਿ ਚੋਣ ਕਮਿਸ਼ਨ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ‘ਹਮਲਾ’ ਕਰਨ ਵਾਲਿਆਂ ਦੀ ਸ਼ਨਾਖ਼ਤ ਕਰਨੀ ਚਾਹੀਦੀ ਹੈ। ਨੰਦੀਗ੍ਰਾਮ ਵਿਚ 10 ਮਾਰਚ ਨੂੰ ਬੈਨਰਜੀ ’ਤੇ ਹੋਏ ਹਮਲੇ ਦੇ ਮਾਮਲੇ ’ਤੇ ਟੀਐਮਸੀ ਸਕੱਤਰ ਜਨਰਲ ਪਾਰਥਾ ਚੈਟਰਜੀ ਨੇ ਕਿਹਾ ਕਿ ‘ਹਮਲਾ’ ਉਨ੍ਹਾਂ ਵੱਲੋਂ ਕੀਤਾ ਗਿਆ ਹੈ ਜੋ ‘ਮਮਤਾ ਬੈਨਰਜੀ ਦੀ ਪ੍ਰਸਿੱਧੀ ਤੋਂ ਭੈਅ ਖਾਂਦੇ ਹਨ।’
ਟੀਐਮਸੀ (ਤ੍ਰਿਣਮੂਲ ਕਾਂਗਰਸ) ਦੇ ਵਫ਼ਦ ਨੇ ਅੱਜ ਚੋਣ ਕਮਿਸ਼ਨ ਨਾਲ ਮੁਲਾਕਾਤ ਵੀ ਕੀਤੀ ਤੇ ਕਥਿਤ ਹਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਪਾਰਟੀ ਨੇ ਨਾਲ ਹੀ ਦਾਅਵਾ ਕੀਤਾ ਕਿ ਇਹ ‘ਮੰਦਭਾਗੀ ਘਟਨਾ’ ਨਹੀਂ ਬਲਕਿ ‘ਸਾਜ਼ਿਸ਼’ ਸੀ। ਛੇ ਮੈਂਬਰੀ ਵਫ਼ਦ ਨੇ ਚੋਣ ਕਮਿਸ਼ਨ ਦੀ ਪੂਰੀ ਟੀਮ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਤੇ ਹੋਰ ਅਧਿਕਾਰੀ ਹਾਜ਼ਰ ਸਨ। ਇਕ ਘੰਟਾ ਚੱਲੀ ਬੈਠਕ ਦੌਰਾਨ ਪਾਰਟੀ ਨੇ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿਚ ਟੀਐਮਸੀ ਨੇ ਕਿਹਾ ਹੈ ਕਿ ਭਾਜਪਾ ਆਗੂ ਪੱਛਮੀ ਬੰਗਾਲ ਵਿਚ ਮੁੱਖ ਮੰਤਰੀ ਨੂੰ ਟਵੀਟਾਂ ਤੇ ਹੋਰ ਟਿੱਪਣੀਆਂ ਰਾਹੀਂ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਬੇਸ਼ੱਕ ਮਮਤਾ ਦੀ ਜਾਨ ਲਈ ਖ਼ਤਰਾ ਬਣ ਰਹੀ ਹੈ।
ਟੀਐਮਸੀ ਸੰਸਦ ਮੈਂਬਰ ਸੌਗਾਤਾ ਰੌਏ ਨੇ ਚੋਣ ਕਮਿਸ਼ਨ ਨਾਲ ਬੈਠਕ ਤੋਂ ਬਾਅਦ ਦੱਸਿਆ ਕਿ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਵੀ ਸ਼ਿਕਾਇਤ ਦਿੱਤੀ ਗਈ ਹੈ। ਅਧਿਕਾਰੀ ਨੰਦੀਗ੍ਰਾਮ ਤੋਂ ਭਾਜਪਾ ਉਮੀਦਵਾਰ ਹਨ। ਤ੍ਰਿਣਮੂਲ ਆਗੂਆਂ ਮੁਤਾਬਕ ‘ਬੈਨਰਜੀ ਉਤੇ ਹਮਲੇ ’ਤੇ ਪਰਦਾ ਪਾਉਣ ਲਈ ਮੌਕੇ ਦੇ ਗਵਾਹ ਤਿਆਰ ਕੀਤੇ ਗਏ, ਦੋ ਗਵਾਹ ਚਿਤਰੰਜਨ ਦਾਸ ਤੇ ਦੇਬਬ੍ਰਤਾ ਦਾਸ, ਜਿਨ੍ਹਾਂ ਗਵਾਹੀ ਦਿੱਤੀ ਹੈ ਕਿ ਮਮਤਾ ਦੀ ਕਾਰ ਲੋਹੇ ਦੇ ਖੰਭੇ ਵਿਚ ਵੱਜੀ ਸੀ, ਸ਼ੁਵੇਂਦੂ ਅਧਿਕਾਰੀ ਦੇ ਸਹਿਯੋਗੀ ਹਨ।’ ਟੀਐਮਸੀ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਉਤੇ ਵੀ ਦੋਸ਼ ਲਾਏ ਗਏ ਹਨ।
ਟੀਐਮਸੀ ਆਗੂ ਪਾਰਥਾ ਚੈਟਰਜੀ ਨੇ ਕਿਹਾ ਕਿ ‘ਪਾਰਟੀ ਨੇ ਰਾਜ ਵਿਚ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਤੇ ਨਿਰਪੱਖ ਪਹੁੰਚ ਬਾਰੇ ਵੀ ਸਵਾਲ ਉਠਾਏ ਹਨ। ਕਮਿਸ਼ਨ ਨੇ ਸੂਬਾ ਪੁਲੀਸ ਦੇ ਡੀਜੀਪੀ ਤੇ ਏਡੀਜੀ ਨੂੰ ਬਦਲ ਦਿੱਤਾ ਹੈ। ਪਰ ਮਮਤਾ ਬੈਨਰਜੀ ਵਰਗੀ ਹਸਤੀ ਦੀ ਸੁਰੱਖਿਆ ਵਿਚਲੀਆਂ ਖਾਮੀਆਂ ਨੂੰ ਪੂਰਨ ਬਾਰੇ ਕੀ ਕੀਤਾ ਜਾਵੇਗਾ?’ ਟੀਐਮਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ‘ਦੇਸ਼ ਦੀ ਇਕੋ-ਇਕ ਮਹਿਲਾ ਮੁੱਖ ਮੰਤਰੀ ਦਾ ਸੱਟ ਲੱਗਣ ਤੋਂ ਬਾਅਦ ਹਾਲ ਤੱਕ ਨਹੀਂ ਪੁੱਛਿਆ।’