ਤ੍ਰਾਸਦੀ (ਪਰ ਆਪ ਸਹੇੜੀ)

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

     (1)
ਸੱਠ ਵਿੱਘੇ ਦੇ ਮਾਲਕ ਦੇ ਕੋਲ਼ ਪੰਜ ਹੋ ਗਏ ਮੁੰਡੇ।
ਬਾਰਾਂ ਬਾਰਾਂ ਵੰਡਣੇ ਪੈ ਗਏ ਸਭ ਨੂੰ ਵਾਂਗ ਮਰੂੰਡੇ।
ਤੀਜੀ ਪੀੜ੍ਹੀ ਕਾਕਿਆਂ ਦੇ ਘਰ ਪੋਤੇ ਦੋ ਦੋ ਆਏ।
ਤੁਰੀ ਵਸੀਅਤ ਅੱਗੇ ਸਭਦੇ ਪੱਲੇ ਛੇ ਛੇ ਪਾਏ।
ਛੇ ਤੇ ਸੱਠ ਦਾ ਫ਼ਰਕ ਨੇ ਕਿੱਡੇ ਵਿੱਚ ਸਾਲਾਂ ਦੇ ਪੈ ਗਏ।
ਵੇਖੋ ਤਾਂ ਸਹੀ ਦਾਦਾ ਕੀ ਤੇ ਪੋਤੇ ਕਿੱਥੇ ਰਹਿ ਗਏ।
                             (2)
ਕਰੀਏ ਫੇਰ ਧਿਆਨ ਜਰਾ ਕੁ ਪਹਿਲੀ ਪੀੜ੍ਹੀ ਵੱਲੇ।
ਨੇਕ ਸਲਾਹ ਕੋਈ ਸੱਜਣ ਜੇ ਪਾ ਦਿੰਦਾ ਉਹਨਾਂ ਪੱਲੇ।
ਜੇ ਕਿਧਰੇ ਉਹ ਪੰਜ ਹੀ ਰੱਖਦੇ ਨਾਲ਼ ਪੜ੍ਹਾਈ ਜਾਰੀ।
ਗਿਣਤੀ ਪੱਖੋਂ ਔਖੀ ਨਹੀਂ ਸੀ ਕਾਇਮ ਰਹਿੰਦੀ ਜ਼ਿਮੀਦਾਰੀ।
ਨਾਲ਼ ਨਾਲ਼ ਖੇਤੀ ਦੇ ਕਰਦੇ ਨੌਕਰੀ ਜਾਂ ਵਪਾਰ।
ਜਮ੍ਹਾਂ ਪੂੰਜੀ ਸੀ ਚੋਖੀ ਹੋਣੀ ਸੌਖਾ ਸਮਾਂ ਗੁਜ਼ਾਰ।
ਸਭ ਕੁਝ ਕਰਨਾ ਪੰਜ ਗੁਣਾ ਜੇ ਰੱਖਦੇ ਨੇਕ ਇਰਾਦੇ।
ਪੋਤੇ ਅੱਜ ਬਰਾਬਰ ਹੁੰਦੇ ਵਾਂਗ ਜੀ ਆਪਣੇ ਦਾਦੇ।
                            (3)
ਬੇਸ਼ੱਕ ਪਿੰਡ ਘੜਾਮੇਂ ਰੋਮੀ ਰਮਜ਼ ਡੂੰਘੀ ਲਈ ਛੇੜ।
ਪਰ ਹਾਲੇ ਵੀ ਸਾਂਭੇ ਜਾਣੇ ਬੇਸ਼ੱਕ ‘ਡੁੱਲ੍ਹ ਗਏ ਬੇਰ’।
ਬੀਤ ਗਏ ‘ਤੇ ਝੂਰਨ ਨਾਲੋਂ ਬਿਹਤਰ ਸਬਕ ਹੈ ਪੜ੍ਹਨਾ।
ਹੁਣ ਹੱਥ-ਵੱਸ ਸਭ ਪੋਤਿਆਂ ਦੇ ਕਿ ਕੀ ਅੱਗੇ ਹੈ ਕਰਨਾ ?
ਬਾਕੀ ਸਭ ਕੰਮ ਦੂਜੇ ‘ਤੇ ਪਰ ਪਹਿਲਾ ਨੰਬਰ ਪੜ੍ਹਾਈ।
‘ਬੂੰਦ ਬੂੰਦ ਨਾਲ ਕਰਨੀ ਪੈਣੀ ਸਾਗਰ ਦੀ ਭਰਪਾਈ’।
ਨੌਕਰੀ ਅਤੇ ਸਹਾਇਕ ਧੰਦਾ ਨਾਲ਼ ਨਾਲ਼ ਹੀ ਖੇਤੀ।
ਕੀਹਦੀ ਫੇਰ ਮੰਜ਼ਾਲ ਹੋਣ ਨਾ ਦੇਵੇ ‘ਬੱਤੀਉਂ ਤੇਤੀ।
                         ਰੋਮੀ ਘੜਾਮੇਂ ਵਾਲ਼ਾ।
                         98552-81105
Previous articleਸੁਭ-ਅਸੁੱਭ
Next articleਕਿਸਾਨ ਇਨਸਾਨ